For the best experience, open
https://m.punjabitribuneonline.com
on your mobile browser.
Advertisement

ਕ੍ਰਿਕਟ, ਪੈਸਾ ਤੇ ਮੈਚ ਫਿਕਸਿੰਗ

04:07 AM Jun 01, 2025 IST
ਕ੍ਰਿਕਟ  ਪੈਸਾ ਤੇ ਮੈਚ ਫਿਕਸਿੰਗ
Advertisement

ਪ੍ਰਦੀਪ ਮੈਗਜ਼ੀਨ

Advertisement

ਅਪਰੈਲ ਦਾ ਮਹੀਨਾ ਹਮੇਸ਼ਾ ਮੈਨੂੰ ਟੀਐੱਸ ਇਲੀਅਟ ਦੀ ਕਵਿਤਾ ‘ਦਿ ਵੇਸਟ ਲੈਂਡ’ ਦੀਆਂ ਮਸ਼ਹੂਰ ਸ਼ੁਰੂਆਤੀ ਸਤਰਾਂ ਯਾਦ ਕਰਾਉਂਦਾ ਹੈ। ਜਦ ਤੋਂ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ’ਚ ਮੇਰੀ ਜਮਾਤ ਦੇ ਜ਼ਿਆਦਾਤਰ ਨੌਜਵਾਨ ਵਿਦਿਆਰਥੀਆਂ ਨੇ ਜ਼ਿੰਦਗੀ ਦੀਆਂ ਗੁੰਝਲਾਂ ਨੂੰ ਸਮਝਣ ਦੀ ਜੱਦੋਜਹਿਦ ਆਰੰਭੀ, ਇਹ ਕਵਿਤਾ ਸਾਡੇ ਲਈ ਇੱਕ ਅਜਿਹੀ ਦੁਨੀਆ ਦੇ ਭੇਤ ਬੁੱਝਣ ਦੀ ਖਿੜਕੀ ਬਣ ਗਈ ਜਿਹੜੀ ਆਪਣੇ ਹੀ ਦੁਖਦਾਈ ਇਤਿਹਾਸ ਦੇ ਬੋਝ ਹੇਠਾਂ ਦੱਬੀ ਹੋਈ ਹੈ, ਇਸ ਵਿੱਚੋਂ ਸਾਨੂੰ ਰਹਿਣਯੋਗ ਬਿਹਤਰ ਸੰਸਾਰ ਦੀ ਉਮੀਦ ਵੀ ਦਿਸੀ। ਅਸੀਂ ਇਨ੍ਹਾਂ ਸਤਰਾਂ ਨੂੰ “ਅਪਰੈਲ ਸਭ ਤੋਂ ਨਿਰਦਈ ਮਹੀਨਾ ਹੈ, ਜੋ ਮੁਰਦਾ ਜ਼ਮੀਨ ਵਿੱਚੋਂ ਵੀ ਖੁਸ਼ਬੂਦਾਰ ਪੌਦੇ ਉਗਾਉਂਦਾ ਹੈ, ਯਾਦਦਾਸ਼ਤ ਤੇ ਖ਼ਾਹਿਸ਼ਾਂ ਨੂੰ ਮਿਲਾਉਂਦਾ ਹੈ, ਬਸੰਤੀ ਬਾਰਿਸ਼ ਨਾਲ ਕੁਮਲਾਈਆਂ ਜੜ੍ਹਾਂ ਨੂੰ ਹਿਲਾਉਂਦਾ ਹੈ”, ਇਸ ਤਰ੍ਹਾਂ ਪੜ੍ਹਦੇ ਸੀ ਜਿਵੇਂ ਇਹ ਸਾਡਾ ਰਾਸ਼ਟਰੀ ਗੀਤ ਹੋਵੇ। ਕਵਿਤਾ ਨੂੰ ਸਮਝਣਾ ਆਸਾਨ ਨਹੀਂ ਸੀ, ਬਿਲਕੁਲ ਉਸੇ ਤਰ੍ਹਾਂ ਜਿਵੇਂ ਅਸੀਂ ਜੀਵਨ ਨੂੰ ਆਪਣੇ ਆਲੇ-ਦੁਆਲੇ ਪ੍ਰਗਟ ਹੁੰਦਾ ਦੇਖ ਰਹੇ ਸੀ।
