ਖ਼ਾਮੋਸ਼ ਨਹੀਂ ਹੁੰਦੇ ਸਵਾਲ
ਅਰਵਿੰਦਰ ਜੌਹਲ
ਅਪਰੇਸ਼ਨ ‘ਸਿੰਧੂਰ’ ਤੋਂ ਬਾਅਦ ਜਦੋਂ ਇਸ ਬਾਰੇ ਜਾਣਕਾਰੀ ਦੇਣ ਲਈ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਸੱਜੇ-ਖੱਬੇ ਕਰਨਲ ਸੋਫ਼ੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਯੋਮਿਕਾ ਸਿੰਘ ਬੈਠੀਆਂ ਸਨ ਤਾਂ ਸਮੁੱਚੇ ਦੇਸ਼ ਵਾਸੀ ਬਹੁਤ ਮਾਣ ਮਹਿਸੂਸ ਕਰ ਰਹੇ ਸਨ ਕਿ ਦੇਸ਼ ਵਾਸੀਆਂ ਅਤੇ ਸਮੁੱਚੀ ਦੁਨੀਆ ਨੂੰ ਇਸ ਕਾਰਵਾਈ ਬਾਰੇ ਜਾਣੂ ਕਰਵਾਉਣ ਦੇ ਅਮਲ ਵਿੱਚ ਦੋ ਔਰਤਾਂ ਨੂੰ ਨੁਮਾਇੰਦਗੀ ਦਿੱਤੀ ਗਈ ਹੈ। ਇਸ ਨਾਲ ਸਮੁੱਚੇ ਵਿਸ਼ਵ ਵਿੱਚ ਭਾਰਤ ਦਾ ਇੱਕ ਹਾਂ-ਪੱਖੀ ਅਕਸ ਉੱਭਰ ਕੇ ਸਾਹਮਣੇ ਆਉਣ ਦੀ ਗੱਲ ਹੋਣ ਲੱਗੀ ਤੇ ਮੀਡੀਆ ’ਚ ਕਿਹਾ ਗਿਆ ਕਿ ਇਹ ਭਾਰਤ ਦੀ ਨਾਰੀ ਸ਼ਕਤੀ ਦੀ ਨੁਮਾਇੰਦਗੀ ਦੀ ਮੁਕੰਮਲ ਤਸਵੀਰ ਹੈ। ਪਰ ਹਾਲੇ ਹਫ਼ਤਾ ਵੀ ਨਹੀਂ ਸੀ ਬੀਤਿਆ ਕਿ ਮੱਧ ਪ੍ਰਦੇਸ਼ ਦੇ ਮੰਤਰੀ ਵਿਜੈ ਸ਼ਾਹ ਨੇ ਕਰਨਲ ਸੋਫ਼ੀਆ ਕੁਰੈਸ਼ੀ ਦੀ ਪਛਾਣ ਨੂੰ ਇੱਕ ਵਿਸ਼ੇਸ਼ ਸਮਾਜ ਅਤੇ ਧਰਮ ਨਾਲ ਜੋੜ ਕੇ ਸਮੁੱਚੇ ਦੇਸ਼ ਦਾ ਸਿਰ ਨੀਵਾਂ ਕਰਵਾ ਦਿੱਤਾ।
ਇਸ ਸਮੁੱਚੇ ਮਾਮਲੇ ਦਾ ਸਭ ਤੋਂ ਦੁਖਦਾਈ ਪਹਿਲੂ ਇਹ ਰਿਹਾ ਕਿ ਭਾਰਤੀ ਫ਼ੌਜ, ਜਿਸ ਦੀ ਕੋਈ ਧਾਰਮਿਕ ਪਛਾਣ ਨਹੀਂ, ਦੀ ਨੁਮਾਇੰਦਗੀ ਕਰਨ ਵਾਲੀ ਕਰਨਲ ਸੋਫ਼ੀਆ ਕੁਰੈਸ਼ੀ ਨੂੰ ਪਹਿਲਗਾਮ ’ਚ ਦਹਿਸ਼ਤੀ ਕਾਰਾ ਕਰਨ ਵਾਲਿਆਂ ਦੇ ਧਰਮ ਨਾਲ ਜੋੜਦਿਆਂ ਉਨ੍ਹਾਂ ਦੀ ਭੈਣ ਕਹਿ ਕੇ ਨਾ ਕੇਵਲ ਦੇਸ਼ ਦੀ ਇੱਕ ਧੀ, ਭੈਣ ਅਤੇ ਫ਼ੌਜੀ ਅਫ਼ਸਰ ਦਾ ਅਪਮਾਨ ਕੀਤਾ ਗਿਆ ਸਗੋਂ ਮੰਤਰੀ ਦੀ ਇਹ ਟਿੱਪਣੀ ਭਾਰਤੀ ਫ਼ੌਜ ਲਈ ਵੀ ਨਮੋਸ਼ੀ ਦਾ ਸਬੱਬ ਬਣੀ। ਕਰਨਲ ਸੋਫ਼ੀਆ ਦੇ ਪਰਿਵਾਰ ਦੀਆਂ ਕਈ ਪੀੜ੍ਹੀਆਂ ਫ਼ੌਜ ’ਚ ਸੇਵਾ ਨਿਭਾ ਚੁੱਕੀਆਂ ਹਨ। ਮੱਧ ਪ੍ਰਦੇਸ਼ ਦਾ ਇਹ ਜਨ-ਜਾਤੀ ਮੰਤਰੀ ਮੰਚ ’ਤੇ ਹਮਲਾਵਰ ਅੰਦਾਜ਼ ਵਿੱਚ ਉਂਗਲੀ ਚੁੱਕ-ਚੁੱਕ ਕੇ ਕਹਿ ਰਿਹਾ ਸੀ, ‘‘ਜਿਨਹੋਂ ਨੇ ਹਮਾਰੀ ਬੇਟੀਓਂ ਕੇ ਸਿੰਧੂਰ ਉਜਾੜੇ ਥੇ, ਹਮਨੇ ਉਨਹੀਂ ਕੀ ਬਹਿਨ ਭੇਜ ਕੇ ਉਨ ਕੀ ਐਸੀ ਤੈਸੀ ਕਰਵਾਈ ਹੈ। ਏਕ ਬਾਰ ਮੋਦੀ ਜੀ ਕੇ ਲੀਏ ਜ਼ੋਰਦਾਰ ਤਾਲੀਆਂ ਹੋ ਜਾਏਂ।’’ ਏਨਾ ਕਹਿ ਕੇ ਇਹ ਮੰਤਰੀ ਆਪਣੇ ਸਾਹਮਣੇ ਬੈਠੇ ਲੋਕਾਂ ਦੇ ਨਾਲ ਮੰਚ ’ਤੇ ਪਿੱਛੇ ਬੈਠੇ ਸਿਆਸੀ ਆਗੂਆਂ ਵੱਲ ਵੀ ਦੇਖਦਾ ਹੈ। ਉਸ ਵੇਲੇ ਮੰਚ ’ਤੇ ਸੂਬੇ ਦੀ ਇੱਕ ਮਹਿਲਾ ਮੰਤਰੀ ਸਾਵਿਤਰੀ ਠਾਕੁਰ ਅਤੇ ਵਿਧਾਇਕ ਊਸ਼ਾ ਠਾਕੁਰ ਵੀ ਬੈਠੀਆਂ ਸਨ। ਅਜਿਹੀ ਟਿੱਪਣੀ ਕਰ ਕੇ ਮੋਦੀ ਜੀ ਦੇ ਨਾਂ ’ਤੇ ਤਾੜੀਆਂ ਵਜਵਾਉਣ ਵੇਲੇ ਉਸ ਨੂੰ ਲੱਗ ਰਿਹਾ ਸੀ ਕਿ ਉਹ ਆਪਣੀ ਪਾਰਟੀ ਦੇ ਸਰਬਉੱਚ ਨੇਤਾ ਲਈ ਬਹੁਤ ਸ਼ੋਭਾ ਖੱਟਣ ਵਾਲਾ ਕੰਮ ਕਰ ਰਿਹਾ ਹੈ। ਉਨ੍ਹਾਂ ਤਾੜੀਆਂ ਤੋਂ ਉਤਸ਼ਾਹਿਤ ਹੋ ਕੇ ਉਸ ਨੇ ਕਰਨਲ ਸੋਫ਼ੀਆ ਕੁਰੈਸ਼ੀ ’ਤੇ ਆਪਣੀ ਟਿੱਪਣੀ ਜਾਰੀ ਰੱਖੀ ਜਿਸ ਦੀ ਭਾਸ਼ਾ ਨਾ ਤਾਂ ਮਰਿਆਦਾ ਦੇ ਦਾਇਰੇ ’ਚ ਆਉਂਦੀ ਸੀ ਅਤੇ ਨਾ ਹੀ ਸ਼ਾਇਸਤਗੀ ਦੇ। ਪਹਿਲਗਾਮ ਵਿੱਚ ਸੈਲਾਨੀਆਂ ’ਤੇ ਦਹਿਸ਼ਤੀ ਹਮਲੇ ’ਚ ਦੇਸ਼ ਦੀਆਂ ਧੀਆਂ ਦੇ ਸੁਹਾਗ ਉੱਜੜੇ ਸਨ ਅਤੇ ਭਾਰਤੀ ਫ਼ੌਜ ਨੇ ਦਹਿਸ਼ਤਗਰਦਾਂ ਦੇ ਨੌਂ ਟਿਕਾਣਿਆਂ ਨੂੰ ਤਬਾਹ ਕਰ ਕੇ ਦੇਸ਼ ਵੱਲੋਂ ਪਾਕਿਸਤਾਨ ਨੂੰ ਦਹਿਸ਼ਤਗਰਦੀ ਵਿਰੁੱਧ ਇੱਕ ਸਪੱਸ਼ਟ ਸੁਨੇਹਾ ਦਿੱਤਾ ਸੀ। ਪਰ ਮੰਤਰੀ ਨੇ ਇਸ ਸੰਜੀਦਾ ਮਾਮਲੇ ਨਾਲ ਪ੍ਰਧਾਨ ਮੰਤਰੀ ਦਾ ਨਾਂ ਜੋੜਦਿਆਂ ਭੱਦੀ ਤੇ ਅਸ਼ਲੀਲ ਭਾਸ਼ਾ ’ਚ ਕਿਹਾ, ‘‘ਅਬ ਮੋਦੀ ਜੀ ਕੱਪੜੇ ਤੋਂ ਨਹੀਂ ਉਤਾਰ ਸਕਤੇ ਥੇ, ਇਸ ਲੀਏ ਉਨ ਕੇ ਸਮਾਜ ਕੀ ਬਹਿਨ ਕੋ ਭੇਜਾ ਕਿ ਤੁਮਨੇ ਹਮਾਰੀ ਬਹਿਨੋਂ ਕੋ ਅਗਰ ਵਿਧਵਾ ਕੀਆ ਹੈ ਔਰ ਤੁਮਹਾਰੇ ਸਮਾਜ ਕੀ ਬਹਿਨ ਆ ਕੇ ਤੁਮ ਲੋਗੋਂ ਕੋ ਨੰਗਾ ਕਰ ਕੇ ਛੋੜੇਗੀ।’’ ਉਸ ਦੇ ਇਸ ਬਿਆਨ ’ਤੇ ਤਾੜੀਆਂ ਵੱਜਣ ਦੇ ਨਾਲ ਮੰਚ ’ਤੇ ਬੈਠੇ ਲੋਕਾਂ, ਜਿਨ੍ਹਾਂ ’ਚ ਮਹਿਲਾ ਮੰਤਰੀ ਤੇ ਵਿਧਾਇਕ ਵੀ ਸ਼ਾਮਲ ਸਨ, ਦੇ ਚਿਹਰਿਆਂ ’ਤੇ ਆਈ ਕੁਟਿਲ ਮੁਸਕਾਨ ਦੇਖ ਕੇ ਤੁਸੀਂ ਉਨ੍ਹਾਂ ਦੀਆਂ ਨੈਤਿਕ ਕਦਰਾਂ-ਕੀਮਤਾਂ ਅਤੇ ਜ਼ਹਿਨੀਅਤ ਬਾਰੇ ਅੰਦਾਜ਼ਾ ਲਾ ਸਕਦੇ ਹੋ। ਇੱਥੇ ਤਸੱਲੀ ਵਾਲੀ ਗੱਲ ਇਹ ਰਹੀ ਕਿ ਮੱਧ ਪ੍ਰਦੇਸ਼ ਹਾਈ ਕੋਰਟ ਦੇ ਜਸਟਿਸ ਅਤੁਲ ਸ੍ਰੀਧਰ ਅਤੇ ਜਸਟਿਸ ਅਨੁਰਾਧਾ ਸ਼ੁਕਲਾ ਦੇ ਡਿਵੀਜ਼ਨ ਬੈਂਚ ਨੇ ਵਿਜੈ ਸ਼ਾਹ ਦੇ ਕਰਨਲ ਸੋਫ਼ੀਆ ਨੂੰ ਨਿਸ਼ਾਨਾ ਬਣਾਉਣ ਵਾਲੇ ਬਿਆਨ, ਜਿਸ ’ਚ ਉਨ੍ਹਾਂ ਨੂੰ ‘ਅਤਿਵਾਦੀਆਂ ਦੀ ਭੈਣ’ ਵਜੋਂ ਦਰਸਾਉਣ ਦੀ ਕੋਸ਼ਿਸ਼ ਕੀਤੀ ਸੀ, ਦਾ ਖ਼ੁਦ ਨੋਟਿਸ ਲੈਂਦਿਆਂ ਮੰਤਰੀ ਖ਼ਿਲਾਫ਼ ਐੱਫ਼.ਆਈ.ਆਰ. ਦਰਜ ਕਰਨ ਦਾ ਹੁਕਮ ਦਿੱਤਾ। ਮੰਤਰੀ ਨੇ ਜਦੋਂ ਮੱਧ ਪ੍ਰਦੇਸ਼ ਹਾਈ ਕੋਰਟ ਦੇ ਇਸ ਹੁਕਮ ਖ਼ਿਲਾਫ਼ ਸੁਪਰੀਮ ਕੋਰਟ ’ਚ ਪਹੁੰਚ ਕੀਤੀ ਤਾਂ ਚੀਫ਼ ਜਸਟਿਸ ਬੀ.ਆਰ. ਗਵੱਈ ਨੇ ਵਿਜੈ ਸ਼ਾਹ ਦੇ ਅਜਿਹੇ ਬਿਆਨ ਬਾਰੇ ਸਵਾਲ ਉਠਾਉਂਦਿਆਂ ਕਿਹਾ ਕਿ ਸਰਕਾਰ ਦੇ ਜ਼ਿੰਮੇਵਾਰ ਮੰਤਰੀ ਹੋ ਕੇ ਉਹ ਇਸ ਤਰ੍ਹਾਂ ਦੇ ਬਿਆਨ ਕਿਵੇਂ ਦੇ ਸਕਦੇ ਹਨ? ਉਨ੍ਹਾਂ ਕਿਹਾ ਕਿ ਸੰਵਿਧਾਨਕ ਅਹੁਦਿਆਂ ’ਤੇ ਬੈਠੇ ਵਿਅਕਤੀਆਂ ਤੋਂ ਸੰਜਮ ਭਰੇ ਵਿਹਾਰ ਦੀ ਆਸ ਕੀਤੀ ਜਾਂਦੀ ਹੈ। ਸੁਪਰੀਮ ਕੋਰਟ ’ਚ ਇਸ ਮਾਮਲੇ ਦੀ ਅਗਲੀ ਸੁਣਵਾਈ 19 ਮਈ ਨੂੰ ਹੈ।
ਚੀਫ਼ ਜਸਟਿਸ ਵੱਲੋਂ ਹਾਲੇ ਵਿਜੈ ਸ਼ਾਹ ਦੇ ਮਾਮਲੇ ’ਚ ਸੰਜਮੀ ਵਿਹਾਰ ਦਾ ਸਬਕ ਪੜ੍ਹਾਇਆ ਹੀ ਗਿਆ ਸੀ ਕਿ ਮੱਧ ਪ੍ਰਦੇਸ਼ ਦੇ ਹੀ ਉੱਪ ਮੁੱਖ ਮੰਤਰੀ ਜਗਦੀਸ਼ ਦੇਵੜਾ ਨੇ ਇੱਕ ਨਵਾਂ ਵਿਵਾਦਮਈ ਬਿਆਨ ਦਾਗ ਦਿੱਤਾ। ਜਿੱਥੇ ਵਿਜੈ ਸ਼ਾਹ ਨੇ ਮਹਿਲਾ ਫ਼ੌਜੀ ਅਫ਼ਸਰ ਕਰਨਲ ਸੋਫ਼ੀਆ ਕੁਰੈਸ਼ੀ ਦੇ ਵੱਕਾਰ ਨੂੰ ਢਾਹ ਲਾਉਣ ਵਾਲਾ ਬਿਆਨ ਦਿੱਤਾ ਸੀ, ਉੱਥੇ ਦੇਵੜਾ ਨੇ ਤਾਂ ਸਮੁੱਚੀ ਫ਼ੌਜ ਦੀ ਮਾਣ-ਮਰਿਆਦਾ ਨੂੰ ਹੀ ਢਾਹ ਲਾ ਦਿੱਤੀ। ਦੇਸ਼ ਦੀ ਜਿਸ ਬਹਾਦਰ ਫ਼ੌਜ ਨੇ ਪਹਿਲਗਾਮ ਹਮਲੇ ਦਾ ਜਵਾਬ ਦੇਣ ਲਈ ਪਾਕਿਸਤਾਨ ਅੰਦਰ ਨੌਂ ਦਹਿਸ਼ਤੀ ਟਿਕਾਣੇ ਤਬਾਹ ਕੀਤੇ, ਉਸੇ ਦੇ ਸਿਰ ’ਤੇ ਤੀਂਗੜਦਿਆਂ ਇਉਂ ਬਿਆਨ ਦੇ ਰਹੇ ਸਨ ਜਿਵੇਂ ਉਨ੍ਹਾਂ ਖ਼ੁਦ ਹੀ ਇਹ ਜੰਗ ਲੜੀ ਹੋਵੇ, ‘‘ਜਬ ਤਕ ਹਮ ਉਨ ਆਤੰਕਵਾਦੀਓਂ ਕੋ ਨੇਸਤੋਨਾਬੂਦ ਨਹੀਂ ਕਰ ਦੇਂਗੇ, ਤਬ ਤੱਕ ਚੈਨ ਕੀ ਸਾਂਸ ਨਹੀਂ ਲੇਂਗੇ। ਔਰ ਯਸ਼ਸਵੀ ਪ੍ਰਧਾਨ ਮੰਤਰੀ ਜੀ ਕੋ ਹਮ ਧੰਨਯਵਾਦ ਦੇਨਾ ਚਾਹੇਂਗੇ ਔਰ ਪੂਰਾ ਦੇਸ਼, ਦੇਸ਼ ਕੀ ਸੈਨਾ ਔਰ ਵੋ ਸੈਨਿਕ ਉਨ ਕੇ ਪੈਰੋਂ ਮੇਂ ਨਤਮਸਤਕ ਹੈ। ਉਨ ਕੇ ਚਰਨੋਂ ਮੇਂ ਪੂਰਾ ਦੇਸ਼ ਨਤਮਸਤਕ ਹੈ। ਉਨਹੋਂ (ਪ੍ਰਧਾਨ ਮੰਤਰੀ) ਨੇ ਜੋ ਜਵਾਬ ਦੀਆ ਹੈ, ਉਸ ਕੀ ਜਿਤਨੀ ਸਰਾਹਨਾ ਕੀ ਜਾਏ, ਕਮ ਹੈ। ਏਕ ਬਾਰ ਉਨ ਕੇ ਲੀਏ ਤਾਲੀਆਂ...।’’ ਬਿਨਾਂ ਸ਼ੱਕ ਫ਼ੌਜ ਦੇਸ਼ ਦੀ ਸਿਆਸੀ ਲੀਡਰਸ਼ਿਪ ਦੇ ਦਿਸ਼ਾ-ਨਿਰਦੇਸ਼ ’ਤੇ ਕਾਰਵਾਈ ਕਰਦੀ ਹੈ ਪਰ ਫ਼ੌਜ ਤੇ ਸੈਨਿਕ ਕਿਸੇ ਲੀਡਰ ਦੇ ਚਰਨਾਂ ’ਚ ਨਤਮਸਤਕ ਨਹੀਂ ਹੁੰਦੇ। ਉਹ ਦੇਸ਼ ਲਈ ਆਪਣੀ ਪੇਸ਼ੇਵਰ ਜ਼ਿੰਮੇਵਾਰੀ ਨਿਭਾਉਂਦੇ ਹਨ। ਉਨ੍ਹਾਂ ਲਈ ਕੋਈ ਆਗੂ ਨਹੀਂ ਸਗੋਂ ਦੇਸ਼ ਦੇ ਹਿੱਤ ਅਤੇ ਸੁਰੱਖਿਆ ਹੀ ਸਭ ਤੋਂ ਉੱਤੇ ਹੁੰਦੇ ਹਨ।
