ਖਰੜ ਕੌਂਸਲ ਦੀ ਪ੍ਰਧਾਨ ਨੂੰ ਸੁਪਰੀਮ ਕੋਰਟ ਤੋਂ ਵੀ ਨਾ ਮਿਲੀ ਰਾਹਤ
ਸ਼ਸ਼ੀ ਪਾਲ ਜੈਨ
ਖਰੜ, 9 ਮਈ
ਖਰੜ ਨਗਰ ਕੌਸਲ ਦੀ ਮੌਜੂਦਾ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆਂ ਨੂੰ ਵਿਰੋਧੀ ਮੈਂਬਰਾਂ ਵੱਲੋਂ ਉਨ੍ਹਾਂ ਵਿਰੁੱਧ ਦਿੱਤੇ ਬੇਭਰੋਸਗੀ ਨੋਟਿਸ ਦੇ ਮਾਮਲੇ ’ਚ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ। ਪ੍ਰਧਾਨ ਨੇ ਵਿਰੋਧੀ ਮੈਂਬਰਾਂ ਵੱਲੋਂ ਦਿੱਤੇ ਬੇਭਰੋਸਗੀ ਨੋਟਿਸ ’ਤੇ ਵਿਚਾਰ ਕਰਨ ਲਈ 16 ਮਈ ਨੂੰ ਮੀਟਿੰਗ ਬੁਲਾਈ ਹੋਈ ਹੈ। ਜ਼ਿਕਰਯੋਗ ਹੈ ਕਿ ਲੌਂਗੀਆ ਨੇ ਪਹਿਲਾਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਪਟੀਸ਼ਨ ਪਾਈ ਸੀ ਪਰ ਉਥੋਂ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ ਸੀ ਤੇ ਹੁਣ ਸੁਪਰੀਮ ਕੋਰਟ ਨੇ ਵੀ ਉਨ੍ਹਾਂ ਦੀ ਪਟੀਸ਼ਨ ਡਿਸਮਿਸ ਕਰ ਦਿੱਤੀ ਹੈ।
ਹੈਰਾਨੀ ਦੀ ਗੱਲ ਹੈ ਕਿ ਪ੍ਰਧਾਨ ਦੇ ਵਿਰੋਧੀ ਅਤੇ ਪ੍ਰਧਾਨ ਦੇ ਗਰੁੱਪ ਦੇ ਮੈਂਬਰ ਇਸ ਸਮੇਂ ਸ਼ਹਿਰ ’ਚ ਨਹੀਂ ਮੌਜੂਦ ਹਨ ਅਤੇ ਕਿਹਾ ਜਾ ਰਹਿ ਹੈ ਕਿ ਉਹ ਸੈਰ ਸਪਾਟੇ ’ਤੇ ਗਏ ਹੋਏ ਹਨ। ਲੋਕਾਂ ਦਾ ਕਹਿਣਾ ਹੈ ਕਿ ਦੇਸ਼ ਵਿਚ ਜਿਥੇ ਜੰਗ ਵਰਗੇ ਹਾਲਾਤ ਹਨ ਪਰ ਖ਼ੁਦ ਨੂੰ ‘ਸਿਟੀ ਫਾਦਰ’ ਕਹਾਉਣ ਵਾਲੇ ਇਹ ਕੌਸਲਰ ਲੋਕਾਂ ਨੂੰ ਛੱਡ ਕੇ ਮੌਜੂਦਾ ਪ੍ਰਧਾਨ ਨੂੰ ਕੁਰਸੀ ਤੋਂ ਲਾਹੁਣ ਲਈ ਜਾਂ ਉਸ ਦੀ ਕੁਰਸੀ ਬਚਾਉਣ ਲਈ ਸੈਰ ਸਪਾਟੇ ’ਤੇ ਗਏ ਹੋਏ ਹਨ। ਹੁਣ 16 ਮਈ ਵਾਲੀ ਮੀਟਿੰਗ ਬਹੁਤ ਅਹਿਮ ਹੋ ਗਈ ਹੈ। ਜੇ ਪ੍ਰਧਾਨ ਵਿਰੋਧੀ ਸਾਰਾ ਧੜਾ ਜਿਸ ’ਚ 18 ਮੈਂਬਰ ਦੱਸੇ ਜਾ ਰਹੇ ਹਨ ਤੇ ਉਨ੍ਹਾਂ ਨੂੰ 2 ਵਿਧਾਇਕਾਂ ਦਾ ਸਮਰਥਨ ਵੀ ਪ੍ਰਾਪਤ ਹੈ, ਇਕੱਠਾ ਰਹਿੰਦਾ ਹੈ ਤਾਂ ਪ੍ਰਧਾਨ ਦੀ ਕੁਰਸੀ ਜਾਣ ਦੀ ਸੰਭਾਵਨਾ ਹੈ। ਦੂਜੇ ਪਾਸੇ ਜੇ ਪ੍ਰਧਾਨ ਗਰੁੱਪ ਇਨ੍ਹਾਂ ਵਿਚੋਂ ਕਿਸੇ ਇੱਕ ਮੈਂਬਰ ਨੂੰ ਵੀ ਆਪਣੇ ਵੱਲ ਕਰਨ ’ਚ ਕਾਮਯਾਬ ਹੁੰਦਾ ਹੈ ਤਾਂ ਪ੍ਰਧਾਨ ਦੀ ਕੁਰਸੀ ਬਰਕਰਾਰ ਰਹੇਗੀ।