ਕੱਸੋਆਣਾ ’ਚ ਨਾਰਥ ਜ਼ੋਨ ਸੀਨੀਅਰ ਸੌਫਟਬਾਲ ਚੈਂਪੀਅਨਸ਼ਿਪ ਸ਼ੁਰੂ

ਕੱਸੋਆਣਾ ਵਿੱਚ ਸੀਨੀਅਰ ਸੌਫਟਬਾਲ ਚੈਂਪੀਅਨਸ਼ਿਪ ਦੌਰਾਨ ਪੰਜਾਬ ਅਤੇ ਹਰਿਆਣਾ ਦੀਆਂ ਟੀਮਾਂ ਪ੍ਰਬੰਧਕਾਂ ਨਾਲ।

ਹਰਮੇਸ਼ਪਾਲ ਨੀਲੇਵਾਲਾ
ਜ਼ੀਰਾ, 20 ਸਤੰਬਰ
ਐੱਸ ਐੱਸ ਮੈਮੋਰੀਅਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕੱਸੋਆਣਾ ਦੇ ਗਰਾਊਂਡ ਵਿੱਚ ਤਿੰਨ ਰੋਜ਼ਾ ਬਾਰ੍ਹਵੀਂ ਨਾਰਥ ਜ਼ੋਨ ਸੀਨੀਅਰ ਸੌਫਟਬਾਲ ਚੈਂਪੀਅਨਸ਼ਿਪ ਦਾ ਉਦਘਾਟਨ ਐੱਲ ਆਰ ਮੋਰੀਆ ਜਨਰਲ ਸੈਕਟਰੀ ਇੰਡੀਆ, ਪੀਐੱਨ ਪਾਸੀ ਸੈਕਟਰੀ ਪੰਜਾਬ ਸੌਫਟਬਾਲ ਐਸੋਸੀਏਸ਼ਨ ਅਤੇ ਸਕੂਲ ਦੇ ਚੇਅਰਮੈਨ ਕੰਵਲਜੀਤ ਸਿੰਘ ਨੇ ਸਾਂਝੇ ਤੌਰ ’ਤੇ ਕੀਤਾ। ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਚੈਂਪੀਅਨਸ਼ਿਪ ਵਿੱਚ ਇੰਡੀਆ ਦੇ ਨਾਰਥ ਰੀਜ਼ਨ ਦੀਆਂ ਵੱਖ- ਵੱਖ 7 ਸਟੇਟਾਂ ਤੋਂ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਵਿੱਚ ਪੰਜਾਬ, ਜੰਮੂ ਕਸ਼ਮੀਰ, ਹਿਮਾਚਲ ,ਦਿੱਲੀ ,ਚੰਡੀਗੜ੍ਹ ਹਰਿਆਣਾ ਅਤੇ ਉੱਤਰਾਖੰਡ ਸ਼ਾਮਲ ਹਨ। ਇਹ ਟੂਰਨਾਮੈਂਟ ਪੰਜਾਬ ਸੌਫਟਬਾਲ ਐਸੋਸੀਏਸ਼ਨ ਵੱਲੋਂ ਪਬਲਿਕ ਸਕੂਲ ਕੱਸੋਆਣਾ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਪ੍ਰਬੰਧਕਾਂ ਵਿੱਚ ਡਾ. ਪ੍ਰਵੀਨ ਅਲਕਾ ਸੀਈਓ ਇੰਡੀਆ, ਸੁਖਰਾਮ ਸਿੰਘ ਖ਼ਜ਼ਾਨਚੀ ਪੰਜਾਬ, ਸ੍ਰੀਕਾਂਤ ਠੋਹਾਰਟ ਚੇਅਰਮੈਨ ਇੰਡੀਆ, ਰਣਜੀਤ ਸਿੰਘ ਤੇ ਜਸਪ੍ਰੀਤ ਸਿੰਘ ਮੈਂਬਰ ਸੌਫਟਬਾਲ ਐਸੋਸੀਏਸ਼ਨ ਪੰਜਾਬ, ਇੰਦਰਵੀਰ ਸਿੰਘ ਅਤੇ ਨਿਰਮਲਜੀਤ ਕੌਰ ਦੋਵੇਂ ਸੌਫਟਬਾਲ ਕੋਚ ਪੰਜਾਬ ਸਰਕਾਰ ਖੇਡ ਵਿਭਾਗ ਸ਼ਾਮਲ ਹਨ।
ਲੜਕੀਆਂ ਦਾ ਉਦਘਾਟਨੀ ਮੈਚ ਚੰਡੀਗੜ੍ਹ ਅਤੇ ਹਰਿਆਣਾ ਦੌਰਾਨ ਹੋਇਆ, ਜਿਸ ਵਿੱਚ ਹਰਿਆਣਾ ਦੀ ਟੀਮ ਜੇਤੂ ਰਹੀ। ਇਨ੍ਹਾਂ ਟੀਮਾਂ ਦੀ ਰਿਹਾਇਸ਼ ਅਤੇ ਖਾਣ ਪੀਣ ਦੇ ਪ੍ਰਬੰਧ ਲਈ ਸਕੂਲ ਪ੍ਰਿੰਸੀਪਲ ਰਵਿੰਦਰ ਸਿੰਘ ਨੇ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਗੁਰਵਿੰਦਰ ਸਿੰਘ ਡੀਪੀਈ, ਮਨਦੀਪ ਸਿੰਘ, ਰਾਜਵਿੰਦਰ ਸਿੰਘ, ਵਿਜੇ ਸਾਰਜ ਸਿੰਘ, ਗੁਰਵਿੰਦਰ ਸਿੰਘ, ਰਜਤ ਗੁਪਤਾ, ਕੇਵਲ ਸਿੰਘ ਸ਼ਾਮਲ ਸਨ।

