For the best experience, open
https://m.punjabitribuneonline.com
on your mobile browser.
Advertisement

ਖ਼ੌਫ਼ ਦੇ ਮਾਹੌਲ ਵਿਚ ਸੁੰਗੜਦੀ ਅਕਾਦਮਿਕ ਆਜ਼ਾਦੀ

04:25 AM Jun 04, 2025 IST
ਖ਼ੌਫ਼ ਦੇ ਮਾਹੌਲ ਵਿਚ ਸੁੰਗੜਦੀ ਅਕਾਦਮਿਕ ਆਜ਼ਾਦੀ
Advertisement

ਅਵਿਜੀਤ ਪਾਠਕ

Advertisement

ਅੱਜ ਕੱਲ੍ਹ ਜਦੋਂ ਕਦੇ ਮੈਂ ਆਪਣੇ ਅਕਾਦਮਿਕ ਜੀਵਨ ’ਤੇ ਪਿਛਲਝਾਤ ਮਾਰਦਾ ਹਾਂ ਤਾਂ ਮਹਿਸੂਸ ਕਰਦਾ ਹਾਂ ਕਿ ਬਹੁਤ ਹੀ ਖੁਸ਼ਨਸੀਬ ਸਾਂ। ਲਗਭਗ ਤਿੰਨ ਦਹਾਕੇ ਮੈਂ ਪੜ੍ਹਾਉਂਦਾ ਰਿਹਾ ਹਾਂ, ਲੈਕਚਰ ਦਿੰਦਾ ਰਿਹਾ ਹਾਂ, ਸੈਮੀਨਾਰਾਂ ਵਿੱਚ ਬੋਲਦਾ ਰਿਹਾ ਹਾਂ ਅਤੇ ਸੱਭਿਆਚਾਰ, ਰਾਜਨੀਤੀ, ਸਮਾਜ ਤੇ ਸਿੱਖਿਆ ਦੇ ਵਿਸ਼ਿਆਂ ਉੱਪਰ ਲਿਖਦਾ ਰਿਹਾ ਹਾਂ। ਕਦੇ ਕਿਸੇ ਦੀਆਂ ਭਾਵਨਾਵਾਂ ਆਹਤ ਨਹੀਂ ਹੋਈਆਂ; ਕਦੇ ਕੋਈ ਐੱਫਆਈਆਰ ਦਰਜ ਕਰਨ ਦੀ ਨੌਬਤ ਨਹੀਂ ਆਈ ਅਤੇ ਸਭ ਤੋਂ ਵਧ ਕੇ ਇਹ ਕਿ ਨਿਆਂਪਾਲਿਕਾ ਦੀ ਕਿਸੇ ਹਸਤੀ ਨੇ ਕਦੇ ਮੈਨੂੰ ਮੇਰੇ ਵਿਸ਼ਾ-ਵਸਤੂ ਜਾਂ ਮੇਰੇ ਲਿਖਣ ਦੇ ਅੰਦਾਜ਼ ਬਾਰੇ ਤਾੜਨਾ ਨਹੀਂ ਕੀਤੀ; ਬੇਸ਼ੱਕ, ਹਰ ਕੋਈ ਮੇਰੀ ਵਿਸ਼ਵ ਦ੍ਰਿਸ਼ਟੀ ਨਾਲ ਸਹਿਮਤ ਨਹੀਂ ਹੁੰਦਾ ਸੀ। ਤਿੱਖੇ ਮੱਤਭੇਦ, ਬਹਿਸ-ਮੁਬਾਹਿਸਾ ਚੱਲਦਾ ਰਿਹਾ ਹੈ। ਫਿਰ ਵੀ ਅੰਤ ਨੂੰ ਯੂਨੀਵਰਸਿਟੀ ਦੇ ਕੈਫੇਟੇਰੀਆ ਵਿੱਚ ਮੈਂ ਖੱਬੇ ਪੱਖੀਆਂ, ਸੱਜੇ ਪੱਖੀਆਂ, ਰਾਸ਼ਟਰਵਾਦੀਆਂ, ਉੱਤਰ ਆਧੁਨਿਕਵਾਦੀਆਂ, ਅੰਬੇਡਕਰਵਾਦੀਆਂ ਤੇ ਨਾਰੀਵਾਦੀਆਂ, ਸਭ ਨਾਲ ਬਹਿ ਕੇ ਹਾਸਾ-ਠੱਠਾ ਕਰ ਸਕਦਾ ਸੀ ਅਤੇ ਲੇਖਾਂ ਤੇ ਕਿਤਾਬਾਂ ਦਾ ਤਬਾਦਲਾ ਕਰ ਸਕਦਾ ਸੀ। ਦਰਅਸਲ, ਮੈਂ ਆਪਣੀ ਆਜ਼ਾਦੀ ਦਾ ਇਸ ਲਈ ਆਨੰਦ ਮਾਣ ਸਕਿਆ ਕਿਉਂਕਿ ਮੈਂ ਆਪਣੇ ਦਾਰਸ਼ਨਿਕ ਵਿਰੋਧੀਆਂ ਦੀ ਆਜ਼ਾਦੀ ਵੀ ਚਾਹੁੰਦਾ ਸੀ।
ਬਹਰਹਾਲ, ਅਜੋਕੇ ਬਦਲਦੇ ਸਮਿਆਂ ਵਿੱਚ ਮਿਸਾਲ ਦੇ ਤੌਰ ’ਤੇ ਜਦੋਂ ਮੈਂ ਸੋਚਦਾ ਹਾਂ ਕਿ ਅਸ਼ੋਕਾ ਯੂਨੀਵਰਸਿਟੀ ਦੇ ਨੌਜਵਾਨ ਪ੍ਰੋਫੈਸਰ ਅਲੀ ਖ਼ਾਨ ਮਹਿਮੂਦਾਬਾਦ ਨੂੰ ਅਪਰੇਸ਼ਨ ਸਿੰਧੂਰ, ਰਾਸ਼ਟਰਵਾਦ, ਜੰਗ, ਲਿੰਗ ਅਤੇ ਰਾਜਨੀਤੀ ਬਾਰੇ ਜੋ ਸੂਖਮ ਤੇ ਸੁਲਝੇ ਹੋਏ ਮਨੋਭਾਵ ਸਾਂਝੇ ਕਰਨ ’ਤੇ ਕੀ ਕੁਝ ਦੇਖਣਾ ਪਿਆ ਹੈ ਤਾਂ ਮੈਨੂੰ ਕੰਬਣੀ ਛਿੜ ਪੈਂਦੀ ਹੈ। ਜੀ ਹਾਂ, ਇਸ ਪ੍ਰੋਫੈਸਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਜਦੋਂ ਉਸ ਦੀ ਜ਼ਮਾਨਤ ਮਨਜ਼ੂਰ ਕਰ ਲਈ ਗਈ ਤਾਂ ਸੁਪਰੀਮ ਕੋਰਟ ਦੇ ਜੱਜ ਨੇ ਉਸ ਨੂੰ ਇਹ ਚੇਤੇ ਕਰਾਇਆ ਕਿ ਅਜਿਹੇ ਸੰਵੇਦਨਸ਼ੀਲ ਮੁੱਦਿਆਂ ਬਾਰੇ ਟਿੱਪਣੀ ਕਰਨ ਵੇਲੇ ਖ਼ਬਰਦਾਰ ਰਹੇ। ਕੀ ਇਹ ਉਹੀ ਜ਼ਹਿਰੀਲਾ ਮਾਹੌਲ ਹੈ ਜਿਸ ਨਾਲ ਅਸੀਂ ਤੇਜ਼ੀ ਨਾਲ ‘ਨਾਰਮਲ’ ਹੋ ਰਹੇ ਹਾਂ ਜਿੱਥੇ ਦਾਰਸ਼ਨਿਕ ਮਤਭੇਦਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ, ਅਸਹਿਮਤੀ ਦੀਆਂ ਆਵਾਜ਼ਾਂ ਨੂੰ ਅਪਰਾਧ ਗਿਣਿਆ ਜਾਂਦਾ ਹੈ ਤੇ ਅਕਾਦਮਿਕ ਆਜ਼ਾਦੀ ਨੂੰ ਨਿਰਉਤਸ਼ਾਹਿਤ ਕੀਤਾ ਜਾਂਦਾ ਹੈ? ਕੀ ਅਧਿਆਪਕਾਂ, ਪ੍ਰੋਫੈਸਰਾਂ ਤੇ ਬੁੱਧੀਜੀਵੀਆਂ ਨੂੰ ਕਲਾਸਰੂਮ ’ਚ ਆਉਣ, ਬੋਲਣ ਜਾਂ ਕੁਝ ਲਿਖਣ ਤੋਂ ਪਹਿਲਾਂ ਕਾਨੂੰਨੀ ਸਲਾਹ ਲੈਣੀ ਪਵੇਗੀ?
ਦੋ ਕਾਰਨਾਂ ਕਰ ਕੇ ਸਾਡੀ ਅਕਾਦਮਿਕ ਬੌਧਿਕ ਸਪੇਸ ਦੁਆਲੇ ਪਸਰੇ ਇਸ ਡਰ ਬਾਰੇ ਸਾਨੂੰ ਚਿੰਤਾ ਕਰਨ ਦੀ ਲੋੜ ਹੈ। ਪਹਿਲਾ ਇਹ ਕਿ ਕਿਸੇ ਸਮਾਜ ਦੇ ਬਿਮਾਰ ਹੋਣ ਦੀ ਖ਼ਬਰ ਦਿੰਦਾ ਹੈ- ਅਜਿਹਾ ਸਮਾਜ ਜੋ ਪਦਾਰਥਕ ਸੰਪਦਾ ਦੇ ਬਾਵਜੂਦ, ਹਾਸਾ-ਠੱਠਾ ਕਰਨ ਅਤੇ ਗਿਆਨ ਸ਼ਾਸਤਰ ਦੇ ਬਹੁਵਾਦ, ਤਰਕ, ਬਹਿਸ, ਸੰਵਾਦ ਅਤੇ ਅਸਹਿਮਤੀਆਂ ਦੀ ਅਟੱਲਤਾ ਨੂੰ ਪ੍ਰਵਾਨ ਕਰਨ ਦੀ ਕੁੱਵਤ ਗੁਆ ਬੈਠਦਾ ਹੈ। ਅਸਲ ਵਿੱਚ ਕੋਈ ਬਿਮਾਰ ਸਮਾਜ ਯਥਾ-ਸਥਿਤੀ ਨੂੰ ਅਸਥਿਰ ਕਰਨ ਵਾਲੀਆਂ ਸਾਰੀਆਂ ਅਸਹਿਮਤ ਆਵਾਜ਼ਾਂ ਨੂੰ ਖ਼ਤਮ ਕਰ ਦਿੰਦਾ ਹੈ ਅਤੇ ਇਸ ਤਰ੍ਹਾਂ ਸਿਆਸੀ ਬੌਧਿਕ ਆਜ਼ਾਦੀ ਅਤੇ ਮੁਕਤੀ ਵਾਲੀ ਵਿੱਦਿਆ ਦੀ ਸ਼ਕਤੀ ਨੂੰ ਤਜ ਦਿੰਦਾ ਹੈ। ਬਿਮਾਰ ਸਮਾਜ ਨਿਰੰਕੁਸ਼ ਹੋ ਜਾਂਦਾ ਹੈ ਅਤੇ ਭਰਵੇਂ ਅਕਾਦਮਿਕ ਬੌਧਿਕ ਕਲਚਰ ਪ੍ਰਤੀ ਸ਼ੱਕ ਕਰਨ ਲਗਦਾ ਹੈ। ਲਿਹਾਜ਼ਾ, ਇਹ ਕੋਈ ਹੈਰਤ ਦੀ ਗੱਲ ਨਹੀਂ ਹੈ ਕਿ ਲੋਕਰਾਜੀ ਢੰਗ ਨਾਲ ਚੁਣੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਰਗੀ ਨਿਰੰਕੁਸ਼ ਹਸਤੀ, ਹਾਰਵਰਡ ਯੂਨੀਵਰਸਿਟੀ ਜਿਹੀ ਭਰਵੇਂ ਅਕਾਦਮਿਕ ਕਲਚਰ ਦੀਆਂ ਕਦਰਾਂ ਅਤੇ ਇਸ ਦੀ ਬੌਧਿਕ ਪ੍ਰੰਪਰਾ ਵਾਲੀ ਸੰਸਥਾ ਤੋਂ ਅਸਹਿਜ ਮਹਿਸੂਸ ਕਰਦਾ ਹੈ। ਕੌਣ ਜਾਣੇ ਕਿ ਟਰੰਪ ਸਾਡੇ ਕੁਝ ਸਿਆਸੀ ਬੌਸਾਂ ਲਈ ਰੋਲ ਮਾਡਲ ਬਣ ਗਏ ਹੋਣ?
