ਕੇਪੀ ਸਿੰਘਗੁਰਦਾਸਪੁਰ, 9 ਜੂਨਪੰਜ ਦਿਨ ਪਹਿਲਾਂ ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਵਿੱਚ ਇੱਕ ਨੌਜਵਾਨ ਰਣਦੀਪ ਸਿੰਘ ਨੇ ਪਿੰਡ ਦੇ ਇੱਕ ਵਿਅਕਤੀ ਵੱਲੋਂ ਕੀਤੀ ਗਈ ਬਦਸਲੂਕੀ ਤੋਂ ਦੁਖੀ ਹੋ ਕੇ ਨਹਿਰ ਵਿੱਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ ਸੀ ਅਤੇ ਉਸ ਦੀ ਲਾਸ਼ ਐਤਵਾਰ ਨੂੰ ਮਿਲੀ ਸੀ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ ਪਰ ਅਜੇ ਤੱਕ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਿਸ ਕਰਕੇ ਪਰਿਵਾਰ ਨੇ ਮ੍ਰਿਤਕ ਦੇਹ ਨੂੰ ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇਅ ’ਤੇ ਬੱਬਰੀ ਬਾਈਪਾਸ ਕੋਲ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਕਿ ਉਹਨਾਂ ਦੇ ਪੁੱਤਰ ਨੂੰ ਧਮਕਾਉਣ ਵਾਲੇ ਵਿਅਕਤੀ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਅੰਤਿਮ ਸੰਸਕਾਰ ਨਹੀਂ ਕਰਨਗੇ।ਰਣਦੀਪ ਸਿੰਘ ਦੀ ਮਾਤਾ ਨੇ ਦੱਸਿਆ ਕਿ ਉਸ ਨੇ ਰਣਦੀਪ ਨੂੰ ਆਪਣੀ ਭੈਣ ਕੋਲੋਂ ਗੋਦ ਲਿਆ ਸੀ ਅਤੇ ਉਹ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਚਾਰ ਪਹੀਆ ਵਾਹਨਾਂ ਵਿੱਚ ਸਪੀਕਰ ਲਗਾਉਣ ਦਾ ਕੰਮ ਕਰਦਾ ਸੀ। ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਗਾਲ੍ਹਾਂ ਕੱਢਣ ਦੀ ਗੱਲ ਨੂੰ ਉਸ ਨੇ ਦਿਲ ’ਤੇ ਲਗਾ ਲਿਆ ਅਤੇ ਬਿਨਾਂ ਕਿਸੇ ਨੂੰ ਦੱਸੇ ਆਪਣੀ ਵੀਡੀਓ ਬਣਾ ਕੇ ਵਾਇਰਲ ਕਰਨ ਮਗਰੋਂ ਨਹਿਰ ਵਿੱਚ ਛਾਲ ਮਾਰ ਦਿੱਤੀ। ਰਣਦੀਪ ਦੇ ਚਾਚਾ ਨੇ ਕਿਹਾ ਕਿ ਜਦੋਂ ਤੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਧਰਨਾ ਜਾਰੀ ਰਹੇਗਾ। ਇਹ ਧਰਨਾ ਸ਼ਾਮ ਤੱਕ ਜਾਰੀ ਸੀ ਅਤੇ ਪੁਲੀਸ ਅਧਿਕਾਰੀ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਪਹੁੰਚੇ ਸਨ। ਇਸ ਦੌਰਾਨ ਟਰੈਫ਼ਿਕ ਵਿਵਸਥਾ ਵੀ ਪ੍ਰਭਾਵਿਤ ਸੀ। ਬੱਸਾਂ ਅਤੇ ਹੋਰ ਵਾਹਨ ਦੂਸਰੇ ਰਸਤਿਆਂ ਰਾਹੀਂ ਨਿਕਲ ਰਹੇ ਸਨ।