ਮੰਤਰੀਆਂ ਦੇ ਅਜਿਹੇ ਬਿਆਨਾਂ ਦੇ ਨਾਲ-ਨਾਲ ਦੇਸ਼ ’ਚ ਇਸ ਮਾਮਲੇ ’ਤੇ ਟਰੋਲਿੰਗ ਦਾ ਸਿਲਸਿਲਾ ਵੀ ਚੱਲਦਾ ਰਿਹਾ। ਪਹਿਲਾਂ ਕਰਨਲ ਸੋਫ਼ੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਯੋਮਿਕਾ ਸਿੰਘ ਦੇ ਨਾਲ ‘ਅਪਰੇਸ਼ਨ ਸਿੰਧੂਰ’ ਬਾਰੇ ਜਾਣਕਾਰੀ ਦੇਣ ਵਾਲੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਜਦੋਂ ਟਕਰਾਅ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਗੋਲੀਬੰਦੀ ਬਾਰੇ ਪ੍ਰੈੱਸ ਕਾਨਫਰੰਸ ’ਚ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਬੁਰੀ ਤਰ੍ਹਾਂ ਟਰੋਲਿੰਗ ਕੀਤੀ ਗਈ। ਉਨ੍ਹਾਂ ਦੀਆਂ ਧੀਆਂ ਨੂੰ ਬਲਾਤਕਾਰ ਤੱਕ ਦੀਆਂ ਧਮਕੀਆਂ ਦਿੱਤੀਆਂ ਗਈਆਂ ਪਰ ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਕਿਸੇ ਵੀ ਅਜਿਹੇ ਟਰੋਲਰ ਖ਼ਿਲਾਫ਼ ਕੋਈ ਐੱਫ਼.ਆਈ.ਆਰ. ਦਰਜ ਨਹੀਂ ਹੋਈ, ਗ੍ਰਿਫ਼ਤਾਰੀ ਤਾਂ ਬਹੁਤ ਦੂਰ ਦੀ ਗੱਲ ਹੈ। ਗੋਲੀਬੰਦੀ ਦਾ ਫ਼ੈਸਲਾ ਵਿਕਰਮ ਮਿਸਰੀ ਨੇ ਨਹੀਂ ਸੀ ਲਿਆ। ਉਸ ਨੇ ਤਾਂ ਸਿਰਫ਼ ਸਰਕਾਰ ਵੱਲੋਂ ਲਏ ਗਏ ਫ਼ੈਸਲੇ ਬਾਰੇ ਦੇਸ਼ ਨੂੰ ਸੂਚਿਤ ਕੀਤਾ ਸੀ। ਜੇਕਰ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਵਿਦੇਸ਼ ਮੰਤਰੀ ਅਤੇ ਰੱਖਿਆ ਮੰਤਰੀ ਆਪਣੇ ਵਿਦੇਸ਼ ਸਕੱਤਰ ਦੀਆਂ ਧੀਆਂ ਦੀ ਬਲਾਤਕਾਰ ਦੀਆਂ ਧਮਕੀਆਂ ਤੋਂ ਰੱਖਿਆ ਨਹੀਂ ਕਰ ਸਕਦੇ ਤਾਂ ਹੋਰ ਕੀ ਆਸ ਰੱਖੀ ਜਾ ਸਕਦੀ ਹੈ। ਖ਼ੈਰ, ਟਰੋਲਰਾਂ ਤੋਂ ਰੱਖਿਆ ਤਾਂ ਪਹਿਲਗਾਮ ਹਮਲੇ ’ਚ ਮਾਰੇ ਗਏ ਲੈਫਟੀਨੈਂਟ ਵਿਨੈ ਨਰਵਾਲ ਦੀ ਵਿਧਵਾ ਹਿਮਾਂਸ਼ੀ ਨਰਵਾਲ ਦੀ ਵੀ ਨਹੀਂ ਸੀ ਕੀਤੀ ਜਾ ਸਕੀ। ਟਰੋਲਰਾਂ ਵੱਲੋਂ ਸੋਸ਼ਲ ਮੀਡੀਆ ’ਤੇ ਉਸ ਦੀ ਕੀਤੀ ਗਈ ਕਿਰਦਾਰਕੁਸ਼ੀ ਦੇ ਮਾਮਲੇ ’ਚ ਵੀ ਸਰਕਾਰੀ ਤੰਤਰ ਦੀ ਕੋਈ ਕਾਰਵਾਈ ਸਾਹਮਣੇ ਨਹੀਂ ਆਈ। ਟਰੋਲਰਾਂ ਨੂੰ ਨੱਥ ਪਾਉਣ ਦੀ ਜ਼ਿੰਮੇਵਾਰੀ ਦੇਸ਼ ਦੇ ਸਿਆਸੀ ਨਿਜ਼ਾਮ ਦੀ ਬਣਦੀ ਹੈ।
ਕੋਈ ਵਿਅਕਤੀ ਜਦੋਂ ਕਿਸੇ ਵੱਡੇ ਸਿਆਸੀ ਅਹੁਦੇ ’ਤੇ ਬੈਠਾ ਹੋਵੇ ਤਾਂ ਉਸ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਸ ਦੀ ਭਾਸ਼ਾ ’ਚ ਖ਼ਾਸ ਕਿਸਮ ਦਾ ਸੰਜਮ ਅਤੇ ਸੁਹਜ ਹੋਵੇ। ਜਦੋਂ ਔਰਤਾਂ ਬਾਰੇ ਕੋਈ ਗੱਲ ਕਰਨੀ ਹੋਵੇ ਤਾਂ ਇਸ ਭਾਸ਼ਾ ’ਚ ਹੋਰ ਵੀ ਨਫ਼ਾਸਤ ਅਤੇ ਸ਼ਾਲੀਨਤਾ ਹੋਣੀ ਚਾਹੀਦੀ ਹੈ ਪਰ ਜਦੋਂ ਮੰਤਰੀ ਹੀ ਅਜਿਹੇ ਟਰੋਲ-ਤੰਤਰ ਦਾ ਹਿੱਸਾ ਬਣ ਜਾਣ ਤੇ ਜਨਤਕ ਤੌਰ ’ਤੇ ਭੱਦੀ ਸਰੀਰਕ ਭਾਸ਼ਾ (Body language) ਅਪਣਾਉਂਦਿਆਂ ਅਜਿਹੇ ਅਲਫ਼ਾਜ਼ ਵਰਤਣ ਤਾਂ ਫਿਰ ਧੀਆਂ-ਭੈਣਾਂ ਦੀ ਮਾਣ-ਮਰਿਆਦਾ ਦੀ ਰਾਖੀ ਦੀ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ? ਲੀਡਰਾਂ ਨੂੰੂ ਅਜਿਹੇ ਮਾਮਲਿਆਂ ’ਚ ਵਾਰਾ ਖਾਂਦੀ ਚੁੱਪ ਹੀ ਭਲੀ ਜਾਪਦੀ ਹੈ ਪਰ ਹਰ ਵਾਰੀ ਏਦਾਂ ਦੜ ਵੱਟ ਕੇ ਤੇ ਖ਼ਾਮੋਸ਼ੀ ਦੀ ਚਾਦਰ ਤਾਣ ਕੇ ਗੁਜ਼ਾਰਾ ਨਹੀਂ ਹੋਣਾ। ਇਹ ਸਾਰੇ ਸਵਾਲ ਤਾਂ ਜਵਾਬ ਮੰਗਦੇ ਹੀ ਰਹਿਣਗੇ।