ਖਰੜ ਦੀ ਤਰੱਕੀ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ: ਅੰਜੂ ਚੰਦਰ
ਸ਼ਸ਼ੀ ਪਾਲ ਜੈਨ
ਖਰੜ, 4 ਜੁਲਾਈ
ਅੰਜੂ ਚੰਦਰ ਨੇ ਅੱਜ ਨਗਰ ਕੌਂਸਲ ਖਰੜ ਦੀ ਪ੍ਰਧਾਨ ਵਜੋਂ ਅੱਜ ਅਹੁਦਾ ਸੰਭਾਲ ਲਿਆ ਹੈ।ਇਸ ਮੌਕੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ, ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਵਿਧਾਇਕਾ ਅਨਮੋਲ ਗਗਨ ਮਾਨ ਦੀ ਹਾਜ਼ਰੀ ਵਿੱਚ ਸ੍ਰੀਮਤੀ ਅੰਜੂ ਚੰਦਰ ਨੇ ਅਹੁਦਾ ਸੰਭਾਲਿਆ। ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਅੰਜੂ ਚੰਦਰ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹਨ, ਜਿਹਨਾਂ ਨੇ ਉਨਾਂ ’ਤੇ ਭਰੋਸਾ ਪ੍ਰਗਟਾ ਕੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਅਤੇ ਪ੍ਰਤੀਬੱਧਤਾ ਨਾਲ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਲੋਕਾਂ ਦੀਆਂ ਆਸਾਂ ’ਤੇ ਖ਼ਰਾ ਉਤਰਨ ਲਈ ਪੂਰੇ ਯਤਨ ਕੀਤੇ ਜਾਣਗੇ। ਖਰੜ ਦੀ ਤਰੱਕੀ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹੇ ਦੇ ਸਰਬਪੱਖੀ ਵਿਕਾਸ ਲਈ ਪੁਰਜ਼ੋਰ ਕੰਮ ਕਰਨਗੇ। ਇਸ ਮੌਕੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਨਗਰ ਕੌਂਸਲ ਦੀ ਨਵੀਂ ਬਣੀ ਪ੍ਰਧਾਨ ਅੰਜੂ ਚੰਦਰ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਦੇ ਬਿਹਤਰੀਨ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਖਰੜ ਅਨਮੋਲ ਗਗਨ ਮਾਨ ਨੇ ਖਰੜ ਦੇ ਵਿਕਾਸ ਲਈ ਅਤੇ ਸ਼ਹਿਰ ਵਾਸੀਆਂ ਦੀ ਮੰਗ ਤੇ ਕਜੌਲੀ ਵਾਟਰ ਵਰਕਸ ਤੋਂ ਨਹਿਰੀ ਪਾਣੀ ਦੀ ਸਪਲਾਈ ਦਾ 100 ਕਰੋੜ ਰੁਪਏ ਦਾ ਪ੍ਰਾਜੈਕਟ ਸਰਕਾਰ ਪਾਸੋਂ ਪ੍ਰਵਾਨ ਕਰਵਾਇਆ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਵੱਲੋਂ ਖਰੜ ਸ਼ਹਿਰ ਵਿੱਚ 30 ਕਰੋੜ ਰੁਪਏ ਦੀ ਲਾਗਤ ਨਾਲ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਅੱਪਗ੍ਰੇਡ ਵੀ ਕੀਤਾ ਗਿਆ ਹੈ।
ਵਿਧਾਇਕ ਅਨਮੋਲ ਗਗਨ ਮਾਨ ਨੇ ਕਿਹਾ ਕਿ ਨਵ-ਨਿਯੁਕਤ ਪ੍ਰਧਾਨ ਅੰਜੂ ਸ਼ਰਮਾ ਇਮਾਨਦਾਰ, ਮਿਹਨਤੀ, ਨਿਰਪੱਖ ਅਤੇ ਅਗਾਂਹਵਧੂ ਸੋਚ ਵਾਲੇ ਹਨ ਅਤੇ ਨਗਰ ਕੌਂਸਲ ਖਰੜ ਦੇ ਪ੍ਰਧਾਨ ਵਜੋਂ ਬਾਖੂਬੀ ਆਪਣੀ ਜ਼ਿੰਮੇਵਾਰੀ ਨਿਭਾਉਣਗੇ। ਉਨ੍ਹਾਂ ਭਰੋਸਾ ਜਤਾਇਆ ਕਿ ਸ੍ਰੀਮਤੀ ਅੰਜੂ ਚੰਦਰ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਉਣਗੇ। ਉਨ੍ਹਾਂ ਸ਼ਹਿਰ ਦੇ ਵਿਕਾਸ ਬਾਰੇ ਕਿਹਾ ਕਿ ਨਗਰ ਕੌਂਸਲ ਖਰੜ ਵੱਲੋਂ ਪਹਿਲਾਂ ਵੀ ਸ਼ਹਿਰ ਦੇ ਵਿਕਾਸ ਬਾਰੇ ਸਾਰੇ ਕੰਮ ਪਹਿਲ ਦੇ ਅਧਾਰ ’ਤੇ ਕੀਤੇ ਜਾਂਦੇ ਹਨ। ਸ਼ਹਿਰ ਵਿੱਚ ਸੁਪਰਮਾਰਕੀਟ ਬਣਾਈ ਜਾਵੇਗੀ, ਜਿਥੋਂ ਖਰੜ ਸ਼ਹਿਰ ਨੂੰ ਆਮਦਨ ਆਵੇਗੀ, ਖਰੜ ਵਿੱਚ ਪਾਰਕ, ਮਲਟੀ ਸਟੇਡੀਅਮ, ਸੜਕਾਂ, ਸ਼ਾਨਦਾਰ ਕਮਿਊਨਿਟੀ ਸੈਂਟਰ, ਬੱਸ ਸਟੈਂਡ ਆਦਿ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਖਰੜ ਸ਼ਹਿਰ ਨੂੰ ਸੁੰਦਰ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਸ਼ਹਿਰ ਵਿਚਲਾ ਕਮਿਊਨਿਟੀ ਸੈਂਟਰ ਵੀ ਜਲਦੀ ਹੀ ਲੋਕ ਅਰਪਣ ਕਰ ਦਿੱਤਾ ਜਾਵੇਗਾ।
ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।