For the best experience, open
https://m.punjabitribuneonline.com
on your mobile browser.
Advertisement

ਕ੍ਰਿਕਟ, ਨਸਲਵਾਦ ਤੇ ਜਾਤ

04:07 AM Jun 29, 2025 IST
ਕ੍ਰਿਕਟ  ਨਸਲਵਾਦ ਤੇ ਜਾਤ
Advertisement

ਪ੍ਰਦੀਪ ਮੈਗਜ਼ੀਨ

Advertisement

ਜਦੋਂ ਟੈਂਬਾ ਬਾਵੁਮਾ ਦੀ ਟੀਮ 14 ਜੂਨ 2025 ਨੂੰ ਇੰਗਲੈਂਡ ਦੇ ਲਾਰਡਜ਼ ਕ੍ਰਿਕਟ ਮੈਦਾਨ ਵਿੱਚ ਟੈਸਟ ਕ੍ਰਿਕਟ ਦੀ ਵਿਸ਼ਵ ਜੇਤੂ ਬਣੀ ਤਾਂ ਮੇਰਾ ਮਨ ਢਾਈ ਦਹਾਕੇ ਪਹਿਲਾਂ ਦੇ ਬਹੁਤ ਹੀ ਮਾਰਮਿਕ ਅਤੇ ਭਾਵੁਕ ਪਲਾਂ ਨੂੰ ਯਾਦ ਕਰਨ ਲੱਗਾ। ਮੈਂ ਜੋਹਾਨੈੱਸਬਰਗ ਵਿੱਚ ਦੱਖਣੀ ਅਫਰੀਕਾ ਕ੍ਰਿਕਟ ਦੇ ਤਤਕਾਲੀ ਸੀਈਓ ਜੇਰਾਲਡ ਮਜੋਲਾ ਦੀ ਇੰਟਰਵਿਊ ਕਰ ਰਿਹਾ ਸੀ। ਖੇਡ ਰਿਪੋਰਟਿੰਗ ਸਦਕਾ ਕ੍ਰਿਕਟ ਜਗਤ ਦੀਆਂ ਮੇਰੀਆਂ ਕਈ ਯਾਤਰਾਵਾਂ ਵਿੱਚੋਂ ਦੱਖਣੀ ਅਫ਼ਰੀਕਾ ਇੱਕ ਅਜਿਹਾ ਦੇਸ਼ ਸੀ ਜਿੱਥੇ ਅਤੀਤ ਦੇ ਜ਼ਖ਼ਮ, ਉਨ੍ਹਾਂ ਦਾ ਡਰਾਉਣਾ ਸੁਭਾਅ, ਉਨ੍ਹਾਂ ਨੂੰ ਠੀਕ ਕਰਨ ਦੀਆਂ ਕੋਸ਼ਿਸ਼ਾਂ ਅਤੇ ਤਬਦੀਲੀ ਦਾ ਵਿਰੋਧ, ਸਭ ਕੁਝ ਨਾਲੋ-ਨਾਲ ਚੱਲ ਰਿਹਾ ਸੀ। ਬਿਲਕੁਲ ਉਸੇ ਤਰ੍ਹਾਂ ਜਿਵੇਂ ਭਾਰਤ ਵਿੱਚ ਹੁੰਦਾ ਹੈ।
ਜਦੋਂ ਦੱਖਣੀ ਅਫ਼ਰੀਕੀ ਕ੍ਰਿਕਟ ਪ੍ਰਸ਼ਾਸਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਨਸਲਵਾਦ ਤੇ ਵਖਰੇਵੇਂ ਕਰ ਕੇ ਉਨ੍ਹਾਂ ਦੀ ਸਿਆਹਫ਼ਾਮ ਨਸਲ ਨੂੰ ਪੁੱਜੀਆਂ ਚੋਟਾਂ ਦਾ ਵਰਣਨ ਕਰਨਾ ਸ਼ੁਰੂ ਕੀਤਾ ਤਾਂ ਮੈਂ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਵਹਿੰਦੇ ਹੰਝੂਆਂ ਨੂੰ ਤੱਕਿਆ। ਇੱਕ ਵੱਡਾ ਆਦਮੀ ਇੰਝ ਰੋਂਦਾ ਹੋਇਆ ਬਹੁਤ ਘੱਟ ਹੀ ਦਿਸਦਾ ਹੈ ਤੇ ਇਸ ਕਰ ਕੇ ਮੇਰੀਆਂ ਅੱਖਾਂ ਵੀ ਨਮ ਹੋ ਗਈਆਂ।
ਦੱਖਣੀ ਅਫ਼ਰੀਕਾ ਵਰਗਾ ਮੁਲਕ ਵੰਨ-ਸੁਵੰਨਤਾ ਨਾਲ ਭਰਪੂਰ ਸੀ ਤੇ ਉਨ੍ਹਾਂ ਪੱਖਾਂ ਤੋਂ ਭਿਆਨਕ ਵੀ ਸੀ ਜਿਨ੍ਹਾਂ ਤਹਿਤ ਕੁਝ ਖ਼ਾਸ ਲੋਕਾਂ ਦੇ ਫ਼ਾਇਦੇ ਲਈ ਨਸਲ ਦੀ ਵਰਤੋਂ ਬਹੁਗਿਣਤੀਆਂ ਦੇ ਸ਼ੋਸ਼ਣ ਤੇ ਉਨ੍ਹਾਂ ਨਾਲ ਵਿਤਕਰੇ ਲਈ ਕੀਤੀ ਗਈ। ਦਰਅਸਲ, ਇਹ ਇੱਕ ਅਜਿਹਾ ਦੇਸ਼ ਸੀ ਜਿੱਥੇ ਸਿਆਹਫ਼ਾਮ ਅਫ਼ਰੀਕੀ ਲੋਕਾਂ ਨੂੰ ਗ਼ੈਰ ਮੰਨਿਆ ਜਾਂਦਾ ਸੀ। ਜਦੋਂ ਤੱਕ 1994 ਵਿੱਚ ਗੋਰਿਆਂ ਦੀ ਸਰਕਾਰ ਸੱਤਾ ਛੱਡਣ ਲਈ ਮਜਬੂਰ ਨਹੀਂ ਹੋਈ, ਉਦੋਂ ਜਦ ਨੈਲਸਨ ਮੰਡੇਲਾ ਉਸ ਤਬਦੀਲੀ ਦਾ ਇੱਕ ਕਾਰਨ ਅਤੇ ਪ੍ਰਤੀਕ ਬਣੇ ਸਨ। ਸੱਤਾ ਦੇ ਉਸ ਤਬਾਦਲੇ ਨੇ ਕਈ ਤਬਦੀਲੀਆਂ ਲਿਆਂਦੀਆਂ ਜੋ ਅਫ਼ਰੀਕੀ ਲੋਕਾਂ ਨੂੰ ਸਮਰੱਥ ਬਣਾਉਣ ਲਈ ਵਿੱਢੀਆਂ ਗਈਆਂ ਸਨ ਅਤੇ ਉਨ੍ਹਾਂ ਵਿੱਚੋਂ ਇੱਕ ਸੀ ਘਰੇਲੂ ਅਤੇ ਰਾਸ਼ਟਰੀ ਕ੍ਰਿਕਟ ਟੀਮਾਂ ਵਿੱਚ ਸਿਆਹਫ਼ਾਮ ਨਸਲ ਦੇ ਲੋਕਾਂ ਦੀ ਪ੍ਰਤੀਨਿਧਤਾ ਨੂੰ ਲਾਜ਼ਮੀ ਬਣਾਉਣਾ। ਇਸ ਨੂੰ ‘ਕੋਟਾ ਪ੍ਰਣਾਲੀ’ ਕਿਹਾ ਜਾਂਦਾ ਹੈ, ਜਿੱਥੇ ਅੱਜ ਤੁਹਾਨੂੰ ਘੱਟੋ-ਘੱਟ ਦੋ ਸਿਆਹ ਅਤੇ ਚਾਰ ਬਾਕੀ ਨਸਲਾਂ ਦੇ ਵਿਅਕਤੀਆਂ (ਗੋਰਿਆਂ ਨੂੰ ਛੱਡ ਕੇ) ਨੂੰ ਰਾਸ਼ਟਰੀ ਟੀਮ ਵਿੱਚ ਸ਼ਾਮਿਲ ਕਰਨਾ ਪੈਂਦਾ ਹੈ, ਜਿਸ ਵਿੱਚ ਥੋੜ੍ਹੇ-ਬਹੁਤ ਬਦਲਾਅ ਹੁੰਦੇ ਰਹਿੰਦੇ ਹਨ।
ਜਦੋਂ 2002 ਵਿੱਚ ਮਜੋਲਾ ਉਸ ਇੰਟਰਵਿਊ ਵਿੱਚ ਭਾਵੁਕ ਹੋ ਗਏ ਸਨ ਤਾਂ ਕੋਟਾ ਪ੍ਰਣਾਲੀ ਗੋਰਿਆਂ ਦੁਆਰਾ ਬਣਾਏ ਗਏ ਖੇਡ ਤੰਤਰ ਨੂੰ ਹਿਲਾ ਅਤੇ ਟੀਮ ਵਿੱਚ ਉਥਲ-ਪੁਥਲ ਪੈਦਾ ਕਰ ਰਹੀ ਸੀ। ਮਖਾਇਆ ਐਨਤੀਨੀ, ਦੱਖਣੀ ਅਫ਼ਰੀਕਾ ਲਈ ਖੇਡਣ ਵਾਲੇ ਸਭ ਤੋਂ ਵਧੀਆ ਤੇਜ਼ ਗੇਂਦਬਾਜ਼ਾਂ ਵਿੱਚੋਂ ਇੱਕ, ਅਜਿਹਾ ਪਹਿਲਾ ਸਿਆਹਫ਼ਾਮ ਕ੍ਰਿਕਟਰ ਸੀ, ਜਿਸ ਨੂੰ ਟੀਮ ਲਈ ਚੁਣਿਆ ਗਿਆ ਸੀ। ਉਸ ਨੇ ਬਾਅਦ ਵਿੱਚ ਦੱਸਿਆ ਕਿ ਉਸ ਨੂੰ ਕਦੇ ਵੀ ਟੀਮ ਦੇ ਗੋਰੇ ਮੈਂਬਰਾਂ ਨੇ ਸਵੀਕਾਰ ਨਹੀਂ ਕੀਤਾ, ਉਸ ਨੂੰ ਅਲੱਗ-ਥਲੱਗ ਕੀਤਾ ਅਤੇ ਅਣਚਾਹਿਆ ਮਹਿਸੂਸ ਕਰਵਾਇਆ ਗਿਆ। ਸਿਰਫ਼ ਉਸ ਨਾਲ ਹੀ ਅਜਿਹਾ ਨਹੀਂ ਹੋਇਆ, ਕਈ ਹੋਰ ਖਿਡਾਰੀਆਂ ਨੂੰ ਵੀ ਇਸ ਤਰ੍ਹਾਂ ਦਾ ਸਲੂਕ ਸਹਿਣਾ ਪਿਆ। ਉਨ੍ਹਾਂ ਨੂੰ ‘ਕੋਟਾ’ ਖਿਡਾਰੀ ਹੋਣ ਦਾ ਮਿਹਣਾ ਦਿੱਤਾ ਜਾਂਦਾ ਸੀ ਅਤੇ ਉਨ੍ਹਾਂ ਦੀ ਯੋਗਤਾ ਨੂੰ ਦਰਕਿਨਾਰ ਕੀਤਾ ਜਾਂਦਾ ਸੀ।