ਦੂਜਾ, ਅਕਾਦਮਿਕ ਬੌਧਿਕ ਆਜ਼ਾਦੀ ਦੀ ਅਣਹੋਂਦ ਵਿੱਚ ਦੇਸ਼ ਦੀ ਪ੍ਰਗਤੀ ਨੂੰ ਗਹਿਰੀ ਸੱਟ ਵੱਜਦੀ ਹੈ। ਇਹੀ ਸਮਾਂ ਹੈ ਕਿ ਅਸੀਂ ਇਹ ਪ੍ਰਵਾਨ ਕਰ ਲਈਏ ਕਿ ਆਰਥਿਕ ਉਤਪਾਦਕਤਾ, ਫ਼ੌਜੀ ਸ਼ਕਤੀ ਅਤੇ ਤਕਨੀਕੀ ਕਾਢਾਂ ਤੋਂ ਇਲਾਵਾ ਵਿਕਾਸ ਅਤੇ ਤਰੱਕੀ ਵਿੱਚ ਹੋਰ ਵੀ ਬਹੁਤ ਕੁਝ ਸ਼ਾਮਿਲ ਹੁੰਦਾ ਹੈ। ਗੰਭੀਰ ਚਿੰਤਨ, ਨਵੇਂ ਵਿਚਾਰਾਂ ਤੇ ਬੌਧਿਕ ਆਜ਼ਾਦੀ ਨੂੰ ਰਚਨਾਤਮਕ ਰੂਪ ’ਚ ਬਾਰੀਕੀ ਨਾਲ ਸਮਝਣ ਕਰ ਕੇ ਸਾਡੀਆਂ ਕਦਰਾਂ-ਕੀਮਤਾਂ, ਖਾਹਿਸ਼ਾਂ ਅਤੇ ਜਿਊਣ ਦੇ ਤੌਰ-ਤਰੀਕਿਆਂ ’ਚ ਬਹੁਤ ਤਬਦੀਲੀ ਆਈ ਹੈ। ਉਦਾਹਰਨ ਦੇ ਤੌਰ ’ਤੇ ਮਾਰਕਸਵਾਦ, ਮਨੋਵਿਸ਼ਲੇਸ਼ਣ, ਲਿੰਗ ਅਧਿਐਨ ਤੇ ਆਲੋਚਨਾਤਮਕ ਸਿਧਾਂਤਾਂ ’ਚ ਸ਼ਾਮਿਲ ਇਨਕਲਾਬੀ ਤੇ ਨਵੇਂ ਵਿਚਾਰਾਂ ਕਾਰਨ, ਅਸੀਂ ਨਵੀਂ ਕਿਸਮ ਦੀ ਸੰਵੇਦਨਸ਼ੀਲਤਾ ਹਾਸਿਲ ਕੀਤੀ ਹੈ ਜਿਸ ਨੇ ਸਾਨੂੰ ਦਮਨ, ਦਾਬੇ, ਸ਼ੋਸ਼ਣ, ਪੁਰਸ਼ ਪ੍ਰਧਾਨ ਸਮਾਜ ਦੀ ਅਧੀਨਗੀ ਅਤੇ ਜੰਗ ਦੇ ਮਨੋਵਿਗਿਆਨ ਦੀਆਂ ਵਿਚਾਰਧਾਰਾਵਾਂ ਦੀ ਪੜਚੋਲ ਕਰਨ ਦੇ ਯੋਗ ਬਣਾਇਆ ਹੈ; ਆਰਥਿਕ ਸਮਾਨਤਾ, ਸਮਾਜਿਕ ਨਿਆਂ ਤੇ ਜਮਹੂਰੀ ਬਰਾਬਰੀ ਵਾਲੀ ਸ਼ਾਂਤਮਈ ਦੁਨੀਆ ਲਈ ਯਤਨ ਕਰਨ ਲਈ ਪ੍ਰੇਰਿਆ ਹੈ; ਹਾਲਾਂਕਿ ਜੇ ਅਸੀਂ ਵਿਰੋਧੀ ਆਵਾਜ਼ਾਂ ’ਤੇ ਸਵਾਲ ਚੁੱਕਦੇ ਹਾਂ ਅਤੇ ਆਪਣੇ ਕਾਲਜਾਂ ਯੂਨੀਵਰਸਿਟੀਆਂ ਵਿੱਚ ਸੁਤੰਤਰ ਪੜਤਾਲ ਦੀ ਭਾਵਨਾ ਨਸ਼ਟ ਕਰਦੇ ਹਾਂ ਤਾਂ ਕੋਈ ਵੀ ਸਾਡੇ ਸਮਾਜਿਕ, ਸਭਿਆਚਾਰਕ, ਰਾਜਨੀਤਕ ਪਤਨ ਨੂੰ ਨਹੀਂ ਰੋਕ ਸਕੇਗਾ; ਫਿਰ ਭਾਵੇਂ ਅਸੀਂ ਜੰਗ ਵਿੱਚ ਆਪਣੇ ‘ਦੁਸ਼ਮਣਾਂ’ ਨੂੰ ਮਾਤ ਦੇ ਦੇਈਏ, ਆਪਣੀ ਫ਼ੌਜੀ ਸਮਰੱਥਾ ਦਾ ਮੁਜ਼ਾਹਰਾ ਕਰੀਏ ਜਾਂ ਆਪਣੀ ਆਰਥਿਕ ਤਰੱਕੀ ’ਤੇ ਮਾਣ ਮਹਿਸੂਸ ਕਰੀਏ। ਇਹ ਯਕੀਨਨ ਕੋਈ ਚੰਗੀ ਗੱਲ ਨਹੀਂ ਹੈ ਜੇਕਰ ਸਾਡੀ ਅਕਾਦਮਿਕ ਆਜ਼ਾਦੀ ਨਿਰੰਤਰ ਡਿੱਗਦੀ ਜਾਂਦੀ ਹੈ ਤੇ ਅੱਜ ਭਾਰਤ ਇਸ ਮਾਮਲੇ ’ਚ 179 ਦੇਸ਼ਾਂ ’ਚੋਂ 156ਵੇਂ ਸਥਾਨ ’ਤੇ ਹੈ।
ਇਸ ਹਾਲਤ ਬਾਰੇ ਸੋਚ ਕੇ ਦੇਖੋ- ਇਸ ਵੇਲੇ ਭਾਵੇਂ ਭਾਰਤ 4.3 ਖਰਬ ਡਾਲਰ ਦੀ ਜੀਡੀਪੀ ਨਾਲ ਦੁਨੀਆ ਦਾ ਵੱਡਾ ਅਰਥਚਾਰਾ ਬਣ ਗਿਆ ਹੈ, ਪਰ ਇੱਕ ਪ੍ਰੋਫੈਸਰ ਆਪਣੇ ਵਿਦਿਆਰਥੀਆਂ ਨੂੰ ਕਹਿ ਰਿਹਾ ਹੈ ਕਿ ਉਹ ਇਸ ਕਾਮਯਾਬੀ ਦੇ ਬਿਰਤਾਂਤਾਂ ਤੋਂ ਬਹੁਤਾ ਪ੍ਰਭਾਵਿਤ ਨਾ ਹੋਣ। ਇਸ ਦੀ ਬਜਾਏ ਉਹ ਚਾਹੁੰਦਾ ਹੈ ਕਿ ਉਸ ਦੇ ਵਿਦਿਆਰਥੀ ਡੂੰਘਾਈ ’ਚ ਜਾਣ, ਦੇਸ਼ ’ਚ ਫੈਲੀ ਸਮਾਜਿਕ/ਆਰਥਿਕ ਨਾ-ਬਰਾਬਰੀ ਦੀ ਕਠੋਰ ਹਕੀਕਤ ਨੂੰ ਘੋਖਣ, ਤੇ ਸੰਜੀਦਗੀ ਨਾਲ ਵਿਚਾਰ ਕਰਨ ਕਿ ਕੀ ਇਸ ’ਤੇ ਮਾਣ ਮਹਿਸੂਸ ਕਰਨ ਦਾ ਕੋਈ ਠੋਸ ਕਾਰਨ ਹੈ?
