ਖ਼ਾਲਸਾ ਸਿਰਜਣਾ: ਪਿਛੋਕੜ ਅਤੇ ਪ੍ਰਾਪਤੀ
ਕਰਨਲ ਬਲਬੀਰ ਸਿੰਘ ਸਰਾਂ (ਸੇਵਾਮੁਕਤ)
ਇਸ ਧਰਤੀ ਉੱਤੇ ਹਰ ਵਾਪਰਨ ਵਾਲੀ ਅਤੇ ਵਾਪਰ ਚੁੱਕੀ ਘਟਨਾ ਦਾ ਸਬੰਧ ਸਿੱਧੇ ਤੌਰ ’ਤੇ ਹੋ ਰਹੀਆਂ ਸਮਾਜਿਕ, ਆਰਥਿਕ ਅਤੇ ਮਨੁੱਖੀ ਆਜ਼ਾਦੀ ਦੀ ਸੋਚ ਬਾਰੇ ਵਿਚਾਰ ਘਟਨਾਕ੍ਰਮ ਨੂੰ ਜੋੜ ਕੇ ਅੱਗੇ ਤੁਰਦਾ ਹੈ। ਸਥਾਨ ਸਰਬ ਵਿਆਪਕ ਨਹੀਂ ਹੋ ਸਕਦਾ, ਜਿਵੇਂ ਕਿ ਸੱਭਿਅਤਾਵਾਂ ਵੱਖ-ਵੱਖ ਸਮੇਂ ’ਤੇ ਅੱਡ-ਅੱਡ ਥਾਂ ਵਿਕਸਤ ਹੋਈਆਂ ਅਤੇ ਫਿਰ ਲੋਪ ਹੋ ਗਈਆਂ।
ਸਾਡੇ ਦੇਸ਼ ’ਚ ਵਾਪਰੀਆਂ ਇਤਿਹਾਸਕ ਘਟਨਾਵਾਂ ਵਿੱਚੋਂ ਇੱਕ ਵਿਸ਼ੇਸ਼ ਹੈ ਅਤੇ ਆਪਣੇ ਆਪ ਵਿੱਚ ਇਕੋ ਇੱਕ। ਉਹ ਹੈ ਦੇ ਖ਼ਾਲਸਾ ਸਿਰਜਣਾ। ਇਸ ਘਟਨਾ ਨੂੰ ਨਰਿੰਜਨ ਸਿੰਘ ਸਾਥੀ ‘ਸੀਸ ਭੇਟ ਕੌਤਕ’ ਲਿਖਦੇ ਹਨ। ਇਸ ਦਾ ਕਾਰਨ ਜਾਂ ਲੋੜ, ਸਮਾਂ ਅਤੇ ਸਥਾਨ ਇਕਦਮ ਪੈਦਾ ਨਹੀਂ ਹੋਏ। ਸੰਨ 1699 ਦੀ ਵਿਸਾਖੀ ਮੌਕੇ ਆਨੰਦਪੁਰ ਵਿਖੇ ਇਸ ਦੇ ਰੂਪਮਾਨ ਹੋਣ ਦਾ ਮੁੱਢ ਗੁਰੂ ਨਾਨਕ ਦੇਵ ਜੀ ਤੋਂ ਹੀ ਬੱਝ ਚੁੱਕਾ ਸੀ। ਖ਼ਾਲਸਾ ਸਿਰਜਣਾ ਇੱਕ ਬਹੁਤ ਵੱਡਾ ਇਨਕਲਾਬ ਸੀ, ਜਿਸ ਦੇ ਬੀਜ ਬਾਬਾ ਨਾਨਕ ਨੇ ਹੀ ਬੀਜੇ ਸਨ। ‘ਖਾਲਸੇ’ ਦਾ ਭਾਵ ਤਾਂ ਭਗਤ ਕਬੀਰ ਜੀ ਨੇ ਖਾਲਸਾ ਪ੍ਰਗਟ ਹੋਣ ਤੋਂ ਲਗਭਗ ਦੋ ਸੌ ਸਾਲ ਪਹਿਲਾਂ ਦੱਸ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਗੁਰਬਾਣੀ ਵਿੱਚ ‘ਖਾਲਸਾ’ ਪਦ ਦੀ ਵਰਤੋਂ ਕਰਨ ਵਾਲੇ ਉਹ ਪਹਿਲੇ ਬਾਣੀਕਾਰ ਸਨ। ਉਹ ਲਿਖਦੇ ਹਨ: ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।।
ਬਾਬਾ ਨਾਨਕ ਜੀ ਦੀ ਬਾਣੀ ਦੀਆਂ ਤੁਕਾਂ: ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ।। ਸਿਰੁ ਧਰਿ ਤਲੀ ਗਲੀ ਮੇਰੀ ਆਉ।।’’ ਸ਼ਾਇਦ ਦਸਮ ਪਿਤਾ ਨੂੰ ਸੀਸ ਭੇਟ ਕੌਤਕ ਵੇਲੇ, ਇੱਕ ਲਲਕਾਰ ਹੋਣ।