ਪ੍ਰਸ਼ਾਸਕ ਕਦੇ ਨਾ ਝੁਕੇ ਤੇ ਅੱਜ ਉਹ ਤਬਦੀਲੀ ਇੱਕ ਸਕਾਰਾਤਮਕ ਨਤੀਜਾ ਲਿਆਈ ਹੈ, ਜਿਵੇਂ ਕਿ ਬਾਵੁਮਾ ਨੇ ਆਪਣੇ ਮੈਚ ਤੋਂ ਬਾਅਦ ਦੇ ਭਾਸ਼ਣ ਵਿੱਚ ਕਿਹਾ, ‘ਇੱਕ ਵੰਡੇ ਹੋਏ ਦੇਸ਼ ਨੂੰ ਇੱਕ ਕਰਨਾ’ ਚਾਹੀਦਾ ਹੈ।ਦੱਖਣੀ ਅਫ਼ਰੀਕਾ ਨੂੰ ‘ਰੇਨਬੋ ਨੇਸ਼ਨ’ ਕਿਹਾ ਜਾਂਦਾ ਹੈ, ਜਿਸ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਖੇਡਾਂ ਰਾਹੀਂ ਰਾਸ਼ਟਰੀ ਏਕਾ ਕਾਇਮ ਕੀਤਾ ਜਾ ਸਕਦਾ ਹੈ ਤੇ ਕੋਟਾ ਪ੍ਰਣਾਲੀ ਲੰਮੇ ਸਮੇਂ ਦੌਰਾਨ ਭਾਰਤ ਵਿੱਚ ਵੀ, ਜਿਸ ਨੂੰ ਅਸੀਂ ਰਾਖਵਾਂਕਰਨ ਅਤੇ ਯੋਗਤਾ ਕਹਿੰਦੇ ਹਾਂ, ਵਿਚਕਾਰਲੀ ਲਕੀਰ ਨੂੰ ਧੁੰਦਲੀ ਕਰ ਸਕਦੀ ਹੈ।
ਭਾਰਤੀ ਨਜ਼ਰੀਏ ਤੋਂ ਦੱਖਣੀ ਅਫ਼ਰੀਕਾ ਦੇ ਸਿਆਹ ਲੋਕ ਉਵੇਂ ਹੀ ਹਨ ਜਿਵੇਂ ਉਪਰਲੀਆਂ ਜਾਤਾਂ ਲਈ ਦਲਿਤ ਹਨ ਜਿਨ੍ਹਾਂ ਨੂੰ ਪਰ੍ਹੇ ਰੱਖਿਆ ਜਾਂਦਾ ਅਤੇ ਉਨ੍ਹਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਆਸਟਰੇਲੀਆ ’ਤੇ ਦੱਖਣੀ ਅਫ਼ਰੀਕਾ ਦੀ ਜਿੱਤ ਦਾ ਜਸ਼ਨ ਮਨਾਉਣ ਵਾਲੇ ਬਹੁਗਿਣਤੀ ਭਾਰਤੀ ਕ੍ਰਿਕਟ ਪ੍ਰੇਮੀਆਂ ਨੂੰ ਸ਼ਾਇਦ ਇਹ ਪਤਾ ਨਹੀਂ ਹੋਵੇਗਾ ਕਿ ਇਹ ਬਹੁਤ ਹੀ ‘ਬਦਨਾਮ ਰਾਖਵੇਂਕਰਨ’ ਹੀ ਹਨ ਜਿਨ੍ਹਾਂ ਨੇ ਇੱਕ ਅਜਿਹੇ ਮੁਲਕ ਦੀ ਅਸਲ ਵੰਨ-ਸੁਵੰਨਤਾ ਦਰਸਾਉਣ ਵਿੱਚ ਮਦਦ ਕੀਤੀ, ਜਿਸ ਦਾ ਇਤਿਹਾਸ ਬੁਰੀ ਤਰ੍ਹਾਂ ਵੰਡਿਆ ਹੋਇਆ ਸੀ। ਹਾਲਾਂਕਿ, ਅੱਜ ਸਿਆਹ ਅਫ਼ਰੀਕੀਆਂ ਨੂੰ ਦੱਖਣੀ ਅਫ਼ਰੀਕੀ ਟੀਮ ਵਿੱਚ ਨੁਮਾਇੰਦਗੀ ਮਿਲੀ ਹੋਈ ਹੈ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਜਦੋਂ ਤੋਂ ਭਾਰਤ ਦਾ ਕ੍ਰਿਕਟ ਇਤਿਹਾਸ ਸ਼ੁਰੂ ਹੋਇਆ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਇਸ ਦੀ ਕੌਮੀ ਟੀਮ ਵਿੱਚ ਨੁਮਾਇੰਦਗੀ ਕਰਨ ਵਾਲੇ ਕਿਸੇ ਦਲਿਤ ਜਾਂ ਆਦਿਵਾਸੀ ਖਿਡਾਰੀ ਦੀ ਤਲਾਸ਼ ਕਰਨ ਲਈ ਬਹੁਤ ਹੀ ਬਾਰੀਕ ਕੰਘੀ ਦੀ ਵਰਤੋਂ ਕਰਨੀ ਪਵੇਗੀ। 1947 ਤੋਂ ਪਹਿਲਾਂ ਦੇ ਹਿੰਦੋਸਤਾਨ ਵਿੱਚ ਪਲਵਾਂਕਰ ਬੱਲੂ ਅਤੇ ਨੱਬੇਵਿਆਂ ਦੇ ਦਹਾਕੇ ਵਿੱਚ ਵਿਨੋਦ ਕਾਂਬਲੀ ਦਲਿਤ ਜਾਤੀਆਂ ਨਾਲ ਸਬੰਧਿਤ ਦੋ ਨਾਂ ਦਿਮਾਗ਼ ਵਿੱਚ ਆਉਂਦੇ ਹਨ। ਸੰਭਵ ਹੈ ਕਿ ਕੁਝ ਹੋਰ ਵੀ ਹੋਣ। ਕਿਉਂ ਜੋ ਉਨ੍ਹਾਂ ਦੀ ਜਾਤੀ ਪਛਾਣ ਸਥਾਪਿਤ ਕਰਨੀ ਔਖੀ ਹੈ, ਇਸ ਲਈ ਇੱਥੇ ਉਨ੍ਹਾਂ ਦਾ ਨਾਂ ਲੈਣਾ ਸਹੀ ਨਹੀਂ ਹੋਵੇਗਾ। ਦੇਸ਼ ਦੀ ਸਭ ਤੋਂ ਹਰਮਨ ਪਿਆਰੀ ਖੇਡ ਵਿੱਚ 25 ਫ਼ੀਸਦੀ ਆਬਾਦੀ ਦੀ ਇੰਨੀ ਕੁ ਹਿੱਸੇਦਾਰੀ ਬਣਦੀ ਹੈ। ਦੱਖਣੀ ਅਫ਼ਰੀਕੀ ਕੋਟਾ ਪ੍ਰਣਾਲੀ ਨੂੰ ਭੁੱਲ ਜਾਓ, ਕੀ ਅਸੀਂ ਉਨ੍ਹਾਂ ਵਾਂਗ ਜ਼ਮੀਨੀ ਪੱਧਰ ’ਤੇ ਖੇਡ ਅਤੇ ਇਸ ਦੀ ਸੁਵਿਧਾਵਾਂ ਤੱਕ ਰਸਾਈ ਦੀ ਘਾਟ ਨੂੰ ਮੁਖਾਤਿਬ ਹੋਣ ਲਈ ਸਿਖਲਾਈ ਵਜ਼ੀਫ਼ਾ ਪ੍ਰੋਗਰਾਮ ਲਾਗੂ ਕੀਤੇ ਹਨ?