ਇਸ ਤੋਂ ਢਾਈ ਦਹਾਕਿਆਂ ਬਾਅਦ ਅਪਰੈਲ ਮਹੀਨੇ ਦਾ ਇਸ ਤੋਂ ਵੀ ਵੱਧ ਬਦਨੁਮਾ ਅਰਥ ਉਦੋਂ ਨਿਕਲਿਆ ਜਦੋਂ ਸਾਲ 2000 ਵਿੱਚ, ਦੁਨੀਆ ਨੂੰ ਸੱਟੇਬਾਜ਼ਾਂ ਤੇ ਖਿਡਾਰੀਆਂ ਦੇ ਡੂੰਘੇ ਗੱਠਜੋੜ ਦਾ ਪਤਾ ਲੱਗਾ। ਉਸ ਘੁਟਾਲੇ ਨੇ ਉਦੋਂ ਕ੍ਰਿਕਟ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਜਦੋਂ ਦੁਨੀਆ ਦੇ ਕੁਝ ਚੋਟੀ ਦੇ ਕ੍ਰਿਕਟਰ ਮੈਚ ਫਿਕਸਿੰਗ ਕਰਦੇ ਫੜੇ ਗਏ। ਦੱਖਣੀ ਅਫਰੀਕਾ ਦੇ ਕਪਤਾਨ ਹੈਂਸੀ ਕ੍ਰੋਨੀਏ, ਭਾਰਤ ਦੇ ਮੁਹੰਮਦ ਅਜ਼ਹਰੂਦੀਨ ਅਤੇ ਹੋਰ ਬਹੁਤ ਸਾਰੇ ਸਟਾਰ ਖਿਡਾਰੀ ਸੌਦਾ ਕਰਦੇ ਹੋਏ ਫੜੇ ਗਏ, ਜਿਸ ਨਾਲ ਪ੍ਰਸ਼ੰਸਕਾਂ ਦਾ ਖੇਡ ਵਿੱਚ ਭਰੋਸਾ ਟੁੱਟ ਗਿਆ।
ਉਸ ਸਮੇਂ ‘ਪਾਇਨੀਅਰ’ ਅਖ਼ਬਾਰ ਲਈ ਰਿਪੋਰਟਰ ਵਜੋਂ ਕੰਮ ਕਰਦਿਆਂ, ਮੇਰੀ ਇਸ ਘੁਟਾਲੇ ਦੀਆਂ ਗੁੰਝਲਦਾਰ ਪਰਤਾਂ ਉਧੇੜਨ ਵਿੱਚ ਇੱਕ ਹਲਕੀ ਜਿਹੀ ਭੂਮਿਕਾ ਰਹੀ ਸੀ। ਇਸ ਲਈ ਮੁੰਬਈ ਦੇ ਇੱਕ ਅਖ਼ਬਾਰ ਨੇ ਮੈਨੂੰ 25 ਸਾਲ ਪਹਿਲਾਂ ਹੋਏ ਇਸ ਘੁਟਾਲੇ ’ਤੇ ਮੁੜ ਝਾਤ ਮਾਰਨ ਲਈ ਕਿਹਾ। ਜਦ ਮੈਂ ਉਨ੍ਹਾਂ ਸਮਿਆਂ ਦੇ ਕੁਝ ਬਹੁਤ ਹੀ ਸ਼ੋਰ-ਸ਼ਰਾਬੇ ਵਾਲੇ ਪਲਾਂ ’ਤੇ ਸਰਸਰੀ ਨਜ਼ਰ ਮਾਰੀ ਤਾਂ ਇੱਕ ਚਿੰਤਾ ਦਾ ਭਾਵ ਮੇਰੇ ਅੰਦਰ ਜਾਗਿਆ ਜੋ ਭੈਅ ਵਰਗਾ ਸੀ, ਉਹ ਭੈਅ ਜੋ ਕਿਸੇ ਕ੍ਰਿਕਟ ਪ੍ਰਸ਼ੰਸਕ ਨੂੰ ਉਦੋਂ ਸਤਾਉਂਦਾ ਹੈ ਜਦੋਂ ਮੈਚ ਫਿਕਸਿੰਗ ਦੀ ਗੱਲ ਕੀਤੀ ਜਾਂਦੀ ਹੈ। ਪ੍ਰਸ਼ੰਸਕਾਂ ਦੇ ਮਨਾਂ ਵਿੱਚ ਸਭ ਤੋਂ ਪਹਿਲਾ ਸਵਾਲ ਇਹੀ ਹੈ: ਕੀ ਇਹ ਅਜੇ ਵੀ ਹੋ ਰਿਹਾ ਹੈ? ਫਿਰ ਉਹ ਖ਼ੁਦ ਹੀ ਇਸ ਸੰਦੇਹ ਦਾ ਜਵਾਬ ਦਿੰਦੇ ਹਨ: “ਯਕੀਨਨ ਨਹੀਂ, ਕਿਉਂਕਿ ਖਿਡਾਰੀ ਅੱਜਕੱਲ੍ਹ ਬਹੁਤ ਕਮਾਉਂਦੇ ਹਨ।” ਇਹ ਇੱਕ ਅਜਿਹਾ ਜਵਾਬ ਹੈ ਜੋ ਅੱਗੇ ਹੋਰ ਸੁਆਲ ਪੈਦਾ ਕਰਦਾ ਹੈ: ਆਖ਼ਿਰ ‘ਕਿੰਨਾ ਕੁ’ ਬਹੁਤ ਹੁੰਦਾ ਹੈ ਤੇ ਮਨੁੱਖੀ ਲਾਲਚ ਦੀਆਂ ਸੀਮਾਵਾਂ ਕੀ ਹਨ ਅਤੇ ਮੈਂ ਇਹ ਵੀ ਕਹਾਂਗਾ, ਇਸ ਦੀ ਲੋੜ ਕੀ ਹੈ?
ਅੱਜ ਭਾਰਤ ਵਿੱਚ ਕ੍ਰਿਕਟ ਇੱਕ ਕਾਰੋਬਾਰੀ ਗਤੀਵਿਧੀ ਹੈ। ਜੇ ਕੋਈ ਖਿਡਾਰੀ ਚੋਟੀ ’ਤੇ ਪਹੁੰਚ ਜਾਂਦਾ ਹੈ ਜਾਂ ਭਾਰਤੀ ਟੀਮ ਵਿੱਚ ਜਗ੍ਹਾ ਬਣਾਉਣ ਦੇ ਮੁਕਾਬਲੇ ’ਚ ਵੀ ਆ ਜਾਂਦਾ ਹੈ ਤਾਂ ਉਸ ਦਾ ਅਮੀਰ ਹੋ ਜਾਣਾ ਨਿਸ਼ਚਿਤ ਹੈ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਨੇ ਖਿਡਾਰੀਆਂ ਦੀ ਆਮਦਨ ਨੂੰ ਕਈ ਗੁਣਾ ਕਰ ਕੇ ਅੱਠ ਅੰਕਾਂ ਤੱਕ ਪਹੁੰਚਾ ਦਿੱਤਾ ਹੈ, ਉਨ੍ਹਾਂ ਦੀ ਵੀ ਜੋ ਸ਼ਾਇਦ ਕਦੇ ਵੀ ਦੇਸ਼ ਲਈ ਨਾ ਖੇਡਣ। ਪੈਸਾ ਬਸ ਆ ਰਿਹਾ ਹੈ, ਪਰ ਜ਼ਰਾ ਰੁਕੋ। ਸਥਿਤੀ ਸਾਲ 2013 ਵਿੱਚ ਵੀ ਇਹੀ ਸੀ ਤੇ ਫਿਰ ਵੀ ਦਿੱਲੀ ਪੁਲੀਸ ਨੇ ਸਾਬਕਾ ਭਾਰਤੀ ਕ੍ਰਿਕਟਰ ਸ਼੍ਰੀਸੰਤ ਤੇ ਕੁਝ ਹੋਰਾਂ ’ਤੇ ਸਪਾਟ ਫਿਕਸਿੰਗ ਲਈ ਸੱਟੇਬਾਜ਼ਾਂ ਤੋਂ ਪੈਸੇ ਲੈਣ ਦਾ ਕੇਸ ਦਰਜ ਕੀਤਾ। ਉਸ ਨਾਲ ਸਬੰਧਿਤ ਹੋਰਨਾਂ ਨੂੰ ਲੀਗ ਖੇਡਣ ਲਈ ਸਿਰਫ਼ ਨਿਰਧਾਰਤ ਬੁਨਿਆਦੀ ਕੀਮਤ (ਲਗਭਗ 10-20 ਲੱਖ ਰੁਪਏ) ਮਿਲ ਰਹੀ ਸੀ।