ਦਸਾਂ ਗੁਰੂਆਂ ਦੀ ਜੋਤ ਅਤੇ ਜੁਰਅੱਤ (1469 ਤੋਂ 1699) ਦਾ ਪ੍ਰਕਾਸ਼ ਸਮੇਂ ਦੀ ਮੰਗ ਅਨੁਸਾਰ ਹੁੰਦਾ ਰਿਹਾ। ਸਿੱਖਾਂ ਨੂੰ ਪਹਿਲਾ ਉਪਦੇਸ਼ ਜਾਂ ਰਹਿਤ ਗੁਰੂ ਨਾਨਕ ਜੀ ਵੱਲੋਂ ਦੱਸੀ ਗੁਰਸਿੱਖ ਜੀਵਨ ਦਾ ਸਾਰ ਹੈ: ਨਾਮ ਜਪੋ, ਕਿਰਤ ਕਰੋ, ਵੰਡ ਛਕੋ। ਇਹ ਸਾਡੀ ਅੰਦਰਲੀ ਰਹਿਤ ਮਰਿਆਦਾ ਹੈ। ਇਹ ਰੂਹਾਨੀ ਅਤੇ ਸੰਤ ਸਮੇਂ ਦਾ ਵਿਧਾਨ ਹੈ, ਜੋ ਵਕਤ ਦੇ ਨਾਲ ਚਲਦਿਆਂ ਸਦੀਵੀ ਰੂਪ ਵਿੱਚ ‘ਸੰਤ-ਸਿਪਾਹੀ’ ਦਾ ਅਮਲ ਬਣ ਗਿਆ। ਗੁਰੂ ਸਾਹਿਬ ਨੇ ਮਾਨਵ ਪ੍ਰੇਮ, ਆਤਮਿਕ ਸ਼ਾਂਤੀ, ਅਕਾਲ ਪੁਰਖ ਦੀ ਅਰਾਧਨਾ, ਸ਼ੁੱਧ ਆਚਰਣ ਦਾ ਉਪਦੇਸ਼ ਦਿੰਦਿਆਂ ਇਹ ਵੀ ਯਾਦ ਕਰਵਾਇਆ ਸੀ:
w ਜੇ ਜੀਵੈ ਪਤਿ ਲਥੀ ਜਾਇ।। ਸਭੁ ਹਰਾਮੁ ਜੇਤਾ ਕਿਛੁ ਖਾਇ।।
w ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ।। ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ।।
ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ ਪੀਰੀ ਦਾ ਸੰਕਲਪ ਦਿੱਤਾ। ਵਕਤ ਆਉਣ ’ਤੇ ਸੱਤਵੇਂ ਪਾਤਸ਼ਾਹ ਦੀ ਫ਼ੌਜ ਵਿੱਚ ਬਾਈ ਸੌ ਘੋੜ ਸਵਾਰ ਸਨ।
ਹਿੰਦ ਦੀ ਚਾਦਰ, ਨੌਵੇਂ ਗੁਰੂ ਸਾਹਿਬ ਨੇ ‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਆਨਤ ਆਨ’ ਦਾ ਸਾਹਸਮਈ ਉਪਦੇਸ਼ ਦਿੱਤਾ। ਜਦੋਂ ਇਸਲਾਮ ਦੀ ਈਨ ਤੇ ਅਧੀਨਗੀ ਅਤੇ ਮੌਤ ਵਿੱਚੋਂ ਇੱਕ ਚੁਣਨਾ ਸੀ ਤਾਂ ਸੂਰਬੀਰਾਂ ਵਾਂਗ ਸਰੀਰ ਦਾ ਬਲੀਦਾਨ ਦੇ ਦਿੱਤਾ ਅਤੇ ਜੀਵਨ ਜਾਚ ਵਿੱਚ ਮਰਨ ਦਾ ਤਰੀਕਾ ਵੀ ਦੱਸ ਦਿੱਤਾ।
ਸੀਸ ਭੇਟ ਕੌਤਕ ਬਾਰੇ ਨਰਿੰਜਨ ਸਿੰਘ ਸਾਥੀ ਲਿਖਦੇ ਹਨ: “ਓਪਰੀ ਨਜ਼ਰੇ ਵੇਖਿਆਂ ਸ਼ਾਇਦ ਇਹ ਕੇਵਲ ਸਿੱਖ ਤੇ ਮੁਸਲਿਮ ਸ਼ਕਤੀਆਂ ਦੀ ਟੱਕਰ ਹੀ ਜਾਪੇ ... ਪਰ ਗੱਲ ਇੰਨੀ ਸਰਲ ਨਹੀਂ ਹੈ। ਅਸਲ ਮੁੱਦਾ ਮਨੁੱਖੀ ਆਜ਼ਾਦੀ ਦਾ ਹੈ। ਕੋਈ ਸੁਦੇਸ਼ੀ ਜਾਂ ਵਿਦੇਸ਼ੀ, ਲੋਕਾਂ ਦੀ ਮਰਜ਼ੀ ਵਿਰੁੱਧ ਉਨ੍ਹਾਂ ਉੱਤੇ ਆਪਣੀ ਧੌਂਸ ਤੇ ਹਕੂਮਤ ਕਿਉਂ ਠੋਸੇ? ... ਸਭ ਨੂੰ ਜਿਊਣ ਦਾ ਹੱਕ ਹੈ, ਜੀਓ ਅਤੇ ਜਿਊਣ ਦਿਓ ਜੀਵਨ ਦਾ ਸੁਨਿਹਰੀ ਅਸੂਲ ਹੈ। ... ਨਾ ਡਰੋ ਨਾ ਡਰਾਓ।”
