For the best experience, open
https://m.punjabitribuneonline.com
on your mobile browser.
Advertisement

ਕ੍ਰਿਕਟ ਦਾ ਸ਼ਹਿਨਸ਼ਾਹ ਵਿਰਾਟ ਕੋਹਲੀ

04:07 AM Jun 08, 2025 IST
ਕ੍ਰਿਕਟ ਦਾ ਸ਼ਹਿਨਸ਼ਾਹ ਵਿਰਾਟ ਕੋਹਲੀ
Advertisement

ਨਵਦੀਪ ਸਿੰਘ ਗਿੱਲ

Advertisement

ਵਿਰਾਟ ਕ੍ਰਿਕਟ ਦੇ ਇਤਿਹਾਸ ਵਿੱਚ ਸਭ ਤੋਂ ਮਹਾਨ ਬੱਲੇਬਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਵਿਰਾਟ ਦਾ ਹੁਨਰ, ਖੇਡ ਪ੍ਰਤੀ ਸਮਰਪਣ ਭਾਵਨਾ, ਜਨੂੰਨ ਅਤੇ ਵੱਡੇ ਮੰਚ ਉੱਤੇ ਵੱਡਾ ਖਿਡਾਰੀ ਬਣ ਕੇ ਉਭਰਨਾ ਵਿਰਾਟ ਨੂੰ ਮਹਾਨਤਮ ਕ੍ਰਿਕਟਰ ਬਣਾਉਂਦੀ ਹੈ। ਉਸ ਨੂੰ ਕ੍ਰਿਕਟ ਦੀ ਦੁਨੀਆ ਵਿੱਚ ਕਿੰਗ ਕੋਹਲੀ, ਚੇਜ਼ ਮਾਸਟਰ ਅਤੇ ਰਨ ਮਸ਼ੀਨ ਆਖਿਆ ਜਾਂਦਾ ਹੈ। ਵਿਰਾਟ ਨੇ ਵਿਸ਼ਵ ਕ੍ਰਿਕਟ ਵਿੱਚ ਉਹ ਹਾਸਲ ਕਰ ਲਿਆ, ਜੋ ਕੋਈ ਵੀ ਕ੍ਰਿਕਟਰ ਆਪਣੀ ਸ਼ੁਰੂਆਤ ਤੋਂ ਹਾਸਲ ਕਰਨ ਦਾ ਸੁਫ਼ਨਾ ਪਾਲਦਾ ਹੈ। ਸਚਿਨ ਤੇਂਦੁਲਕਰ ਦੇ ਖੇਡ ਛੱਡਣ ਤੋਂ ਬਾਅਦ ਵਿਰਾਟ ਕੋਹਲੀ ਨੇ ਭਾਰਤੀ ਕ੍ਰਿਕਟ ਨੂੰ ਨਾ ਸਿਰਫ਼ ਸਾਂਭਿਆ ਸਗੋਂ ਸਚਿਨ ਦੇ ਸਟਾਰਡਮ ਦੇ ਬਾਵਜੂਦ ਪ੍ਰਸਿੱਧੀ ਖੱਟੀ। ਸਚਿਨ 11 ਸਾਲ ਪਹਿਲਾਂ ਰਿਟਾਇਰ ਹੋਇਆ ਸੀ। ਜਦੋਂ ਸਚਿਨ ਨੂੰ ਪ੍ਰਸਿੱਧ ਕੁਮੈਂਟੇਟਰ ਹਰਸ਼ਾ ਭੋਗਲੇ ਨੇ ਪੁੱਛਿਆ ਕਿ ਭਵਿੱਖ ਵਿੱਚ ਕਿਹੜੇ ਖਿਡਾਰੀ ਉਸ ਦਾ ਰਿਕਾਰਡ ਤੋੜਨਗੇ ਤਾਂ ਸਚਿਨ ਦਾ ਜਵਾਬ ਰੋਹਿਤ ਤੇ ਵਿਰਾਟ ਹੀ ਸੀ। ਵਿਰਾਟ ਨੇ ਇੱਕ ਰੋਜ਼ਾ ਕ੍ਰਿਕਟ ਵਿੱਚ ਤਾਂ ਸੈਂਕੜਿਆਂ ਦਾ ਰਿਕਾਰਡ ਤੋੜ ਹੀ ਦਿੱਤਾ।