ਕਲਪਨਾ ਕਰੋ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਇਹ ਖਿਆਲ ਰੱਖਣ ਲਈ ਕਹਿ ਰਿਹਾ ਹੈ ਕਿ ਸਭ ਤੋਂ ਅਮੀਰ 10 ਪ੍ਰਤੀਸ਼ਤ ਭਾਰਤੀਆਂ ਕੋਲ ਦੇਸ਼ ਦੀ ਅੱਸੀ ਪ੍ਰਤੀਸ਼ਤ ਦੌਲਤ ਹੈ, ਜਦੋਂਕਿ ਹੇਠਲੇ 50 ਫ਼ੀਸਦੀ ਲੋਕਾਂ ਕੋਲ ਸਿਰਫ 6.4 ਪ੍ਰਤੀਸ਼ਤ ਧਨ-ਜਾਇਦਾਦ ਹੈ। ‘ਹਿਊਮਨ ਗਲੋਬਲ ਰਿਚ ਲਿਸਟ’ ਮੁਤਾਬਿਕ, 284 ਭਾਰਤੀ ਅਰਬਪਤੀਆਂ ਦੀ ਕੁੱਲ ਦੌਲਤ ਦੇਸ਼ ਦੀ ਜੀਡੀਪੀ ਦਾ ਲਗਭਗ ਇੱਕ ਤਿਹਾਈ ਹੈ। ਉਹ ਆਪਣੇ ਵਿਦਿਆਰਥੀਆਂ ਨੂੰ ਇਹ ਵਿਚਾਰਨ ਲਈ ਕਹਿੰਦਾ ਹੈ ਕਿ ਕੀ ਇਹੀ ਕਾਰਨ ਹੈ ਕਿ 2024 ਦੀ ਆਲਮੀ ਭੁੱਖਮਰੀ ਦੀ ਸੂਚੀ ਅਨੁਸਾਰ, ਭਾਰਤ 127 ਮੁਲਕਾਂ ਵਿੱਚੋਂ 105ਵੇਂ ਸਥਾਨ ’ਤੇ ਹੈ ਤੇ ਉਹ ਦਲੀਲ ਦਿੰਦਾ ਹੈ ਕਿ ਵੰਡ ਦੇ ਇਨਸਾਫ਼ ਤੋਂ ਬਿਨਾਂ ਦੁਨੀਆ ਦਾ ਵੱਡਾ ਅਰਥਚਾਰਾ ਗ਼ਰੀਬਾਂ, ਬੇਘਰਿਆਂ ਤੇ ਇੱਥੋਂ ਤੱਕ ਕਿ ਸੰਘਰਸ਼ ਕਰ ਰਹੇ ਮੱਧਵਰਗ ਲਈ ਵੀ ਕੋਈ ਅਰਥ ਨਹੀਂ ਰੱਖਦਾ। ਉਹ ਕੋਈ ਸਾਜ਼ਿਸ਼ਘਾੜਾ ਜਾਂ ਦੇਸ਼ ਦਾ ਦੁਸ਼ਮਣ ਨਹੀਂ ਬਲਕਿ ਇਹ ਦੇਸ਼ ਲਈ ਉਸ ਦਾ ਪਿਆਰ, ਜਾਂ ਸਚਾਈ ਪ੍ਰਤੀ ਉਸ ਦੀ ਵਚਨਬੱਧਤਾ ਹੈ ਜੋ ਉਸ ਨੂੰ ਸੁਚੇਤ ਰਹਿਣ ਲਈ ਪ੍ਰੇਰਦੀ ਹੈ ਅਤੇ ਝੂਠੇ ਰਾਸ਼ਟਰਵਾਦੀ ਚਾਅ ਤੋਂ ਬਚ ਕੇ ਰਹਿਣ ਦੀ ਵੀ ਸਲਾਹ ਦਿੰਦੀ ਹੈ; ਹਾਲਾਂਕਿ ਜਿਸ ਤਰ੍ਹਾਂ ਸਭ ਕੁਝ ਹੋ ਇਸ ਦੇ ਉਲਟ ਹੀ ਰਿਹਾ ਹੈ, ਪ੍ਰੋਫੈਸਰ ਨੂੰ ‘ਰਾਸ਼ਟਰ ਵਿਰੋਧੀ’ ਗਰਦਾਨਿਆ ਜਾ ਸਕਦਾ ਹੈ ਤੇ ਅਖ਼ੀਰ ’ਚ ਗ੍ਰਿਫ਼ਤਾਰ ਕਰ ਕੇ ਪੁਲੀਸ ਹਿਰਾਸਤ ਵਿੱਚ ਭੇਜਿਆ ਜਾ ਸਕਦਾ ਹੈ।