ਗੁਰੂ ਸਾਹਿਬਾਨ ਨੇ ਮਨੁੱਖੀ ਚਰਿੱਤਰ, ਗੌਰਵ ਅਤੇ ਆਜ਼ਾਦੀ ਉੱਤੇ ਬਹੁਤ ਜ਼ੋਰ ਦਿੱਤਾ ਅਤੇ ਆਪਣੀ ਕਥਨੀ ਤੇ ਕਰਨੀ ਨਾਲ ਇੱਕ ਅਜਿਹੇ ਮਨੁੱਖ ਦੀ ਸਿਰਜਣਾ ਕੀਤੀ, ਜੋ ਸੰਤ-ਸਿਪਾਹੀ ਹੋ ਨਿਬੜਿਆ। ਅਣਖ, ਆਜ਼ਾਦੀ, ਸਵੈਮਾਣ ਅਤੇ ਚੜਦੀ ਕਲਾ ਦਾ ਜੀਵਨ ਪੰਜਾਬ ਨੂੰ ਗੁਰੂ ਸਾਹਿਬਾਨ ਨੇ ਬਖ਼ਸ਼ਿਆ ਹੈ, ਖ਼ਾਸ ਤੌਰ ’ਤੇ ਦਸਮ ਗੁਰੂ ਵੱਲੋਂ ਦੱਸੀ ਜੀਵਨ ਜਾਚ ਨੇ।
ਤਕਰੀਬਨ ਸਵਾ ਤਿੰਨ ਸੌ ਸਾਲ ਪਹਿਲਾਂ ਵਿਰੋਧੀ ਹਾਲਾਤ (ਸਮਾਂ, ਸਥਾਨ ਅਤੇ ਮਨੁੱਖੀ ਆਜ਼ਾਦੀ ਦਾ ਘਾਣ) ਵਿੱਚ ਦਸਮ ਪਿਤਾ ਵੱਲੋਂ ਖ਼ਾਲਸੇ ਦੀ ਸਿਰਜਣਾ ਇੱਕ ਕਰਾਮਾਤ ਸੀ। ਆਪਣੀ ਕੱਟੜਤਾ ਲਈ ਮਸ਼ਹੂਰ ਔਰੰਗਜ਼ੇਬ ਪੂਰੇ ਹਿੰਦੋਸਤਾਨ ਨੂੰ ਇਸਲਾਮੀ ਦੇਸ਼ ਬਣਾਉਣ ਦਾ ਫ਼ੈਸਲਾ ਕਰੀ ਬੈਠਾ ਸੀ। ਲੋਕਾਂ ਦਾ ਜਬਰੀ ਧਰਮ ਬਦਲਿਆ ਜਾ ਰਿਹਾ ਸੀ। ਧਾਰਮਿਕ ਸਥਾਨ ਢਾਹੇ ਜਾ ਰਹੇ ਸਨ। ਜਦੋਂ ਛਤਰਪਤੀ ਸ਼ਿਵਾਜੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਸੰਭਾਜੀ ਨੂੰ ਕਤਲ ਕਰਕੇ ਉਸ ਦੀ ਖੋਪੜੀ ’ਚ ਘਾਹ ਭਰ ਕੇ ਦੱਖਣੀ ਭਾਰਤ ਵਿੱਚ ਘੁਮਾਉਣ ਵਰਗੀਆਂ ਘਟਨਾਵਾਂ ਹੋ ਰਹੀਆਂ ਸਨ, ਜਦੋਂ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਬਲੀਦਾਨ ਦੇ ਚੁੱਕੇ ਸਨ, ਅਤੇ ਮੁਸਲਮਾਨਾਂ ਤੇ ਰਾਜਪੂਤਾਂ ਤੋਂ ਬਿਨਾਂ ਹੋਰ ਹਿੰਦ ਵਾਸੀਆਂ ਨੂੰ ਘੋੜੇ ਦੀ ਸਵਾਰੀ ਕਰਨ ਅਤੇ ਹਥਿਆਰ ਸਜਾਉਣ ਦੀ ਮਨਾਹੀ ਸੀ- ਉਸ ਵਕਤ ਜ਼ੁਲਮ ਅਤੇ ਅਨਿਆਂ ਨੂੰ ਠੱਲ੍ਹ ਪਾਉਣ ਲਈ, ਸ਼ਸਤਰਧਾਰੀ ਖ਼ਾਲਸੇ ਦੀ ਸਿਰਜਣਾ ਦਲੇਰੀ ਅਤੇ ਦ੍ਰਿੜ੍ਹਤਾ ਵਾਲਾ ਮਹਾਨ ਕਾਰਜ ਸੀ। ਇਹ ਕੰਮ ਕਿਸੇ ਸਾਧਾਰਨ ਵਿਅਕਤੀ ਦਾ ਨਹੀਂ ਸੀ। ਦਸਮ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਜੀ ਕੋਈ ਸਾਧਾਰਨ ਵਿਅਕਤੀ ਨਹੀਂ ਸਨ।ਇਸੇ ਪਿਛੋਕੜ ਵਿੱਚ ਸਦੀਆਂ ਤੋਂ ਵਧਦੀ ਆ ਰਹੀ ਸਮਾਜਿਕ ਨਾ-ਬਰਾਬਰੀ, ਵਰਣ-ਵੰਡ, ਊਚ-ਨੀਚ, ਖ਼ਤਮ ਹੋ ਰਹੀ ਗ਼ੈਰਤ, ਘੋੜੇ, ਕਲਗੀ ਅਤੇ ਹਥਿਆਰ ਰੱਖਣ ਦੀ ਮਨਾਹੀ, ਜਜ਼ੀਆ ਅਤੇ ਖੇਤਰੀ ਇਲਾਕਿਆਂ ਵਿੱਚ ਚੱਲ ਰਹੀਆਂ ਜੰਗਾਂ ਵੀ ਕਿਸੇ ਇਨਕਲਾਬ ਦੇ ਆਉਣ ਦਾ ਯੋਗ ਕਾਰਨ ਬਣ ਰਹੀਆਂ ਸਨ।
ਡਾਕਟਰ ਹਰੀ ਰਾਮ ਗੁਪਤਾ ਅਨੁਸਾਰ, ਮੁਗ਼ਲ ਕਾਲ ਵਿੱਚ ਪੀੜ੍ਹੀ ਦਰ ਪੀੜ੍ਹੀ ਇਸਲਾਮ ਧਰਮ ਦੀ ਸਰਬਸ਼੍ਰੇਸ਼ਟਤਾ ਭਾਰੂ ਰਹੀ। ਇਸ ਨੂੰ ਅਮਲ ਵਿੱਚ ਲਿਆਉਣ ਦੇ ਤੌਰ ਤਰੀਕਿਆਂ ਵਿੱਚ ਢਿਲ ਮੱਠ ਤਾਂ ਆਉਂਦੀ ਰਹੀ, ਪਰ ਖੜੋਤ ਨਹੀਂ ਆਈ। ਔਰੰਗਜ਼ੇਬ ਦੇ ਰਾਜਕਾਲ ਵਿੱਚ ਇਹ ਸਿਖਰ ’ਤੇ ਸੀ। ਇਸਲਾਮ ਵਿੱਚ ‘ਰੱਬ’ (ਅੱਲ੍ਹਾ) ਅਸਲ ਬਾਦਸ਼ਾਹ ਹੈ ਅਤੇ ਦੁਨਿਆਵੀ ਰਾਜੇ ਸਿਰਫ਼ ਉਸ ਦੇ ਏਜੰਟ। ਇਨ੍ਹਾਂ ਦਾ ਮੁੱਖ ਕਰਤਵ ਇਸਲਾਮ ਨੂੰ ਫੈਲਾਉਣਾ ਹੀ ਹੈ। ਭਰਾਵਾਂ ਤੇ ਭਤੀਜਿਆਂ ਦੇ ਕਤਲ ਅਤੇ ਪਿਉ ਨੂੰ ਕੈਦ ਕਰਨ ਕਾਰਨ ਉਸ ਦੇ ਅਕਸ ਨੂੰ ਲੱਗੇ ਦਾਗ਼ਾਂ ਨੂੰ ਧੋਣ ਲਈ ਉਹ ਜ਼ਾਲਮ ਕੱਟੜ ਮੁਸਲਿਮ ਸੁਧਾਰਕ ਬਣ ਬੈਠਾ।
ਹਿੰਦੂ ਪਰਜਾ ਪ੍ਰਤੀ ਨੀਤੀ ਤਹਿਤ ਉਸ ਨੇ ਆਪਣੇ ਸਾਮਰਾਜ ਦੀ ਕੁੱਲ ਤਾਕਤ ਹਿੰਦੂਆਂ ਨੂੰ ਖ਼ਤਮ ਕਰਨ ’ਤੇ ਲਾ ਦਿੱਤੀ। ਇਸੇ ਲਈ ਸਰ ਜਦੂਨਾਥ ਸਰਕਾਰ, ਸੱਯਦ ਮੁਹੰਮਦ ਲਤੀਫ਼ ਅਤੇ ਹੋਰ ਇਤਿਹਾਸਕਾਰਾਂ ਦੇ ਹਵਾਲੇ ਦਿੰਦਾ ਹੋਇਆ ਡਾ. ਹਰੀ ਰਾਮ ਗੁਪਤਾ ਔਰੰਗਜ਼ੇਬ ਵੱਲੋਂ ਕੀਤੇ ਜ਼ੁਲਮਾਂ ਤੇ ਵਧੀਕੀਆਂ ਬਾਰੇ ਤਫ਼ਸੀਲ ਵਿੱਚ ਲਿਖਦਾ ਹੈ (ਪਰ ਇੱਥੇ ਤਫ਼ਸੀਲ ਦੇਣਾ ਸੰਭਵ ਨਹੀਂ): ਸਰਕਾਰੀ ਨੌਕਰੀਆਂ ਸਿਰਫ਼ ਮੁਸਲਮਾਨਾਂ ਲਈ ਸਨ। ਜੋਗੀ, ਸਾਧੂ ਰਾਜ ’ਚੋਂ ਕੱਢ ਦਿੱਤੇ ਗਏ ਸਨ। ਬਗ਼ਾਵਤਾਂ ਉੱਠ ਰਹੀਆਂ ਸਨ- ਜੰਗਾਂ ਚੱਲ ਰਹੀਆਂ ਸਨ। ਨਾਰਨੌਲ ਵਿੱਚੋਂ ਸਤਨਾਮੀ ਮੁਕਾ ਦਿੱਤੇ ਗਏ ਸਨ। ਸਿੱਖਾਂ ਨੂੰ ਏਸੇ ਢੰਗ ਨਾਲ ਲਿਆ ਜਾ ਰਿਹਾ ਸੀ ਤਾਂ ਕਿ ਉਹ ਇਸਲਾਮ ਕਬੂਲ ਕਰ ਲੈਣ ਜਾਂ ਮਾਰੇ ਜਾਣ। ਪੰਚਮ ਅਤੇ ਨੌਵੇਂ ਗੁਰੂ ਸਾਹਿਬਾਨ ਬਲੀਦਾਨ ਦੇ ਚੁੱਕੇ ਸਨ। ਮਰਾਠਿਆਂ ਵਿਰੁੱਧ ਜੰਗ ਜਾਰੀ ਸੀ। ਮਹਾਰਾਜਾ ਸ਼ਿਵਾਜੀ ਦੇ ਪੁੱਤਰ ਸੰਭਾਜੀ ਨੂੰ ਤਸੀਹੇ ਦੇ ਕੇ ਕਤਲ ਕਰ ਦਿੱਤਾ ਗਿਆ ਸੀ। ਸ਼ੀਆ ਮੁਸਲਮਾਨ ਅਤੇ ਸੂਫ਼ੀ ਆਦਿ ਵੀ ਨਹੀਂ ਸਨ ਬਖ਼ਸ਼ੇ ਜਾ ਰਹੇ। ਸਭ ਮਿਲਾ ਕੇ ਡਾਕਟਰ ਗੁਪਤਾ ਖਾਲਸੇ ਦੀ ਸਿਰਜਣਾ ਦੇ ਕਾਰਨ ਹੇਠ ਲਿਖੇ ਅਨੁਸਾਰ ਦੱਸਦੇ ਹਨ:
