ਨਵੀਂ ਦਿੱਲੀ, 12 ਅਪਰੈਲਦਿੱਲੀ ਹਵਾਈ ਅੱਡੇ ’ਤੇ ਹਵਾਈ ਆਵਾਜਾਈ ਜਾਮ ਕਾਰਨ ਅੱਜ 350 ਤੋਂ ਵੱਧ ਉਡਾਣਾਂ ਦੇਰੀ ਨਾਲ ਉੱਡੀਆਂ। ਲੋਕਾਂ ਨੇ ਹਵਾਈ ਅੱਡੇ ’ਤੇ ਉਡੀਕ ਕਰ ਰਹੇ ਯਾਤਰੀਆਂ ਦੀਆਂ ਫੋਟੋਆਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਖ਼ਰਾਬ ਮੌਸਮ ਕਾਰਨ ਸ਼ੁੱਕਰਵਾਰ ਸ਼ਾਮ ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਕੰਮਕਾਜ ਵਿੱਚ ਵਿਘਨ ਪਿਆ ਅਤੇ ਇਸ ਦਾ ਪ੍ਰਭਾਵ ਅੱਜ ਵੀ ਦੇਖਣ ਨੂੰ ਮਿਲਿਆ। ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡਾਇਲ) ਨੇ ਐਕਸ ’ਤੇ ਕਿਹਾ, ‘ਸਾਡੀਆਂ ਵੱਖ-ਵੱਖ ਟੀਮਾਂ ਯਾਤਰੀਆਂ ਲਈ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਘੱਟ ਕਰਨ ਲਈ ਇਕਜੁੱਟ ਹੋ ਕੇ ਕੰਮ ਕਰ ਰਹੀਆਂ ਹਨ।’ਜਾਣਕਾਰੀ ਅਨੁਸਾਰ 350 ਤੋਂ ਵੱਧ ਉਡਾਣਾਂ ਦੇਰੀ ਨਾਲ ਉੱਡੀਆਂ ਅਤੇ ਉਡਾਣਾਂ ਦੀ ਰਵਾਨਗੀ ਵਿੱਚ ਔਸਤਨ ਦੇਰੀ 40 ਮਿੰਟ ਤੋਂ ਵੱਧ ਸੀ। ਜ਼ਿਕਰਯੋਗ ਹੈ ਕਿ ਇਸ ਵੇਲੇ ਹਵਾਈ ਅੱਡੇ ’ਤੇ ਸਿਰਫ਼ ਤਿੰਨ ਰਨਵੇਅ ਚੱਲ ਰਹੇ ਹਨ। ਇੱਕ ਰਨਵੇਅ ’ਤੇ ਮੁਰੰਮਤ ਹੋ ਰਿਹਾ ਹੈ। -ਪੀਟੀਆਈ