27ਵਾਂ ਬਾਬਾ ਫ਼ਰੀਦ ਫ਼ੁੱਟਬਾਲ ਟੂਰਨਾਮੈਂਟ ਸ਼ੁਰੂ

ਫ਼ਰੀਦਕੋਟ (ਜਸਵੰਤ ਜੱਸ): ਫੁੱਟਬਾਲ ਕਲੱਬ ਫ਼ਰੀਦਕੋਟ ਵੱਲੋਂ ਬਾਬਾ ਫ਼ਰੀਦ ਆਗਮਨ ਪੁਰਬ ’ਤੇ ਕਰਵਾਏ ਜਾ ਰਹੇ 27ਵੇਂ ਫੁੱਟਬਾਲ ਟੂਰਨਾਮੈਂਟ ਦਾ ਅੱਜ ਇੱਥੇ ਆਗਾਜ਼ ਹੋ ਗਿਆ। ਉਦਘਾਟਨੀ ਮੈਚ ਮਾਝਾ ਯੁਨਾਈਟਡ ਕਲੱਬ ਗੁਰਦਾਸਪੁਰ ਅਤੇ ਡੀਐੱਫ਼ਏ ਸ੍ਰੀ ਮੁਕਤਸਰ ਸਾਹਿਬ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਵਿੱਚ ਗੁਰਦਾਸਪੁਰ ਨੇ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੂੰ 3-0 ਗੋਲਾਂ ਨਾਲ ਹਰਾਇਆ। ਦੂਜਾ ਮੈਚ ਸ੍ਰੀ ਗੁਰੂ ਗੋਬਿੰਦ ਸਿੰਘ ਫ਼ੁੱਟਬਾਲ ਸੁਸਾਇਟੀ ਜਲੰਧਰ ਅਤੇ ਫ਼ੁੱਟਬਾਲ ਅਕੈਡਮੀ ਸਿਰਸਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਹ ਮੈਚ ਪੂਰਾ ਸਮਾਂ ਗੋਲ ਰਹਿਤ ਰਿਹਾ। ਅਖੀਰ ਵਿੱਚ ਪੈਨਲਟੀ ਕਿੱਕਾਂ ਰਹੀ ਸਿਰਸਾ ਦੀ ਟੀਮ 3-0 ਨਾਲ ਜੇਤੂ ਰਹੀ। ਤੀਜਾ ਮੈਚ ਨਾਰਦਰਨ ਰੇਲਵੇ ਦਿੱਲੀ ਅਤੇ ਖਾਲਸਾ ਕਲੱਬ ਸ੍ਰੀ ਅੰਮ੍ਰਿਤਸਰ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਅੰਮ੍ਰਿਤਸਰ ਨੇ ਦਿੱਲੀ ਨੂੰ 2-1 ਨਾਲ ਹਰਾਇਆ।

Tags :