ਖੇਡਾਂ ਵਿੱਚ ਜਾਤੀ ਬਾਰੇ ਚਰਚਾ ਕਰਨ ਅਤੇ ਪ੍ਰਤੱਖ ਮੁੱਦੇ ਨੂੰ ਮੁਖਾਤਬ ਹੋਣ ਪ੍ਰਤੀ ਸਾਡੀ ਬੇਮੁਖਤਾ ਸਾਨੂੰ ਉਸ ਵਿਤਕਰੇਬਾਜ਼ ਪ੍ਰਬੰਧ ਦਾ ਭਾਈਵਾਲ ਬਣਾ ਦਿੰਦੀ ਹੈ ਜੋ ਇੱਕ ਚੌਥਾਈ ਆਬਾਦੀ ਨੂੰ ਇਸ ਖੇਡ ਵਿੱਚ ਢੁਕਵੀਂ ਨੁਮਾਇੰਦਗੀ ਦੇਣ ਤੋਂ ਵਾਂਝਾ ਰੱਖਦੀ ਹੈ। ਕੀ ਇੱਕ ਅਰਬ 40 ਕਰੋੜ ਲੋਕਾਂ ਨੂੰ ਇਕਜੁੱਟ ਕਰਨ ਵਾਲੀ ਖੇਡ ਵਿੱਚ ਅਜਿਹਾ ਕੋਈ ਦਲਿਤ ਖਿਡਾਰੀ ਨਹੀਂ ਹੈ ਜੋ ਭਾਰਤ ਲਈ ਖੇਡਣ ਦੀ ਕਾਬਲੀਅਤ ਰੱਖਦਾ ਹੋਵੇ? ਕੀ ਅਰਬਾਂ ਰੁਪਏ ਦੀ ਕਮਾਈ ਕਰਨ ਵਾਲੇ ਕ੍ਰਿਕਟ ਬੋਰਡ ਦੀ ਇਹ ਜ਼ਿੰਮੇਵਾਰੀ ਜਾਂ ਨੈਤਿਕ ਫ਼ਰਜ਼ ਨਹੀਂ ਹੈ ਕਿ ਟੀਮ ਦੀ ਬਣਤਰ ਵਿੱਚ ਇਸ ਅਸਾਵੇਂਪਣ ਦੇ ਕਾਰਨ ਲੱਭੇ ਜਾਣ? ਕਿੰਨੀ ਸ਼ਰਮ ਦੀ ਗੱਲ ਹੈ!