ਵਿਰਾਟ ਨੇ 2008 ਵਿੱਚ ਅੰਡਰ-19 ਵਿਸ਼ਵ ਕੱਪ ਵਿੱਚ ਭਾਰਤ ਦੀ ਕਪਤਾਨੀ ਕਰਦਿਆਂ ਭਾਰਤ ਨੂੰ ਜੂਨੀਅਰ ਵਿਸ਼ਵ ਚੈਂਪੀਅਨ ਬਣਾਇਆ। ਇੱਥੋਂ ਹੀ ਕੋਹਲੀ ਦੇ ਵਿਰਾਟ ਕਰੀਅਰ ਦੀ ਸ਼ੁਰੂਆਤ ਹੋਈ। ਅਠਾਰਾਂ ਅਗਸਤ 2008 ਨੂੰ ਸ੍ਰੀਲੰਕਾ ਖ਼ਿਲਾਫ਼ ਕੌਮਾਂਤਰੀ ਕ੍ਰਿਕਟ ਦੀ ਪਹਿਲੀ ਪੌੜੀ ਚੜ੍ਹਨ ਵਾਲੇ ਵਿਰਾਟ ਨੇ ਤਿੰਨ ਸਾਲ ਦੇ ਅੰਦਰ ਹੀ 2011 ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਜਿੱਤ ਲਿਆ, ਜਿਸ ਨੂੰ ਜਿੱਤਣ ਲਈ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਨੂੰ ਛੇ ਵਿਸ਼ਵ ਕੱਪ ਤੱਕ ਉਡੀਕ ਕਰਨੀ ਪਈ। 2013 ਤੇ 2025 ਵਿੱਚ ਦੋ ਵਾਰ ਚੈਂਪੀਅਨਜ਼ ਟਰਾਫੀ ਜਿੱਤੀ। 2024 ਵਿੱਚ ਟਵੰਟੀ-20 ਵਿਸ਼ਵ ਕੱਪ ਜਿੱਤਿਆ ਅਤੇ ਹੁਣ 2025 ਵਿੱਚ ਆਈ.ਪੀ.ਐਲ. ਟਰਾਫੀ ਜਿੱਤੀ। ਭਾਰਤ ਵਿੱਚ ਇਹ ਸਾਰੇ ਖਿਤਾਬ ਜਿੱਤਣ ਵਾਲੇ ਯੁਵਰਾਜ ਸਿੰਘ ਤੇ ਵਿਰਾਟ ਕੋਹਲੀ ਦੋ ਹੀ ਕ੍ਰਿਕਟਰ ਹਨ। ਇਸ ਤੋਂ ਇਲਾਵਾ ਉਸ ਨੇ ਦੋ ਵਾਰ ਟੈਸਟ ਰੈਂਕਿੰਗ ਵਿੱਚ ਭਾਰਤ ਨੂੰ ਨੰਬਰ ਇੱਕ ਬਣਾਉਂਦਿਆਂ ਗੁਰਜ ਵੀ ਜਿੱਤੀ। ਉਸ ਨੇ ਤਿੰਨ ਵਾਰ ਏਸ਼ੀਆ ਕੱਪ ਜਿੱਤਿਆ। ਉਪ ਜੇਤੂ ਬਣਨ ਦੀ ਗੱਲ ਕਰੀਏ ਤਾਂ ਵਿਰਾਟ 2023 ਦੇ ਇੱਕ ਰੋਜ਼ਾ ਵਿਸ਼ਵ ਕੱਪ, 2014 ਦੇ ਟਵੰਟੀ-20 ਵਿਸ਼ਵ ਕੱਪ, 2017 ਦੀ ਚੈਂਪੀਅਨਜ਼ ਟਰਾਫੀ ਅਤੇ 2021 ਤੇ 2023 ਦੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਉਪ ਜੇਤੂ ਰਿਹਾ ਹੈ।
ਵਿਰਾਟ ਕੋਹਲੀ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਰੋਜ਼ਾ ਕ੍ਰਿਕਟ, ਟਵੰਟੀ-20 ਕੌਮਾਂਤਰੀ ਕ੍ਰਿਕਟ ਅਤੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਵਿੱਚ ਕੁੱਲ ਦੌੜਾਂ ਬਣਾਉਣ ਵਿੱਚ ਤੀਜੇ ਨੰਬਰ ਉੱਤੇ ਆਉਂਦਾ ਹੈ। ਇੱਕ ਰੋਜ਼ਾ ਕ੍ਰਿਕਟ ਵਿੱਚ ਸਭ ਤੋਂ ਵੱਧ ਸੈਂਕੜੇ ਬਣਾਉਣ ਦਾ ਰਿਕਾਰਡ ਉਸ ਦੇ ਨਾਮ ਹੈ। ਸਚਿਨ ਤੇਂਦੁਲਕਰ ਵੱਲੋਂ ਬੱਲੇਬਾਜ਼ੀ ਵਿੱਚ ਬਣਾਏ ਰਿਕਾਰਡਾਂ ਵਿੱਚੋਂ ਇਹ ਇੱਕੋ-ਇੱਕ ਰਿਕਾਰਡ ਹੈ, ਜੋ ਵਿਰਾਟ ਕੋਹਲੀ ਨੇ ਤੋੜਿਆ ਹੈ। ਸਾਰੇ ਫਾਰਮੈਟ ਮਿਲਾ ਕੇ ਸੈਂਕੜਿਆਂ ਦੇ ਰਿਕਾਰਡ ਵਿੱਚ ਵਿਰਾਟ ਦੂਜੇ ਨੰਬਰ ਉੱਤੇ ਹੈ। ਵਿਰਾਟ ਕੋਹਲੀ ਭਾਰਤ ਦਾ ਸਭ ਤੋਂ ਸਫਲ ਟੈਸਟ ਕਪਤਾਨ ਵੀ ਹੈ, ਜਿਸ ਨੇ ਆਪਣੀ ਕਪਤਾਨੀ ਹੇਠ ਦੋ ਵਾਰ ਟੈਸਟ ਰੈਂਕਿੰਗ ਵਿੱਚ ਭਾਰਤ ਨੂੰ ਵਿਸ਼ਵ ਦੀ ਨੰਬਰ ਇੱਕ ਟੀਮ ਬਣਾਉਂਦਿਆਂ ਦੋ ਵਾਰ ਟੈਸਟ ਗੁਰਜ ਜਿਤਾਈ ਅਤੇ ਭਾਰਤ ਨੂੰ ਸਭ ਤੋਂ ਵੱਧ ਜਿੱਤਾਂ ਦਿਵਾਈਆਂ। ਵਿਰਾਟ ਕ੍ਰਿਕਟ ਦੇ ਤਿੰਨੇ ਫਾਰਮੈਟ- ਟੈਸਟ, ਇੱਕ ਰੋਜ਼ਾ ਅਤੇ ਟਵੰਟੀ-20 ਵਿੱਚ ਚੋਟੀ ਦਾ ਬੱਲੇਬਾਜ਼ ਰਿਹਾ ਅਤੇ ਤਿੰਨੋਂ ਫਾਰਮੈਟਾਂ ਵਿੱਚ 900 ਰੇਟਿੰਗ ਅੰਕ ਹਾਸਲ ਕਰਨ ਵਾਲਾ ਵਿਸ਼ਵ ਦਾ ਇਕਲੌਤਾ ਬੱਲੇਬਾਜ਼ ਹੈ। ਉਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਹੈ।