ਦੁੱਖ ਦੀ ਗੱਲ ਹੈ ਕਿ ਅੱਜ ਕੱਲ੍ਹ ਯੂਨੀਵਰਸਿਟੀ ਪ੍ਰਸ਼ਾਸਨ ਅਕਾਦਮਿਕ ਜਮਾਤ ਦੀ ਬੌਧਿਕ ਆਜ਼ਾਦੀ ਦੀ ਰੱਖਿਆ ਲਈ ਘੱਟ ਹੀ ਅੱਗੇ ਆਉਂਦਾ ਹੈ। ਇਸ ਦੀ ਬਜਾਏ ਸਾਡੇ ਬਹੁਤ ਸਾਰੇ ਉਪ ਕੁਲਪਤੀ, ਜਿਨ੍ਹਾਂ ’ਚ ਉਹ ਵੀ ਸ਼ਾਮਿਲ ਹਨ ਜੋ ਕਾਫ਼ੀ ਚਰਚਾ ’ਚ ਰਹਿੰਦੀਆਂ ‘ਉਦਾਰਵਾਦੀ’ ਪ੍ਰਾਈਵੇਟ ਯੂਨੀਵਰਸਿਟੀਆਂ ਚਲਾਉਂਦੇ ਹਨ, ‘ਅਧਿਕਾਰਤ’ ਲਕੀਰ ’ਤੇ ਚੱਲਣ ’ਚ ਹੀ ਆਰਾਮ ਮਹਿਸੂਸ ਕਰ ਰਹੇ ਹਨ; ਹਾਲਾਂਕਿ ਇਨ੍ਹਾਂ ਵਿਰੋਧੀ ਹਾਲਾਤ ’ਚ, ਜਿਹੜੇ ਅਧਿਆਪਨ ਦੇ ਕਿੱਤੇ ਨੂੰ ਪਿਆਰ ਕਰਦੇ ਹਨ ਤੇ ਯਕੀਨ ਰੱਖਦੇ ਹਨ ਕਿ ਆਲੋਚਨਾਤਮਕ ਅਧਿਆਪਨ ਦੀ ਭਾਵਨਾ ਤੋਂ ਬਿਨਾਂ ਸਿੱਖਿਆ ਅਧੂਰੀ ਰਹਿੰਦੀ ਹੈ, ਨੂੰ ਆਪਣੀ ਚੁੱਪ ਤੋੜਨੀ ਚਾਹੀਦੀ ਹੈ ਅਤੇ ਉਸ ਬੌਧਿਕ ਵਾਤਾਵਰਨ ਨੂੰ ਮੁੜ ਕਾਇਮ ਕਰਨ ਲਈ ਇਕਜੁੱਟ ਹੋ ਕੇ ਲੜਨਾ ਚਾਹੀਦਾ ਹੈ, ਜਿੱਥੇ ਰਾਬਿੰਦਰਨਾਥ ਟੈਗੋਰ ਦੇ ਕਹਿਣ ਮੁਤਾਬਕ, “ਮਨ ਬਿਨਾਂ ਭੈਅ ਦੇ ਹੋਵੇ, ਤੇ ਸਿਰ ਉੱਚਾ ਰਹੇ।”
*ਲੇਖਕ ਸਮਾਜ ਸ਼ਾਸਤਰੀ ਹੈ।

Advertisement
Advertisement

Advertisement
Author Image

Jasvir Samar

View all posts

Advertisement