ਖ਼ਪਤਕਾਰਾਂ ਤੋਂ ਮੀਟਰ ਕਿਰਾਇਆ ਨਹੀਂ ਵਸੂਲ ਸਕੇਗਾ ਬਿਜਲੀ ਵਿਭਾਗ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਨਵੰਬਰ
ਚੰਡੀਗੜ੍ਹ ਦਾ ਬਿਜਲੀ ਵਿਭਾਗ ਸ਼ਹਿਰ ਵਿੱਚ ਬਿਜਲੀ ਖ਼ਪਤਕਾਰਾਂ ਤੋਂ ਮੀਟਰ ਕਿਰਾਇਆ ਨਹੀਂ ਵਸੂਲ ਸਕੇਗਾ। ਇਸ ਗੱਲ ਦਾ ਪ੍ਰਗਟਾਵਾ ਖ਼ਪਤਕਾਰ ਸ਼ਿਕਾਇਤ ਨਿਵਾਰਨ ਫੋਰਮ (ਸੀਜੀਆਰਐੱਫ) ਵੱਲੋਂ ਇਕ ਸ਼ਿਕਾਇਤ ’ਤੇ ਸੁਣਵਾਈ ਕਰਦਿਆਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਫੋਰਮ ਨੇ ਯੂਟੀ ਦੇ ਬਿਜਲੀ ਵਿਭਾਗ ਨੂੰ 1 ਅਪਰੈਲ 2023 ਤੋਂ ਵਸੂਲੇ ਗਏ ਬਿਜਲੀ ਮੀਟਰ ਦੇ ਕਿਰਾਏ ਵੀ ਵਾਪਸ ਕਰਨ ਦੇ ਹੁਕਮ ਦਿੱਤੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਨਾਗਰਿਕ ਫੋਰਮ (ਆਈਸੀਐੱਫ) ਦੇ ਪ੍ਰਧਾਨ ਐੱਸਕੇ ਨਈਅਰ ਨੇ ਖ਼ਪਤਕਾਰ ਸ਼ਿਕਾਇਤ ਨਿਵਾਰਨ ਫੋਰਮ ਨੂੰ ਸ਼ਿਕਾਇਤ ਕਰਦਿਆਂ ਕਿਹਾ ਸੀ ਕਿ ਸੰਯੁਕਤ ਬਿਜਲੀ ਰੈਗੂਲੇਟਰੀ ਕਮਿਸ਼ਨ (ਜੇਈਆਰਸੀ) ਨੇ ਸਾਲ 2023-24 ਦੇ ਟੈਰਿਫ ਆਰਡਰ ਵਿੱਚ 1 ਅਪਰੈਲ 2023 ਤੋਂ ਬਿਜਲੀ ਮੀਟਰ ’ਤੇ ਕਿਰਾਏ ਦੀ ਵਸੂਲੀ ਲਈ ਮਨਜ਼ੂਰੀ ਨਹੀਂ ਦਿੱਤੀ ਸੀ। ਇਸੇ ਤਰ੍ਹਾਂ ਸਾਲ 2024-25 ਲਈ ਜਾਰੀ ਕੀਤੇ ਟੈਰਿਫ ਵਿੱਚ ਵੀ ਕਿਸੇ ਕਿਸਮ ਦੀ ਕਿਰਾਏ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਸੀ। ਇਸ ਦੇ ਬਾਵਜੂਦ ਯੂਟੀ ਦਾ ਬਿਜਲੀ ਵਿਭਾਗ ਲੋਕਾਂ ਤੋਂ ਮੀਟਰ ਦਾ ਕਿਰਾਇਆ ਵਸੂਲ ਰਿਹਾ ਹੈ। ਸ੍ਰੀ ਨਈਅਰ ਨੇ ਫੋਰਮ ਤੋਂ ਮੰਗ ਕੀਤੀ ਕਿ ਬਿਜਲੀ ਵਿਭਾਗ ਵੱਲੋਂ 1 ਅਪਰੈਲ 2023 ਤੋਂ ਬਾਅਦ ਲੋਕਾਂ ਤੋਂ ਵਸੂਲ ਕੀਤੇ ਬਿਜਲੀ ਮੀਟਰ ਦੇ ਕਿਰਾਏ ਵਾਪਸ ਕਰਵਾਏ ਜਾਣ। ਇਸ ਦੇ ਨਾਲ ਹੀ ਚਰਨਜੀਤ ਸਿੰਘ, ਤਰਲੋਚਨ ਸਿੰਘ, ਚਮਨ ਲਾਲ, ਕੋਮਲ ਕੁਮਾਰ, ਸਤੀਸ਼ ਕੁਮਾਰ ਤੇ ਗੰਗਾ ਪ੍ਰਸ਼ਾਦ ਨੇ ਵੀ ਗ਼ਲਤ ਢੰਗ ਨਾਲ ਬਿਜਲੀ ਮੀਟਰ ਦਾ ਕਿਰਾਇਆ ਲੈਣ ਤੇ ਉਸ ਨੂੰ ਵਾਪਸ ਕਰਨ ਦੀ ਮੰਗ ਕੀਤੀ ਸੀ।
ਫੋਰਮ ਨੇ ਇਸ ਮਾਮਲੇ ’ਤੇ ਸੁਣਵਾਈ ਕਰਦਿਆਂ ਦੇਖਿਆ ਕਿ ਜੇਈਆਰਸੀ ਨੇ 30 ਮਾਰਚ 2023 ਨੂੰ ਬਿਜਲੀ ਮੀਟਰ ’ਤੇ ਕਿਰਾਇਆ ਖ਼ਤਮ ਕਰ ਦਿੱਤਾ ਸੀ। ਉਸ ਦੇ ਬਾਵਜੂਦ ਇਹ ਵਸੂਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਵੱਲੋਂ 1 ਅਪਰੈਲ 2023 ਤੋਂ ਵਸੂਲ ਕੀਤੇ ਖ਼ਪਤਕਾਰਾਂ ਤੋਂ ਰੁਪਏ ਨੂੰ ਸਟੇਟ ਬੈਂਕ ਆਫ਼ ਇੰਡੀਆ ਦੀ ਦਰ ’ਤੇ ਵਿਆਜ ਸਣੇ ਵਾਪਸ ਕੀਤੇ ਜਾਣ। ਦੱਸਣਯੋਗ ਹੈ ਕਿ ਬਿਜਲੀ ਵਿਭਾਗ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਸ਼੍ਰੇਣੀਆਂ ਦੇ ਖ਼ਪਤਕਾਰਾਂ ਤੋਂ 50 ਰੁਪਏ ਤੋਂ 200 ਰੁਪਏ ਤੱਕ ਮੀਟਰ ਕਿਰਾਇਆ ਵਸੂਲਿਆ ਜਾ ਰਿਹਾ ਸੀ। ਚੰਡੀਗੜ੍ਹ ਵਿੱਚ ਕੁੱਲ 2.47 ਲੱਖ ਬਿਜਲੀ ਖ਼ਪਤਕਾਰ ਹਨ। ਇਸ ਵਿੱਚ 2.14 ਲੱਖ ਰਿਹਾਇਸ਼ੀ ਅਤੇ 33 ਹਜ਼ਾਰ ਦੇ ਕਰੀਬ ਕਮਰਸ਼ੀਅਲ ਖ਼ਪਤਕਾਰ ਹਨ ਜਿਨ੍ਹਾਂ ਨੂੰ ਬਿਜਲੀ ਮੀਟਰ ਦੇ ਕਿਰਾਏ ਦੀ ਰਾਹਤ ਮਿਲੇਗੀ।