ਖ਼ਾਲਸਾ ਸਾਜਨਾ ਦਿਵਸ: ਗੁਰਦੁਆਰਾ ਬਹਾਦਰਗੜ੍ਹ ’ਚ ਵੱਡੀ ਗਿਣਤੀ ਸੰਗਤ ਨਤਮਸਤਕ
ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਅਪਰੈਲ
ਜ਼ਿਲ੍ਹੇ ਦੇ ਗੁਰੂ ਘਰਾਂ ਵਿੱਚ ਅੱਜ ਖ਼ਾਲਸਾ ਸਾਜਨਾ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਅਤੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਵਿੱਚ ਵੱਡੀ ਗਿਣਤੀ ਸੰਗਤ ਨੇ ਮੱਥਾ ਟੇਕਿਆ। ਦੂਖਨਿਵਾਰਨ ਸਾਹਿਬ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਸਿੰਘ ਵੀ ਨਤਮਸਤਕ ਹੋਣ ਪੁੱਜੇ ਸਨ। ਜਾਣਕਾਰੀ ਅਨੁਸਾਰ ਅੱਜ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਵਿੱਚ ਜੋੜ ਮੇਲੇ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਪੁੱਜੀ ਸੰਗਤ ਨੇ ਕਤਾਰਾਂ ’ਚ ਖੜ੍ਹ ਕੇ ਮੱਥਾ ਟੇਕਿਆ ਅਤੇ ਪਵਿੱਤਰ ਸਰੋਵਰ ’ਚ ਇਸ਼ਨਾਨ ਕੀਤਾ। ਇਸ ਮੌਕੇ ਮੈਨੇਜਰ ਸੁਰਜੀਤ ਸਿੰਘ ਕੌਲੀ ਦੀ ਦੇਖ-ਰੇਖ ਹੇਠ ਪ੍ਰਬੰਧਾਂ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਹਜ਼ੂਰੀ ਕੀਰਤਨੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ। ਧਾਰਮਿਕ ਸਮਾਗਮ ਦੌਰਾਨ ਉਚੇਚੇ ਤੌਰ ’ਤੇ ਪੁੱਜੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ ਅਤੇ ਹੋਰਾਂ ਨੇ ਅੱਜ ਦੇ ਦਿਹਾੜੇ ਦੀ ਵਿਸ਼ੇਸ਼ਤਾ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਅਜਿਹੇ ਖਾਲਸੇ ਪੰਥ ਦੀ ਸਿਰਜਣਾ ਕੀਤੀ, ਜਿਸ ਦੀ ਦੁਨੀਆ ਦੇ ਕਿਸੇ ਵੀ ਧਰਮ ਵਿਚ ਮਿਸਾਲ ਨਹੀਂ ਮਿਲਦੀ। ਉਨ੍ਹਾਂ ਅੱਜ ਦੇ ਵਿਸ਼ੇਸ਼ ਦਿਨ ਖਾਲਸੇ ਦੇ ਸਿਧਾਂਤ ਨੂੰ ਅਪਣਾਉਣ ’ਤੇ ਵੀ ਜ਼ੋਰ ਦਿੱਤਾ। ਮੈਨੇਜਰ ਮਨਜੀਤ ਸਿੰਘ ਕੌਲੀ ਇਨ੍ਹਾਂ ਸ਼ਖਸੀਅਤਾਂ ਦਾ ਸਨਮਾਨ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਢੀਂਡਸਾ, ਸੁਰਿੰਦਰ ਸਿੰਘ ਘੁਮਾਣਾ, ਪ੍ਰਚਾਰਕ ਪਰਵਿੰਦਰ ਸਿੰਘ ਬਰਾੜਾ, ਲਖਵਿੰਦਰ ਸਿੰਘ ਅਜਰਾਵਰ, ਪਰਵਿੰਦਰ ਸਿੰਘ ਰਿਉਂਦ, ਭਾਈ ਕੁਲਵਿੰਦਰ ਸਿੰਘ ਤੇ ਬਾਬਾ ਸੋਹਣ ਸਿੰਘ ਕਾਰ ਸੇਵਾ ਵਾਲੇ ਆਦਿ ਮੌਜੂਦ ਸਨ।
ਦੂਜੇ ਪਾਸੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਅੱਜ ਵਿਸਾਖੀ ਦੇ ਸਾਲਾਨਾ ਜੋੜ ਮੇਲ ਮੌਕੇ ਖਾਲਸਾ ਸਾਜਨਾ ਦਿਵਸ ਸੰਗਤ ਨੇ ਗੁਰੂ ਘਰ ਨਤਮਸਤਕ ਹੋ ਕੇ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਮੈਨੇਜਰ ਨਿਸ਼ਾਨ ਸਿੰਘ ਜੱਫਰਵਾਲ ਦੀ ਦੇਖੇਰੇਖ ਹੇਠਾਂ ਹੋਏ ਪ੍ਰਬੰਧਾਂ ਦੇ ਅਧੀਨ ਇਥੇ ਵੀ ਪਾਠ ਦੇ ਭੋਗ ਪਾਏ ਗਏ ਅਤੇ ਕੀਰਤਨੀ ਜਥਿਆਂ ਨੇ ਸੰਗਤ ਨੂੰ ਗੁਰੂ ਇਤਿਹਾਸ ਨਾਲ ਜੋੜਿਆ।
ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਮਾਨਵਤਾ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਸੁਰਜੀਤ ਸਿੰਘ ਗੜ੍ਹੀ ਤੇ ਜਸਮੇਰ ਸਿੰਘ ਲਾਛੜੂ ਨੇ ਵੀ ਸ਼ਿਰਕਤ ਕੀਤੀ ਤੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸੰਗਤਾਂ ਨੂੰ ਸੰਬੋਧਨ ਕੀਤਾ।
ਮੈਨੇਜਰ ਨਿਸ਼ਾਨ ਸਿੰਘ ਜੱਫਰਵਾਲ ਨੇ ਦੱਸਿਆ ਕਿ ਇਸ ਮੌਕੇ 212 ਪ੍ਰਾਣੀਆਂ ਨੇ ਅੰਮ੍ਰਿਤ ਵੀ ਛਕਿਆ।
ਡਕਾਲਾ (ਮਾਨਵਜੋਤ ਭਿੰਡਰ): ਇਥੋਂ ਨੇੜਲੇ ਕਰਹਾਲੀ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਤੇ ਨੌਵੀਂ ਵਿੱਚ ਖਾਲਸਾ ਸਾਜਨਾ ਦਿਵਸ ਮੌਕੇ ਵੱਡੀ ਗਿਣਤੀ ਸੰਗਤ ਵੱਲੋਂ ਮੱਥਾ ਟੇਕਿਆ ਗਿਆ। ਸਵੇਰ ਵੇਲੇ ਤੋਂ ਹੀ ਇਲਾਕੇ ਭਰ ’ਚੋਂ ਸੰਗਤਾਂ ਦੀ ਆਮਦ ਸ਼ੁਰੂ ਹੋ ਗਈ ਜਿਹੜੀ ਦਿਨ ਭਰ ਜਾਰੀ ਰਹੀ| ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਰਾਗੀ ਤੇ ਢਾਡੀ ਸਿੰਘਾਂ ਨੇ ਸਿੱਖ ਇਤਿਹਾਸ ’ਤੇ ਚਾਨਣਾ ਪਾਇਆ।