ਨਿੱਜੀ ਰਿਕਾਰਡਾਂ ਦੀ ਗੱਲ ਕਰੀਏ ਤਾਂ ਵਿਰਾਟ 2023 ਦੇ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਪਲੇਅਰ ਆਫ ਦਿ ਟੂਰਨਾਮੈਂਟ, 2014 ਤੇ 2016 ਵਿੱਚ ਦੋ ਵਾਰ ਟਵੰਟੀ-20 ਵਿਸ਼ਵ ਕੱਪ ਵਿੱਚ ਪਲੇਅਰ ਆਫ ਦਿ ਟੂਰਨਾਮੈਂਟ ਬਣਿਆ ਹੈ। ਵਿਸ਼ਵ ਰੈਂਕਿੰਗ ਦੀ ਗੱਲ ਕਰੀਏ ਤਾਂ ਇੱਕ ਰੋਜ਼ਾ ਕ੍ਰਿਕਟ ਵਿੱਚ ਕੋਹਲੀ 2013 ਵਿੱਚ ਹੀ ਨੰਬਰ ਇੱਕ ਬੱਲੇਬਾਜ਼ ਬਣਿਆ, 2015 ਵਿੱਚ ਉਹ ਟਵੰਟੀ-20 ਅਤੇ 2018 ਵਿੱਚ ਟੈਸਟ ਕ੍ਰਿਕਟ ਵਿੱਚ ਵਿਸ਼ਵ ਦਾ ਨੰਬਰ ਇੱਕ ਬੱਲੇਬਾਜ਼ ਬਣਿਆ। ਤਿੰਨੇ ਫਾਰਮੈਟਾਂ ਵਿੱਚ ਇਹ ਸਿਖਰ ਹਾਸਲ ਕਰਨਾ ਉਸ ਦੇ ਹਿੱਸੇ ਹੀ ਆਇਆ। 2011 ਤੋਂ 2020 ਤੱਕ ਇੱਕ ਦਹਾਕੇ ਵਿੱਚ ਉਸ ਨੇ ਵੀਹ ਹਜ਼ਾਰ ਦੌੜਾਂ ਬਣਾਈਆ ਅਤੇ ਇੱਕ ਦਹਾਕੇ ਵਿੱਚ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਵੀ ਉਹ ਪਹਿਲਾ ਕ੍ਰਿਕਟਰ ਹੈ।
ਵਿਰਾਟ ਕੋਹਲੀ ਨੇ 10 ਆਈ.ਸੀ.ਸੀ. ਐਵਾਰਡ ਹਾਸਲ ਕੀਤੇ ਅਤੇ ਕੌਮਾਂਤਰੀ ਕ੍ਰਿਕਟ ਵਿੱਚ ਇੰਨੇ ਐਵਾਰਡ ਹਾਸਲ ਕਰਨ ਵਾਲਾ ਉਹ ਪਹਿਲਾ ਕ੍ਰਿਕਟਰ ਹੈ। 2012, 2017, 2018 ਅਤੇ 2023 ਵਿੱਚ ਚਾਰ ਵਾਰ ਇੱਕ ਰੋਜ਼ਾ ਕ੍ਰਿਕਟ ਵਿੱਚ ਐਵਾਰਡ ਮਿਲਿਆ। 2017 ਅਤੇ 2018 ਵਿੱਚ ਦੋ ਵਾਰ ਕ੍ਰਿਕਟਰ ਆਫ ਦਿ ਯੀਅਰ ਦਾ ਪੁਰਸਕਾਰ ਜਿੱਤਿਆ। 2018 ਵਿੱਚ ਉਸ ਨੇ ਤਿੰਨ ਐਵਾਰਡ ਹਾਸਲ ਕੀਤੇ- ਇੱਕ ਰੋਜ਼ਾ ਤੇ ਟੈਸਟ ਕ੍ਰਿਕਟ ਦੇ ਨਾਲ ਕ੍ਰਿਕਟਰ ਆਫ ਦਿ ਯੀਅਰ ਪੁਰਸਕਾਰ ਵੀ ਹਾਸਲ ਕੀਤਾ। 