ਇਸ ਮਾਮਲੇ ਦੀ ਜਾਂਚ ਦਿੱਲੀ ਦੇ ਪੁਲੀਸ ਕਮਿਸ਼ਨਰ ਨੀਰਜ ਕੁਮਾਰ ਨੇ ਕੀਤੀ ਸੀ, ਜੋ ਸੇਵਾਮੁਕਤੀ ਤੋਂ ਬਾਅਦ ਭਾਰਤੀ ਕ੍ਰਿਕਟ ਬੋਰਡ ਦੀ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਦੇ ਮੁਖੀ ਵੀ ਬਣੇ। ਜੇ ਕੋਈ ਇਹ ਜਾਣਨਾ ਚਾਹੁੰਦਾ ਹੈ ਕਿ ਕੀ ਕ੍ਰਿਕਟ ਭ੍ਰਿਸ਼ਟਾਚਾਰ ਤੋਂ ਮੁਕਤ ਹੋ ਗਈ ਹੈ ਜਾਂ ਨਹੀਂ ਅਤੇ ਕੀ ‘ਫਿਕਸਿੰਗ’ ਦੀ ਸੰਭਾਵਨਾ ਅਜੇ ਵੀ ਬਰਕਰਾਰ ਹੈ ਤਾਂ ਉਨ੍ਹਾਂ ਨੂੰ ਇਸ ਸਾਬਕਾ ਪੁਲੀਸ ਅਧਿਕਾਰੀ ਵੱਲੋਂ ਕ੍ਰਿਕਟ ਬੋਰਡ ’ਚ ਆਪਣੇ ਕਾਰਜਕਾਲ ਬਾਰੇ ਲਿਖਿਆ ਇੱਕ ਬਹੁਤ ਹੀ ਪ੍ਰੇਸ਼ਾਨ ਕਰਨ ਵਾਲਾ ਬਿਰਤਾਂਤ ਪੜ੍ਹਨਾ ਚਾਹੀਦਾ ਹੈ।
ਉਨ੍ਹਾਂ ਦੀ ਕਿਤਾਬ ‘ਏ ਕੌਪ ਇਨ ਕ੍ਰਿਕਟ’ ਇਸ ਦਾ ਇੱਕ ਹੈਰਾਨਕੁਨ ਬਿਰਤਾਂਤ ਹੈ ਕਿ ਕਿਵੇਂ ਭਾਰਤ ਦੇ ਲਗਭਗ ਸਾਰੇ ਸੂਬਿਆਂ ਵਿੱਚ ਕਰਵਾਏ ਜਾਂਦੇ ਵੱਖ-ਵੱਖ ਟੀ-20 ਲੀਗ ਮੁਕਾਬਲੇ (ਵਿੱਤੀ) ‘ਲੈਣ ਦੇਣ’ ਦੇ ਅੱਡੇ ਬਣੇ ਹੋਏ ਹਨ ਅਤੇ ਜੁਗਾੜ ਲਾਉਣ ਤੋਂ ਲੈ ਕੇ ਟੀਮਾਂ ਦੀ ਚੋਣ ਤੱਕ ਹਰ ਥਾਈਂ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ। ਨੀਰਜ ਕੁਮਾਰ ਨੇ ਤਾਂ ਆਈਪੀਐੱਲ ਨੂੰ ਵੀ ਨਾ ਬਖ਼ਸ਼ਿਆ ਜਿੱਥੇ ਉਨ੍ਹਾਂ ਪਾਇਆ ਹੈ ਕਿ ਕੁਝ ਫ੍ਰੈਂਚਾਇਜ਼ੀ ਟੀਮਾਂ ਲਈ ਪ੍ਰਤਿਭਾਵਾਨ ਖਿਡਾਰੀਆਂ ਦੀ ਭਾਲ ਕਰਨ ਵਾਲੀਆਂ ਇਕਾਈਆਂ ਅੱਜਕੱਲ੍ਹ ਕੋਚਾਂ ਦੇ ਭੇਸ ਵਿੱਚ ਸਰਗਰਮ ਕੁਝ ਸਾਬਕਾ ਕ੍ਰਿਕਟਰਾਂ ਦੀ ਮਿਲੀਭੁਗਤ ਨਾਲ ਸੌਦੇਬਾਜ਼ੀ ਕਰਵਾ ਰਹੀਆਂ ਹਨ। ਉਨ੍ਹਾਂ ਆਪਣੀ ਕਿਤਾਬ ਵਿੱਚ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਇਨ੍ਹਾਂ ਸਾਰੇ ਵਰਤਾਰਿਆਂ ਬਾਬਤ ਬੋਰਡ ਦੇ ਸਿਰਮੌਰ ਅਧਿਕਾਰੀਆਂ ਨੂੰ ਇਤਲਾਹ ਦਿੱਤੀ ਸੀ ਪਰ ਪਤਾ ਨਹੀਂ ਕਿਉਂ ਕੋਈ ਵੀ ਦਰੁਸਤੀ ਕਦਮ ਨਹੀਂ ਚੁੱਕਿਆ ਗਿਆ।
