ਕੰਢੀ ਖੇਤਰ ਦੀਆਂ ਸੰਪਰਕ ਸੜਕਾਂ ਦੀ ਮੰਦੀ ਹਾਲਤ

ਜਗਜੀਤ ਸਿੰਘ
ਮੁਕੇਰੀਆਂ, 20 ਸਤੰਬਰ

ਕਮਾਹੀ ਦੇਵੀ-ਹਰਿਆਣਾ ਮਾਰਗ ’ਤੇ ਬਾਰਿਸ਼ ਕਾਰਨ ਨੁਕਸਾਨੀ ਸੜਕ ਦਾ ਦ੍ਰਿਸ਼।

ਕੰਢੀ ਖੇਤਰ ਦੀਆਂ ਸੰਪਰਕ ਸੜਕਾਂ ਦੀ ਮੰਦੀ ਹਾਲਤ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਕਰੀਬ ਚਾਰ ਮਹੀਨੇ ਪਹਿਲਾਂ ਕੁਝ ਸੰਪਰਕ ਸੜਕਾਂ ਦੀ ਮੁਰੰਮਤ ਦਾ ਉਦਘਾਟਨ ਕੀਤੇ ਜਾਣ ਦੇ ਬਾਵਜੂਦ ਵਿਭਾਗ ਤੇ ਠੇਕੇਦਾਰ ਵੱਲੋਂ ਇਨ੍ਹਾਂ ਸੰਪਰਕ ਸੜਕਾਂ ਦਾ ਕੰਮ ਨੇਪਰੇ ਨਹੀਂ ਚਾੜਿਆ ਜਾ ਸਕਿਆ। ਪਿੰਡ ਬਹਿਮਾਵਾ ਦੀ ਸਰਪੰਚ ਸਤਵਿੰਦਰ ਕੌਰ, ਬਾਲਕ ਰਾਮ, ਰਘੁਨਾਥ ਸਿੰਘ, ਜੀਤ ਰਾਮ, ਦਵਿੰਦਰ ਸਿੰਘ, ਸੁਰੇਸ਼ ਕੁਮਾਰ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਨੂੰ ਬੈਰੀਅਰ ਤੋਂ ਆਉਂਦੀ ਕਰੀਬ 7 ਕਿਲੋਮੀਟਰ ਸੜਕ ਦੀ ਹਾਲਤ ਖਰਾਬ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਟੋਏ ਬਣੀ ਇਸ ਸੜਕ ਦੀ ਰਹਿੰਦੀ ਹਾਲਤ ਕੇਬਲ ਪਾਉਣ ਵਾਲੇ ਠੇਕੇਦਾਰ ਨੇ ਵਿਗਾੜ ਦਿੱਤੀ ਹੈ। ਇਲਾਕੇ ਦੇ ਨਿੱਜੀ ਸਕੂਲਾਂ ਦੇ ਬੱਚੇ ਤਾਂ ਬੱਸਾਂ ਵਿੱਚ ਚਲੇ ਜਾਂਦੇ ਹਨ, ਪਰ ਆਮ ਲੋਕਾਂ ਦੇ ਬੱਚਿਆਂ ਨੂੰ ਕਈ ਕਈ ਕਿਲੋਮੀਟਰ ਪੈਦਲ ਚਲਕੇ ਜਾਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਹਲਕਾ ਵਿਧਾਇਕ ਦੇ ਯਤਨਾਂ ਸਦਕਾ ਮੁਰੰਮਤ ਦੇ ਕੰਮ ਦਾ ਉਦਘਾਟਨ ਵੀ ਕੀਤਾ ਗਿਆ ਸੀ, ਪਰ ਵਿਭਾਗ ਵਲੋਂ ਹਾਲੇ ਤੱਕ ਵੀ ਇਸਦੀ ਮੁਰੰਮਤ ਨਹੀਂ ਕਰਵਾਈ ਗਈ। ਸ਼੍ਰੋਮਣੀ ਅਕਾਲੀ ਦਲ (ਅ) ਦੇ ਹਲਕਾ ਇੰਚਾਰਜ ਜਥੇਦਾਰ ਗੁਰਵਤਨ ਸਿੰਘ ਮੁਲਤਾਨੀ ਨੇ ਕਿਹਾ ਕਿ ਪਹਿਲਾਂ ਹੀ ਕੰਢੀ ਦੇ ਬਹਿ ਲੱਖਣ, ਪਿੰਡ ਮੈਰਾਂ ਜੱਟਾਂ, ਬਹਿ ਫੱਤੋ ਸਮੇਤ ਦਰਜਨ ਭਰ ਪਿੰਡਾਂ ਦੀਆਂ ਟੁੱਟੀਆਂ ਸੜਕਾਂ ਕਾਰਨ ਪ੍ਰੇਸ਼ਾਨੀ ਝੱਲ ਰਹੇ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਬੀਤੇ ਸਮੇਂ ’ਚ ਹੋਈ ਬਾਰਿਸ਼ ਨੇ ਹੋਰ ਵਾਧਾ ਕਰ ਦਿੱਤਾ ਹੈ। ਨਿਯਮਾਂ ਅਨੁਸਾਰ ਕੇਬਲ ਪਾਉਣ ਉਪਰੰਤ ਠੇਕੇਦਾਰ ਵੱਲੋਂ ਪੁੱਟੀਆਂ ਸੜਕਾਂ ਤੇ ਬਰਮਾਂ ਨੂੰ ਪੂਰਨਾ ਹੁੰਦਾ ਹੈ। ਕੰਢੀ ਦੀਆਂ ਸੰਪਰਕ ਸੜਕਾਂ ਸਮੇਤ ਕਮਾਹੀ ਤੋਂ ਦਸੂਹਾ ਵਾਇਆ ਸੰਸਾਰਪੁਰ, ਕਮਾਹੀ ਦੇਵੀ ਤੋਂ ਹਰਿਆਣਾ ਵਾਇਆ ਢੋਲਬਾਹਾ, ਕਮਾਹੀ ਦੇਵੀ ਤੋਂ ਦਸੂਹਾ ਵਾਇਆ ਰਾਮਪੁਰ ਮਾਰਗ ’ਤੇ ਡਿੱਗੀਆਂ ਢਿੱਗਾਂ ਕਾਰਨ ਰਾਤ ਵੇਲੇ ਚੱਲਣਾ ਖਤਰਨਾਕ ਹੈ।
‘ਫੰਡ ਮਿਲਣ ’ਤੇ ਮੁਰੰਮਤ ਹੋਵੇਗੀ’
ਲੋਕ ਨਿਰਮਾਣ ਦੇ ਐਕਸੀਐਨ ਪਵਨ ਕੁਮਾਰ ਨੇ ਕਿਹਾ ਕਿ ਮੁਰੰਮਤ ਦਾ ਕੰਮ ਲਗਾਤਾਰ ਚੱਲ ਰਿਹਾ ਹੈ, ਪਰ ਬਰਸਾਤੀ ਮੌਸਮ ਵਿੱਚ ਆਈ ਖਣਨ ਸਮੱਗਰੀ ਦੀ ਘਾਟ ਕਾਰਨ ਕੁਝ ਸਮਾਂ ਕੰਮ ਬੰਦ ਰਿਹਾ ਹੈ। ਇਹ ਮੁੜ ਚਾਲੂ ਕਰਕੇ ਇਨ੍ਹਾਂ ਸੜਕਾਂ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ। ਬਾਰਿਸ਼ ਕਾਰਨ ਨੁਕਸਾਨੀਆਂ ਸੜਕਾਂ ਦੀ ਰਿਪੋਰਟ ਵੀ ਸਰਕਾਰ ਨੂੰ ਭੇਜੀ ਗਈ ਹੈ, ਫੰਡ ਮਿਲਣ ’ਤੇ ਮੁਰੰਮਤ ਕਰਵਾ ਦਿੱਤੀ ਜਾਵੇਗੀ।

Tags :