2019 ਵਿੱਚ ਸਪਿਰਿਟ ਆਫ ਕ੍ਰਿਕਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਅਤੇ 2020 ਵਿੱਚ ਦਹਾਕੇ ਦਾ ਕ੍ਰਿਕਟਰ ਆਫ ਦਿ ਯੀਅਰ ਅਤੇ ਦਹਾਕੇ ਦਾ ਇੱਕ ਰੋਜ਼ਾ ਕ੍ਰਿਕਟਰ ਆਫ ਦਿ ਯੀਅਰ ਦਿੱਤਾ ਗਿਆ। ਵਿਰਾਟ ਕੋਹਲੀ ਨੂੰ ਲਗਾਤਾਰ ਤਿੰਨ ਸਾਲਾਂ ਲਈ ਵਿਜ਼ਡਨ ਲੀਡਿੰਗ ਕ੍ਰਿਕਟਰ ਦਾ ਨਾਮ ਵੀ ਦਿੱਤਾ ਗਿਆ।
ਵਿਰਾਟ ਕੋਹਲੀ ਤਿੰਨੇਂ ਫਾਰਮੈਟਾਂ ਵਿੱਚ ਸਭ ਤੋਂ ਵੱਧ ਪਲੇਅਰ ਆਫ ਦਿ ਸੀਰੀਜ਼ ਅਤੇ ਦੂਜੇ ਨੰਬਰ ਉੱਤੇ ਸਭ ਤੋਂ ਵੱਧ ਪਲੇਅਰ ਆਫ ਦਿ ਮੈਚ ਪੁਰਸਕਾਰ ਹਾਸਲ ਕਰਨ ਵਾਲਾ ਖਿਡਾਰੀ ਹੈ। ਹੋਰ ਮਾਣ-ਸਨਮਾਨਾਂ ਦੀ ਗੱਲ ਕਰੀਏ ਤਾਂ ਵਿਰਾਟ ਨੂੰ 2013 ਵਿੱਚ ਅਰਜੁਨ ਐਵਾਰਡ, 2017 ਵਿੱਚ ਪਦਮ ਸ੍ਰੀ ਅਤੇ 2018 ਵਿੱਚ ਭਾਰਤ ਦਾ ਸਭ ਤੋਂ ਵੱਡਾ ਖੇਡ ਸਨਮਾਨ ਖੇਲ ਰਤਨ ਪੁਰਸਕਾਰ ਹਾਸਲ ਕੀਤਾ। ਟਾਈਮ ਰਸਾਲੇ ਨੇ ਉਸ ਨੂੰ 2018 ਵਿੱਚ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ।
ਵਿਰਾਟ ਕੋਹਲੀ ਨੇ 2024 ਵਿੱਚ ਟਵੰਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਕ੍ਰਿਕਟ ਦੇ ਇਸ ਛੋਟੇ ਫਾਰਮੈਟ ਤੋਂ ਸੰਨਿਆਸ ਲਿਆ ਅਤੇ ਇਸ ਸਾਲ ਉਸ ਨੇ ਟੈਸਟ ਤੋਂ ਸੰਨਿਆਸ ਲਿਆ। ਹੁਣ ਉਹ ਕੌਮਾਂਤਰੀ ਕ੍ਰਿਕਟ ਵਿੱਚ ਇਕੱਲਾ ਇੱਕ ਰੋਜ਼ਾ ਮੈਚ ਖੇਡੇਗਾ ਅਤੇ ਉਮੀਦ ਕਰਦੇ ਹਾਂ ਕਿ 2027 ਤੱਕ ਉਹ ਟੀਮ ਦਾ ਹਿੱਸਾ ਰਹੇਗਾ। ਉਸ ਦੀ ਫਿਟਨੈੱਸ ਅਤੇ ਫਾਰਮ ਨੂੰ ਦੇਖਦਿਆਂ ਆਈ.ਪੀ.