ਭਾਰਤ ਜਾਤੀ ਤੁਅੱਸਬਾਂ ਅਤੇ ਵਿਤਕਰੇਬਾਜ਼ ਰਸਮਾਂ ਨਾਲ ਗ੍ਰਸੇ ਸਮਾਜ ਵਿੱਚ ਨੌਕਰੀਆਂ ਵਿੱਚ ਰਾਖਵੇਂਕਰਨ ਦੇ ਫ਼ਾਇਦਿਆਂ ਬਾਰੇ ਅਜੇ ਵੀ ਬਹਿਸ ਮੁਬਾਹਿਸਾ ਹੋ ਰਿਹਾ ਹੈ, ਤਾਂ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਦੇਸ਼ ਨੇ ਦੁਨੀਆ ਦੀ ਸਭ ਤੋਂ ਵੱਧ ਹੁਨਰਮੰਦ ਖੇਡ ਵਿੱਚ ਕੋਟਾ ਪ੍ਰਣਾਲੀ ਦੇ ਹਾਂਦਰੂ ਸਿੱਟੇ ਕੱਢ ਕੇ ਦਿਖਾ ਦਿੱਤੇ ਹਨ। ਖੇਡਾਂ ਕਾਬਲੀਅਤ ਦੇ ਦਮ ’ਤੇ ਮੌਲ਼ਦੀਆਂ ਹਨ ਜਿੱਥੇ ਕਿਸੇ ਨੂੰ ਦੁਨੀਆ ਦੇ ਬਿਹਤਰੀਨ ਖਿਡਾਰੀਆਂ ਨਾਲ ਲੋਹਾ ਲੈਣਾ ਪੈਂਦਾ ਹੈ। ਇਸ ਲਈ ਸਖ਼ਤ ਮਿਹਨਤ, ਢੁਕਵਾਂ ਅਭਿਆਸ, ਸਰੋਤ ਅਤੇ ਸਭ ਤੋਂ ਵੱਧ ਇੱਕ ਵਾਜਬ ਸਹਾਇਕ ਪ੍ਰਣਾਲੀ ਦੀ ਲੋੜ ਪੈਂਦੀ ਹੈ ਜੋ ਕਿਸੇ ਖਿਡਾਰੀ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੁਨਾਸਬ ਮੌਕਾ ਦਿੰਦੀ ਹੋਵੇ।
ਦੱਖਣੀ ਅਫ਼ਰੀਕਾ ਦਾ ਤਜਰਬਾ ਜੋ ਵੀ ਹੋਵੇ ਪਰ ਖੇਡਾਂ ਵਿੱਚ ਰਾਖਵਾਂਕਰਨ ਅਤਿ ਦਾ ਕਦਮ ਹੋ ਸਕਦਾ ਹੈ, ਜਿਸ ਰਾਹੀਂ ਜੇ ਚੁਣਿਆ ਗਿਆ ਖਿਡਾਰੀ ਮੁਕਾਬਲੇ ਲਈ ਚੰਗਾ ਸਾਬਿਤ ਨਾ ਹੋਵੇ ਤਾਂ ਟੀਮ ਦੀ ਕਾਰਕਰਦਗੀ ਪ੍ਰਭਾਵਿਤ ਹੋ ਸਕਦੀ ਹੈ। ਇਸ ਤਰ੍ਹਾਂ ਭਾਰਤ ਇਹ ਅੰਤਰਝਾਤ ਮਾਰਨ ਤੋਂ ਫ਼ਾਰਗ ਨਹੀਂ ਹੋ ਜਾਂਦਾ ਕਿ ਇਸ ਦੀ ਆਬਾਦੀ ਦਾ ਇੱਕ ਬਹੁਤ ਵੱਡਾ ਹਿੱਸਾ ਕੌਮੀ ਟੀਮ ਤੋਂ ਦੂਰ ਕਿਉਂ ਹੈ। ਆਖ਼ਰਕਾਰ, ਉਸ ਵਿਸ਼ੇਸ਼ਾਧਿਕਾਰ ਦਾ ਵੀ ਕੀ ਮੁੱਲ ਜੇ ਇਹ ਅਹਿਸਾਸ ਨਹੀਂ ਕੀਤਾ ਜਾਂਦਾ ਕਿ ਇੱਕ ਅਜਿਹੇ ਅਨਿਆਂਕਾਰੀ ਅਤੇ ਗ਼ੈਰ-ਬਰਾਬਰ ਸਮਾਜ ਜਿੱਥੇ ਸਾਧਨਾਂ ਤੱਕ ਕੋਈ ਸਾਵੀਂ ਰਸਾਈ ਨਹੀਂ ਹੈ, ਵਿੱਚ ‘ਯੋਗਤਾ’ ਪ੍ਰਪੰਚ ਹੁੰਦੀ ਹੈ।

Advertisement
Advertisement

Advertisement
Author Image

Ravneet Kaur

View all posts

Advertisement