w ਸਿੱਖਾਂ ਅਤੇ ਪਹਾੜੀ ਰਾਜਿਆਂ ਜੋ ਜਾਤਾਂ-ਪਾਤਾਂ ’ਚ ਵੰਡੇ ਹੋਏ ਸਨ, ਵਿੱਚ ਸਮਝੌਤਾ ਸੰਭਵ ਨਹੀਂ ਸੀ। ਇਹ ਪਿੱਛੇ ਹੋ ਚੁੱਕੀਆਂ ਘਟਨਾਵਾਂ ਤੋਂ ਜ਼ਾਹਰ ਸੀ।
w ਔਰੰਗਜ਼ੇਬ ਦੀ ਧਾਰਮਿਕ ਕੱਟੜਤਾ ਦਾ ਕੌਮੀ ਫ਼ੌਜ ਦੇ ਸੰਗਠਨ ਤੋਂ ਬਗੈਰ ਟਾਕਰਾ ਅਸੰਭਵ ਸੀ।
w ਉਪਰੋਕਤ ਸੋਚ ’ਤੇ ਆਧਾਰਿਤ ਗੁਰੂ ਸਾਹਿਬ ਵੱਲੋਂ ਮਾਇਆ, ਹਥਿਆਰ, ਘੋੜੇ, ਨੌਜਵਾਨ, ਘੋੜਸਵਾਰੀ ਅਤੇ ਫ਼ੌਜੀ ਸਿਖਲਾਈ, ਰਣਜੀਤ ਨਗਾਰੇ ਦੀ ਵਰਤੋਂ, ਅਨੁਸ਼ਾਸਨ ਅਤੇ ਸਵੈ-ਚਰਿੱਤਰ ’ਤੇ ਜ਼ੋਰ, ਕਿਲ੍ਹਿਆਂ ਦੀ ਉਸਾਰੀ ਆਦਿ ਨੇ ਪਹਾੜੀ ਰਾਜਿਆਂ ਦੇ ਮਨਾਂ ਵਿੱਚ ਭੈਅ ਪੈਦਾ ਕਰ ਦਿੱਤਾ ਸੀ। ਉਹ ਕਿਆਸ ਕਰਦੇ ਸਨ ਕਿ ਗੁਰੂ ਜੀ ਪਹਾੜਾਂ ਵਿੱਚ ਆਪਣੀ ਵੱਖਰੀ ਸਿੱਖ ਰਿਆਸਤ ਕਾਇਮ ਕਰਨੀ ਚਾਹੁੰਦੇ ਸਨ। ਉਨ੍ਹਾਂ ਮੁਤਾਬਿਕ ਗੁਰੂ ਦਾ ਮਕਸਦ ‘ਮੁਲਕਗੀਰੀ’ ਅਤੇ ‘ਜਹਾਂਗੀਰੀ’ ਹੈ।
w ਮੁਗ਼ਲ ਜਰਨੈਲ ਅਤੇ ਉਨ੍ਹਾਂ ਦੀ ਸਹਾਇਕ ਮੁਸਲਿਮ ਵਸੋਂ ਅਤੇ ਪਹਾੜੀਏ, ਗੁਰੂ ਜੀ ਦੀ ਸ਼ਕਤੀ ਨੂੰ ਦਬਾਉਣਾ ਚਾਹੁੰਦੇ ਸਨ।
ਉਪਰੋਕਤ ਮਜਬੂਰੀਆਂ ਵੱਸ ਗੁਰੂ ਗੋਬਿੰਦ ਸਿੰਘ ਜੀ ਨੂੰ ਖ਼ਾਲਸੇ ਦਾ ਰੂਪ ਵਿੱਚ ਆਜ਼ਾਦ ਅਤੇ ਸਥਾਈ ਫ਼ੌਜ ਖੜ੍ਹੀ ਕਰਨੀ ਪਈ ਜੋ ਬਿਹਤਰੀਨ ਢੰਗ ਨਾਲ ਸਿਖਲਾਈਯਾਫ਼ਤਾ, ਸਖ਼ਤ ਅਨੁਸ਼ਾਸਿਤ, ਸਵੈ-ਕੁਰਬਾਨੀ ਅਤੇ ਗੁਰੂ ਪ੍ਰਤੀ ਵਫ਼ਾਦਾਰ ਹੋਵੇ। ਖਾਲਸਾ ਸਿਰਜਣਾ ਤੋਂ ਪਹਿਲਾਂ ਦਸਮ ਪਿਤਾ ਫ਼ੌਜਾਂ ਵਿੱਚ ਅਨੁਸ਼ਾਸਨਹੀਣਤਾ ਅਤੇ ਮੈਦਾਨ ਛੱਡ ਜਾਂ ਦੁਸ਼ਮਣ ਨਾਲ ਰਲ ਜਾਣ ਵਰਗੀਆਂ ਹਰਕਤਾਂ ਵੇਖ ਚੁੱਕੇ ਸਨ।
ਇਨ੍ਹਾਂ ਕਾਰਨਾਂ ਅਤੇ ਹਾਲਾਤ ਹੇਠ ਸੰਨ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਸਿਰਜਿਆ ਗਿਆ। ਕਿਵੇਂ, ਫੇਰ ਕਦੇ ਸਹੀ। ਆਉਂਦੇ ਹਾਂ ‘ਸਥਾਨ’ ਵੱਲ।
ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਰਵਿਦਾਸ ਜੀ ਦਾ ਇੱਕ ਸ਼ਬਦ ਆਦਰਸ਼ ਸਮਾਜ ਦੀ ਕਲਪਨਾ ਕਰਦਾ ਹੈ, ਜਿੱਥੇ ਹਰ ਪ੍ਰਾਣੀ ਪ੍ਰਸੰਨ ਹੋਵੇਗਾ, ਡਰ ਜਾਂ ਚਿੰਤਾ ਮੁਕਤ ਅਤੇ ਵਿਤਕਰੇ ਤੋਂ ਪਰ੍ਹੇ; ਜਿੱਥੇ ਸਭ ਬਰਾਬਰ ਹੋਣਗੇ। ਭਗਤ ਰਵਿਦਾਸ ਜੀ ਨੇ ਇਸ ਸ਼ਹਿਰ/ਸਮਾਜ ਦਾ ਨਾਂ ਬੇਗਮਪੁਰਾ ਰੱਖਿਆ। ਪਹਿਲੇ ਨੌਂ ਗੁਰੂ ਸਾਹਿਬਾਨ ਅਜਿਹੇ ਪਿਆਰ ਅਤੇ ਸਮਰੱਥ ਦੇਸ਼ ਦੀ ਸਿਰਜਣਾ ਲਈ ਯਤਨਸ਼ੀਲ ਰਹੇ ਪਰ ਹਾਕਮ ਵਰਗ (ਮੁਗ਼ਲ ਅਤੇ ਪਹਾੜੀ ਰਾਜੇ) ਉਨ੍ਹਾਂ ਲਈ ਵੱਡੀ ਰੁਕਾਵਟ ਬਣ ਗਏ। ਦਸਮ ਪਿਤਾ ਦਾ ਸਮਾਂ ਆਇਆ ਤਾਂ ਉਨ੍ਹਾਂ ‘ਬੇਗਮਪੁਰਾ’ ਦਾ ਸਮ-ਅਰਥੀ ਸ਼ਹਿਰ ਆਨੰਦਪੁਰ ਵਸਾ ਲਿਆ, ਜਿਸ ਦੀ ਨੀਂਹ ਗੁਰੂ ਤੇਗ ਬਹਾਦਰ ਜੀ ਨੇ ਬਾਬਾ ਬੁੱਢਾ ਜੀ ਦੇ ਵੰਸ਼ਜ ਬਾਬਾ ਗੁਰਦਿੱਤਾ ਜੀ ਤੋਂ ਰਖਵਾਈ। ਇਹ ਚਿੰਤਾਮੁਕਤ ਆਨੰਦ ਨਗਰੀ ਬਣ ਗਿਆ। ਇੱਥੇ ਅੱਗੇ ਚੱਲ ਕੇ ਭੈਅ ਮੁਕਤ ਇਨਸਾਨਾਂ ਦੀ ਸਿਰਜਣਾ ਕੀਤੀ ਗਈ।
ਆਨੰਦਪੁਰ ਰੂਹਾਨੀਅਤ ਦਾ ਕੇਂਦਰ ਸੀ, ਜਿੱਥੇ ਆਥਣ-ਸਵੇਰ ਗੁਰਬਾਣੀ ਦਾ ਕੀਰਤਨ ਹੁੰਦਾ ਸੀ। ਇਹ ਚਰਿੱਤਰ ਨਿਰਮਾਣ ਦੀ ਪਾਠਸ਼ਾਲਾ ਸੀ। ਇੱਥੇ ਗੁਰੂ ਸਾਹਿਬਾਨ ਵੱਲੋਂ ਉਲੀਕੀ ਆਜ਼ਾਦੀ, ਬਰਾਬਰੀ ਅਤੇ ਆਪਸੀ ਪ੍ਰੇਮ ਦਾ ਪਾਠ ਦ੍ਰਿੜ੍ਹ ਕਰਵਾਇਆ ਜਾਂਦਾ ਸੀ। ਇਹ ਫ਼ੌਜੀ ਸਿਖਲਾਈ ਕੇਂਦਰ ਵੀ ਸੀ ਜਿੱਥੇ ਆਖ਼ਰੀ ਹਥਿਆਰ ਵਜੋਂ ਚੁੱਕੇ ਸ਼ਸਤਰਾਂ ਦੀ ਸਿਖਲਾਈ ਦਿੱਤੀ ਜਾਂਦੀ ਸੀ। ਗੁਰੂ ਸਾਹਿਬ ਦਾ ਨਿਸ਼ਾਨ, ਬੁਲੰਦੀ ਦਾ ਸਿਖ਼ਰ ਸੀ। ਇੱਥੋਂ ਦੀਆਂ ਪਹਾੜੀਆਂ, ਉੱਚੀਆਂ ਨੀਵੀਆਂ ਖੱਡਾਂ, ਟੁੱਟੀ ਫੁੱਟੀ ਜ਼ਮੀਨ, ਫ਼ੌਜੀ ਪੱਖ ਤੋਂ ਕਿਸੇ ਹੋਣ ਵਾਲੇ ਜੰਗ ਵਿੱਚ ਰੱਖਿਆਤਮਕ ਵਰਤੋਂ ਲਈ ਨਰੋਈ ਜ਼ਮੀਨ ਸੀ, ਜਿੱਥੇ ਘੱਟ ਗਿਣਤੀ ਵਿੱਚ ਫ਼ੌਜ, ਕਈ ਗੁਣਾ ਦੁਸ਼ਮਣ ਨੂੰ ਬਹੁਤ ਦੇਰ ਤੱਕ ਰੋਕ ਕੇ ਖ਼ਤਮ ਕਰ ਸਕਦੀ ਸੀ। ਗੁਰੂ ਗੋਬਿੰਦ ਸਿੰਘ ਜੀ ਬਚਪਨ ਤੋਂ ਹੀ ਜੰਗੀ ਅਭਿਆਸ, ਝੂਠੀ ਮੂਠੀ ਦੀਆਂ ਲੜਾਈਆਂ ਦਾ ਅਭਿਆਸ ਕਰਦੇ ਕਰਵਾਉਂਦੇ ਰਹੇ ਸਨ ਅਤੇ ਖ਼ਾਲਸਾ ਸਿਰਜਣਾ ਤੋਂ ਪਹਿਲਾਂ ਜਬਰ ਵਿਰੁੱਧ ਦੋ ਹੱਥ ਕਰ ਚੁੱਕੇ ਸਨ। ਹਾਲਾਤ ਅਨੁਸਾਰ ਇਹ ਇੱਕ ਮਜ਼ਬੂਤ ਰੱਖਿਆ ਦਾ ਆਧਾਰ ਸੀ ਅਤੇ ਗੁਰੂ ਜੀ ਨੇ ਇਸ ਦੀ ਵਰਤੋਂ ਇੱਕ ਵਿਲੱਖਣ ਫ਼ੌਜੀ ਜਰਨੈਲ ਵਜੋਂ ਕੀਤੀ। ਉਨ੍ਹਾਂ ਨੇ ਇਸ ਦੀ ਰੱਖਿਆ ਲਈ ਛੇ ਕਿਲ੍ਹੇ ਉਸਾਰੇ। ਇਹ ਚੌਤਰਫ਼ੀ ਹੋਣ ਸਦਕਾ ਦੁਸ਼ਮਣ ਵਾਰ ਵਾਰ ਹਮਲੇ ਕਰਕੇ ਵੀ ਕਾਬਜ਼ ਨਾ ਹੋ ਸਕਿਆ ਅਤੇ ਅੰਤ ਦੁਸ਼ਮਣ ਨੂੰ ਇਹ ਖਾਲੀ ਕਰਵਾਉਣ ਲਈ ਹੋਰ ਹਥਕੰਡੇ ਵਰਤਣੇ ਪਏ।