ਆਓ, ਭਾਰਤ ਵਿੱਚ ਕ੍ਰਿਕਟ ਵੱਲੋਂ ਬਖ਼ਸ਼ੀ ਜਾਂਦੀ ਮਾਇਆ ਜਿਸ ਬਾਰੇ ਅਸੀਂ ਮੰਨ ਲੈਂਦੇ ਹਾਂ ਕਿ ਇਸ ਨਾਲ ਕੋਈ ਖਿਡਾਰੀ ਭ੍ਰਿਸ਼ਟਾਚਾਰ ਤੋਂ ਬੇਲਾਗ ਹੋ ਜਾਂਦਾ ਹੈ, ਨੂੰ ਇੱਕ ਹੋਰ ਜ਼ਾਵੀਏ ਤੋਂ ਵੇਖੀਏ। ਆਈਪੀਐੱਲ ਨੂੰ ਅਤਿ ਦੀ ਗ਼ਰੀਬੀ ਵਿੱਚ ਪਲੇ ਕੁਝ ਖਿਡਾਰੀਆਂ ਨੂੰ ਵੱਡੇ ਮੰਚ ਤੱਕ ਪਹੁੰਚਣ ਬਦਲੇ ਅਮੀਰ ਬਣਨ ਦੀ ਕਹਾਣੀ ਦੇ ਰੂਪ ਵਿੱਚ ਇੱਦਾਂ ਉਭਾਰਿਆ ਜਾਂਦਾ ਹੈ ਕਿ ਇਹ ਕੋਈ ‘ਰੁਜ਼ਗਾਰ ਗਾਰੰਟੀ ਸਕੀਮ’ ਲੱਗਣ ਲੱਗ ਪਈ ਹੈ। ਇਹ ਇੱਕ ਵੱਡੀ ਗੱਲ ਹੈ, ਪਰ ਅਸੀਂ ਇਹ ਮਹਿਸੂਸ ਨਹੀਂ ਕੀਤਾ ਕਿ ਆਈਪੀਐੱਲ ਵਿੱਚ ਖੇਡਣ ਵਾਲੇ ਭਾਰਤੀ ਖਿਡਾਰੀਆਂ ਦੀ ਗਿਣਤੀ 200 ਤੋਂ ਵੱਧ ਨਹੀਂ ਹੈ। ਇਹ ਗਿਣਤੀ 1000 ਹੋਣੀ ਚਾਹੀਦੀ ਹੈ ਪਰ ਫ਼ਰਜ਼ ਕਰੋ ਕਿ ਅਸੀਂ ਇਸ ਨੂੰ 1500 ਕਰ ਲੈਂਦੇ ਹਾਂ ਤਾਂ ਇਸ ਅਮੀਰੀ ਵਿੱਚ ਹਿੱਸਾ ਲੈਣ ਵਾਲਿਆਂ ਦੀ ਗਿਣਤੀ 2000 ਹੋ ਜਾਵੇਗੀ ਜਿਨ੍ਹਾਂ ਵਿੱਚ ਭਾਰਤ ਵਿੱਚ ਖੇਡਣ ਵਾਲੇ ਖਿਡਾਰੀ ਵੀ ਸ਼ਾਮਿਲ ਹੋਣਗੇ, ਭਾਵੇਂ ਕਿ ਇੱਥੇ ਵੀ ਚੋਟੀ ਅਤੇ ਹੇਠਲੇ ਵਰਗ ਦੇ ਖਿਡਾਰੀਆਂ ਦੀ ਕਮਾਈ ਵਿੱਚ ਅੰਤਰ ਬਹੁਤ ਜ਼ਿਆਦਾ ਹੈ। <ਇਕ ਅਰਬ 40 ਕਰੋੜ ਦੀ ਆਬਾਦੀ ਵਾਲੇ ਭਾਰਤ ਵਿੱਚ ਦੇਸ਼ ਲਈ ਖੇਡਣ ਦਾ ਸੁਪਨਾ ਦੇਖਣ ਵਾਲੇ ਕ੍ਰਿਕਟਰਾਂ ਲਈ 3000 ਤੋਂ ਵੱਧ ਅਕੈਡਮੀਆਂ ਹਨ। ਇਸ ਤਰ੍ਹਾਂ ਇਨ੍ਹਾਂ ਦੀ ਗਿਣਤੀ ਵਧ ਕੇ ਲੱਖਾਂ ਵਿੱਚ ਚਲੀ ਜਾਵੇਗੀ। ਠੋਸ ਅੰਕੜਿਆਂ ਦੀ ਅਣਹੋਂਦ ਵਿੱਚ ਚਲੋ ਮੰਨ ਲੈਂਦੇ ਹਾਂ ਕਿ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਖ਼ਤ ਮਿਹਨਤ ਕਰਨ ਵਾਲਿਆਂ ਦੀ ਗਿਣਤੀ 10-15 ਲੱਖ ਹੋਵੇਗੀ। ਇਹ ਗਿਣਤੀ ਇਸ ਨਾਲੋਂ ਵੱਧ ਭਾਵੇਂ ਹੋਵੇ ਪਰ ਯਕੀਨਨ ਘੱਟ ਨਹੀਂ ਹੋਵੇਗੀ। ਚੋਟੀ ’ਤੇ ਜਗ੍ਹਾ ਸੀਮਤ ਹੈ, ਬਹੁਤ ਸੀਮਤ ਜਿਸ ਕਰ ਕੇ ਇਨ੍ਹਾਂ ’ਚੋਂ 80 ਫ਼ੀਸਦੀ ਦੀ ਬਹੁਤ ਜਲਦੀ ਛਾਂਟੀ ਹੋ ਜਾਵੇਗੀ ਅਤੇ ਉਹ ਬਹੁਤ ਹੀ ਸਰਬੋਤਮ ਖਿਡਾਰੀਆਂ ਵਿੱਚ ਬਹੁਤੀ ਦੇਰ ਟਿਕ ਨਹੀਂ ਸਕਣਗੇ।
ਜਿਹੜੇ ਖਿਡਾਰੀਆਂ ਨੇ ‘ਚੰਗੇ ਜੀਵਨ’ ਦਾ ਸੁਆਦ ਚਖ਼ ਲਿਆ ਉਹ ਇਸ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾ ਲੈਣਗੇ ਪਰ ਜਿਨ੍ਹਾਂ ਨੂੰ ਜਗ੍ਹਾ ਦੀ ਕਿੱਲਤ ਕਰ ਕੇ ਅਟਕ ਜਾਣ ਦਾ ਡਰ ਹੋਵੇਗਾ, ਉਨ੍ਹਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੋਵੇਗੀ। ਮਨੁੱਖੀ ਲਾਲਚ ਕਦੇ ਜਾਤ, ਰੰਗ, ਲਿੰਗ, ਨਸਲ, ਧਰਮ ਨਹੀਂ ਵੇਖਦਾ ਅਤੇ ਬਹੁਤ ਜ਼ਿਆਦਾ ਅਮੀਰਾਂ ਵਿੱਚ ਇਹ ਕੁਝ ਜ਼ਿਆਦਾ ਹੀ ਪਾਇਆ ਜਾਂਦਾ ਹੈ। ਇਹ ਇੱਕ ਡਰਾਉਣਾ ਖ਼ਿਆਲ ਹੋ ਸਕਦਾ ਹੈ ਪਰ ਇਸ ਲਿਖਤ ਦਾ ਮਕਸਦ ਇਹ ਨਹੀਂ ਹੈ। ਚੌਕਸੀ ਰੱਖਣ ਦਾ ਹਮੇਸ਼ਾ ਫ਼ਾਇਦਾ ਹੁੰਦਾ ਹੈ ਅਤੇ ਇਹ ਵੀ ਯਾਦ ਰੱਖਣਾ ਕਿ ਕਿਉਂ ‘ਅਪਰੈਲ ਸਭ ਤੋਂ ਨਿਰਦਈ ਮਹੀਨਾ ਹੁੰਦਾ ਹੈ।’

Advertisement
Advertisement

Advertisement
Author Image

Ravneet Kaur

View all posts

Advertisement