ਆਨੰਦਪੁਰ ਇਨਕਲਾਬੀ ਧਰਤੀ ਹੋ ਨਿੱਬੜੀ। ਇਹ ਸਿਰਫ਼ ਇਸ ਸ਼ਹਿਰ ਜਾਂ ਜਗ੍ਹਾ ਦਾ ਨਾਂ ਨਹੀਂ, ਸਗੋਂ ਇੱਕ ਸੰਕਲਪ ਦੀ ਰੂਪ-ਰੇਖਾ ਹੈ। ਇਹ ਭਾਰਤੀ ਅਤੇ ਵਿਸ਼ਵ ਮਨੁੱਖ ਦੀ ਕਾਇਆ ਪਲਟਾ ਦੇਣ ਦਾ ਪ੍ਰਣ ਹੈ, ਧਰਮ ਅਤੇ ਸਮਾਜ ਦੀ ਨਵੀਂ ਪਛਾਣ। ਇਹ ਅਮਲ ਦਾ ਮੈਦਾਨ ਹੈ। ਇਹ ਬਾਦਸ਼ਾਹ ਦਰਵੇਸ਼ ਦੀ ਕਰਮ ਭੂਮੀ, ਰਾਜਿਆਂ ਦੀ ਖੈ ਅਤੇ ਰੰਕਾਂ ਦੀ ਜਿੱਤ ਦਾ ਐਲਾਨ ਹੈ। ਇਸੇ ਧਰਤੀ ਤੋਂ ਉੱਠ ਕੇ ਸਿੰਘਾਂ ਨੇ ਕੁੱਲ ਦੁਨੀਆ ਦਾ ਬਾਦਸ਼ਾਹ ਕਹਾਉਣ ਵਾਲੇ ਮੁਗ਼ਲਾਂ ਦੇ ਰਾਜ ਨੂੰ ਰੋਲ ਕੇ ਰੱਖ ਦਿੱਤਾ। ਹਲ ਵਾਹੁਣ ਵਾਲਿਆਂ ਨੂੰ ਸ਼ਾਹੀ ਤਖ਼ਤ ’ਤੇ ਬਿਠਾਉਣਾ, ਕੀ ਇਨਕਲਾਬ ਨਹੀਂ? ਤਦੇ ਤਾਂ ਬੁੱਲ੍ਹੇ ਸ਼ਾਹ ਕਹਿੰਦਾ ਹੈ:
ਭੂਰਿਆਂ ਵਾਲੇ ਰਾਜੇ ਕੀਤੇ
ਮੁਗ਼ਲਾਂ ਜ਼ਹਿਰ ਪਿਆਲ ਪੀਤੇ।
ਦਸਮ ਪਾਤਸ਼ਾਹ ਨੇ ਕਿਹਾ ਸੀ: ‘‘ਚਾਰੇ ਵਰਨ ਇੱਕ ਹੋ ਜਾਣਗੇ। ਖ਼ਾਲਸਾ ਰਾਜ ਕਰੇਗਾ। ਸਿੰਘਾਂ ਦੇ ਦਰਵਾਜ਼ਿਆਂ ਉੱਤੇ ਹਾਥੀ ਝੂਲਣਗੇ ਅਤੇ ਨਗਾਰੇ ਵੱਜਣਗੇ।” ਉਨ੍ਹਾਂ ਜੋ ਕਿਹਾ ਸੀ, ਉਹ ਸੱਚ ਕਰ ਵਿਖਾਇਆ। ਗੁਰੂ ਸਾਹਿਬ ਨੇ ਆਦਰਸ਼ ਮਨੁੱਖ, ਆਦਰਸ਼ ਸਮਾਜ ਅਤੇ ਆਦਰਸ਼ ਰਾਜ ਦੀ ਮੰਜ਼ਿਲ ਲੈ ਕੇ ਦਿੱਤੀ। ਉਹ ਮਾਨਵ ਏਕਤਾ, ਆਜ਼ਾਦੀ ਅਤੇ ਮਨੁੱਖੀ ਗੌਰਵ ਲਈ ਜ਼ੁਲਮ-ਜਬਰ ਵਿਰੁੱਧ ਸੰਘਰਸ਼ ਦੇ ਪ੍ਰਤੀਕ ਬਣ ਗਏ। ਇਹ ਉਨ੍ਹਾਂ ਦੀ ਦੂਜੀ ਕਰਾਮਾਤ ਜਾਂ ਕ੍ਰਿਸ਼ਮਾ ਹੈ, ਇਹ ਸਮਾਜਿਕ ਇਨਕਲਾਬ। ਗੁਰੂ ਜੀ ਨੇ ਆਮ ਨਹੀਂ ਸਗੋਂ ਬੇਹੱਦ ਨੀਵੇਂ ਸਮਝੇ ਜਾਂਦੇ ਲੋਕਾਂ ਨੂੰ ਖਾਲਸਾ ਅਤੇ ਆਪਣੀਆਂ ਫ਼ੌਜਾਂ ਦੇ ਜਰਨੈਲ ਬਣਾਇਆ। ਪ੍ਰੋ. ਕਿਸ਼ਨ ਸਿੰਘ ਇਸ ਨੂੰ ਸਭ ਤੋਂ ਜ਼ਿਆਦਾ ਜਮਹੂਰੀ ਲਹਿਰ ਲਿਖਦੇ ਹਨ ਅਤੇ ਗੁਰੂ ਜੀ ਦੇ ਖ਼ਾਲਸੇ ਨੂੰ ਤਵਾਰੀਖ਼ ਵਿੱਚ ਪਹਿਲੀ ਜਮਹੂਰੀ ਫ਼ੌਜ। ਇਸ ਸਭ ਕੁਝ ਨੂੰ ਅੱਜ ਦੇ ਨਹੀਂ ਸਗੋਂ ਸਤਾਰਵੀਂ-ਅਠਾਰਵੀਂ ਸਦੀ ਦੇ ਮਾਹੌਲ ਵਿੱਚ ਰੱਖ ਕੇ ਪਰਖਿਆ ਜਾਏ ਤਾਂ ਇਹ ਮਹਾਂ-ਇਨਕਲਾਬ ਸੀ। ਇਸ ਇਨਕਲਾਬ ਵਿੱਚ ਮਾਤਾਵਾਂ ਅਤੇ ਬੀਬੀਆਂ ਦਾ ਯੋਗਦਾਨ ਸ਼ੁਰੂ ਤੋਂ ਹੀ ਰਿਹਾ ਹੈ।
ਨਰਿੰਜਨ ਸਿੰਘ ਸਾਥੀ ਲਿਖਦੇ ਸਨ: “ਆਨੰਦਪੁਰ ਵਿੱਚ ਵਾਪਰੇ ਸੀਸ ਭੇਂਟ ਕੌਤਕ ਨੇ ਦੇਸ਼ ਦੀ ਰਾਜਸੀ ਅਤੇ ਸਮਾਜੀ ਬਣਤਰ ਵਿੱਚ ਜੋ ਇਨਕਲਾਬ ਲਿਆਂਦਾ, ਉਸ ਦਾ ਆਧਾਰ ਵਿਅਕਤੀਗਤ ਮਨੁੱਖੀ ਚਰਿੱਤਰ ਦੀ ਉਸਾਰੀ ਸੀ, ਜੋ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਨੌਂ ਗੁਰੂ ਸਾਹਿਬਾਨ ਨੇ ਕੀਤੀ।’’ ਡਾ. ਗੋਕਲ ਚੰਦ ਨਾਰੰਗ ਅਨੁਸਾਰ, ‘‘ਗੁਰੂ ਨਾਨਕ ਜੀ ਵੱਲੋਂ ਮੁਹੱਈਆ ਕੀਤੇ ਲੋਹੇ ਨੂੰ ਦਸਵੇਂ ਗੁਰੂ ਨੇ ਇਸ ਤਰ੍ਹਾਂ ਸਾਣ ਉੱਤੇ ਚਾੜ੍ਹਿਆ ਕਿ ਉਸ ਵਿੱਚੋਂ ਪੈਦਾ ਹੋਏ ਖ਼ਾਲਸੇ ਨੇ ਪੰਜਾਬ ਅਤੇ ਭਾਰਤ ਦੀ ਤਕਦੀਰ ਬਦਲ ਕੇ ਰੱਖ ਦਿੱਤੀ।” ਗੁਰੂ ਕੀਆਂ ਜੰਗਾਂ ਖ਼ੂਨ ਡੋਲ੍ਹਣ ਲਈ ਨਹੀਂ ਸਨ, ਸਗੋਂ ਇੱਕ ਸੁੱਤੀ ਕੌਮ ਨੂੰ ਜਗਾਉਣ ਦੇ ਦੈਵੀ ਮਿਸ਼ਨ ਦੀ ਪੂਰਤੀ ਸੀ।
ਆਨੰਦਪੁਰ ਦੀ ਧਰਤੀ ’ਤੇ ਪੁੱਜਣ ਤੋਂ ਪਹਿਲਾਂ ਗੁਰੂ ਕਿਆਂ ਦਾ ਅਤੇ ਬਾਬਰ ਦੇ ਲਾਣੇ ਦਾ ਸੰਘਰਸ਼ ਦੌਰ ਚੱਲ ਰਿਹਾ ਸੀ। ਇਹ ਦੌਰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਚੱਲ ਚੁੱਕਾ ਸੀ। ਨੌਵੇਂ ਪਾਤਸ਼ਾਹ ਦੀ ਸ਼ਹੀਦੀ ਪਿੱਛੋਂ ਇਸ ਦਾ ਦੂਜਾ ਗੇੜ ਸ਼ੁਰੂ ਹੋਇਆ। ਅਸਲ ਵਿੱਚ ਇਹ ਸੰਘਰਸ਼ ਦੋ ਵਿਚਾਰਧਾਰਾਵਾਂ ਦੀ ਟੱਕਰ ਸੀ। ਗੁਰੂ-ਸ਼ਹੀਦੀਆਂ ਤਾਂ ਇਸ ਦੇ ਪੜਾਅ ਸਨ। ਟੱਕਰ ਇਸ ਗੱਲ ਦੀ ਸੀ ਕਿ ਇੱਕ ਦੇਸ਼ ਦੇ ਲੋਕਾਂ ਉੱਤੇ ਜਾਂ ਕਿਸੇ ਵੀ ਦੇਸ਼ ਦੇ ਲੋਕਾਂ ਉੱਤੇ ਕੋਈ ਓਪਰਾ ਧਰਮ ਅਤੇ ਸੱਭਿਆਚਾਰ ਠੋਸਣ ਦੀ ਥਾਂ ਉਸ ਦੇ ਮੂਲ ਬਸ਼ਿੰਦਿਆਂ ਨੂੰ ਆਪਣੀ ਪਰੰਪਰਾ, ਧਰਮ ਅਤੇ ਸੱਭਿਆਚਾਰ ਮੁਤਾਬਿਕ ਜਿਊਣ ਦਿੱਤਾ ਜਾਵੇ। ਇਹ ਟੱਕਰ ਮਨੁੱਖੀ ਜ਼ਮੀਰ ਦੀ ਆਜ਼ਾਦੀ ਅਤੇ ਨੇਕੀ ਤੇ ਬਦੀ ਦਾ ਮਸਲਾ ਬਣ ਗਿਆ। ਦਸਮੇਸ਼ ਪਿਤਾ ਨੇ ਖ਼ਾਲਸੇ ਨੂੰ ‘ਆਪਣਾ ਰੂਪ’ ਆਖ ਕੇ ਖ਼ਾਲਸੇ ਦੇ ਚਰਿੱਤਰ ਨੂੰ ਸਿਖ਼ਰ ਦੀ ਬੁਲੰਦੀ ਬਖ਼ਸ਼ੀ।