ਐਲ. ਵਿੱਚ ਹਾਲੇ ਕੁਝ ਸਾਲ ਹੋਰ ਖੇਡਦਾ ਨਜ਼ਰ ਆਵੇਗਾ। ਇੱਕ ਰੋਜ਼ਾ ਕ੍ਰਿਕਟ ਹਾਲੇ ਵਿਰਾਟ ਨੇ ਖੇਡਣੀ ਹੈ। ਹੁਣ ਤੱਕ ਉਹ 302 ਇੱਕ ਰੋਜ਼ਾ ਮੈਚਾਂ ਵਿੱਚ 57.88 ਦੀ ਔਸਤ ਨਾਲ 14181 ਦੌੜਾਂ ਬਣਾ ਚੁੱਕਾ ਹੈ, ਜਿਸ ਵਿੱਚ 51 ਸੈਂਕੜੇ ਤੇ 74 ਅਰਧ ਸੈਂਕੜੇ ਹਨ। ਸਭ ਤੋਂ ਵੱਧ 51 ਸੈਂਕੜੇ ਅਤੇ ਸਕੋਰ ਦਾ ਪਿੱਛਾ ਕਰਦਿਆਂ ਸਭ ਤੋਂ ਵੱਧ 26 ਸੈਂਕੜਿਆਂ ਦਾ ਰਿਕਾਰਡ ਬਣਾਉਣ ਵਾਲਾ ਵਿਰਾਟ 2023 ਦੇ ਵਿਸ਼ਵ ਕੱਪ ਵਿੱਚ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਇੱਕ ਮੁਕਾਬਲੇ ਦੌਰਾਨ ਸਭ ਤੋਂ ਵੱਧ ਦੌੜਾਂ (765) ਬਣਾਉਣ ਵਾਲਾ ਬੱਲੇਬਾਜ਼ ਵੀ ਬਣਿਆ। 8000 ਤੋਂ 14000 ਤੱਕ ਉਹ ਸਭ ਤੋਂ ਤੇਜ਼ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਹੈ। ਟਵੰਟੀ-20 ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਵਿਰਾਟ ਨੇ ਖੇਡ ਦੇ ਇਸ ਸਭ ਤੋਂ ਛੋਟੇ ਫਾਰਮੈਟ ਵਿੱਚ 125 ਮੈਚਾਂ ਵਿੱਚ 48.69 ਦੀ ਔਸਤ ਨਾਲ 4188 ਦੌੜਾਂ ਬਣਾਈਆਂ ਹਨ, ਜਿਸ ਵਿੱਚ ਇੱਕ ਸੈਂਕੜਾ ਤੇ 38 ਅਰਧ ਸੈਂਕੜੇ ਸ਼ਾਮਲ ਹਨ। ਟਵੰਟੀ-20 ਵਿੱਚ ਉਹ ਸਰਵੋਤਮ ਔਸਤ ਵਾਲਾ ਖਿਡਾਰੀ ਹੈ।
ਖਿਡਾਰੀਆਂ ਦੇ ਖੇਡ ਤੋਂ ਰਿਟਾਇਰਮੈਂਟ ਲੈਣ ਬਾਰੇ ਇੱਕ ਕਥਨ ਸਭ ਤੋਂ ਅਹਿਮ ਹੈ ਕਿ ਜਦੋਂ ਕਿਸੇ ਖਿਡਾਰੀ ਦੇ ਸੰਨਿਆਸ ਦੇ ਐਲਾਨ ਮੌਕੇ ਸਾਰੇ ਹੈਰਾਨ ਹੋ ਕੇ ਕਹਿਣ ‘‘ਕਿਉਂ?’’ ਤਾਂ ਉਸ ਖਿਡਾਰੀ ਦੀ ਮਹਾਨਤਾ ਆਪਣੇ ਆਪ ਪਤਾ ਲੱਗ ਜਾਂਦੀ ਹੈ। ਵਿਰਾਟ ਨੇ ਜਿਉਂ ਹੀ ਟੈਸਟ ਕ੍ਰਿਕਟ ਨੂੰ ਅਲਵਿਦਾ ਆਖੀ ਤਾਂ ਹਰ ਖੇਡ ਪ੍ਰੇਮੀ ਹੈਰਾਨ ਸੀ। ਵਿਰਾਟ ਨੇ ਟਵੰਟੀ-20 ਦੇ ਦੌਰ ਵਿੱਚ ਵੀ ਟੈਸਟ ਦੀ ਅਹਿਮੀਅਤ ਬਣਾ ਕੇ ਰੱਖੀ ਹੋਈ ਸੀ। ਵਿਰਾਟ ਨੇ ਨੀਰਸ ਤੇ ਹੌਲੀ ਸਮਝੇ ਜਾਂਦੇ ਕ੍ਰਿਕਟ ਦੇ ਇਸ ਫਾਰਮੈਟ ਵਿੱਚ ਆਪਣੇ ਜੋਸ਼, ਜਲੌਅ ਤੇ ਹਮਲਾਵਰ ਰੁਖ਼ ਨਾਲ ਜਾਨ ਪਾਈ ਰੱਖੀ। ਉਹ ਕਪਤਾਨੀ ਤੇ ਫੀਲਡਿੰਗ ਕਰਦਾ ਹੋਇਆ ਵੀ ਜੋਸ਼ ਵਿੱਚ ਸਾਰੇ ਖਿਡਾਰੀਆਂ ਨੂੰ ਉਤਸੁਕ ਰੱਖਦਾ। ਵਿਰਾਟ ਦੀ ਕਪਤਾਨੀ ਵਿੱਚ ਭਾਰਤ ਦੇ ਤੇਜ਼ ਗੇਂਦਬਾਜ਼ਾਂ ਦਾ ਜਾਦੂ ਸਿਰ ਚੜ੍ਹ ਬੋਲਿਆ, ਚਾਹੇ ਉਹ ਬੁਮਰਾਹ ਹੋਵੇ, ਸ਼ੰਮੀ ਜਾਂ ਸਿਰਾਜ ਤੇ ਚਾਹੇ ਫੇਰ ਇਸ਼ਾਂਤ ਸ਼ਰਮਾ ਹੋਵੇ। ਵਿਰਾਟ ਨੇ ਭਾਰਤੀ ਪੇਸ ਅਟੈਕ ਦੀ ਖੁੰਢੀ ਧਾਰ ਨੂੰ ਆਪਣੇ ਹਮਲਾਵਰ ਰੁਖ਼ ਨਾਲ ਇੰਨਾ ਤੇਜ਼ ਕੀਤਾ ਕਿ ਭਾਰਤ ਨੇ ਇੰਗਲੈਂਡ, ਦੱਖਣੀ ਅਫਰੀਕਾ ਤੇ ਆਸਟਰੇਲੀਆ ਵਿੱਚ ਜਾ ਕੇ ਟੈਸਟ ਜਿੱਤਣੇ ਸ਼ੁਰੂ ਕੀਤੇ। ਭਾਰਤੀ ਕ੍ਰਿਕਟ ਵਿੱਚ ਸੌਰਵ ਗਾਂਗੁਲੀ ਤੋਂ ਬਾਅਦ ਵਿਰਾਟ ਨੇ ਭਾਰਤੀ ਕ੍ਰਿਕਟ ਟੀਮ ਵਿੱਚ ਜੋਸ਼ ਭਰਿਆ।
ਅੰਕੜਿਆਂ ਦੀ ਗੱਲ ਕਰੀਏ ਤਾਂ ਵਿਰਾਟ ਕੋਹਲੀ ਨੇ ਆਪਣੇ ਟੈਸਟ ਕਰੀਅਰ ਵਿੱਚ 123 ਮੈਚ ਖੇਡਦਿਆਂ 46.85 ਦੀ ਔਸਤ ਨਾਲ ਕੁੱਲ 9230 ਦੌੜਾਂ ਬਣਾਈਆਂ। ਭਾਰਤੀ ਬੱਲੇਬਾਜ਼ਾਂ ਵਿੱਚ ਟੈਸਟ ਵਿੱਚ ਦੌੜਾਂ ਬਣਾਉਣ ਵਿੱਚ ਉਹ ਸਚਿਨ ਤੇਂਦੁਲਕਰ, ਰਾਹੁਲ ਦਰਾਵਿੜ ਤੇ ਸੁਨੀਲ ਗਾਵਸਕਰ ਤੋਂ ਬਾਅਦ ਚੌਥੇ ਨੰਬਰ ਉੱਤੇ ਹੈ। ਟੈਸਟ ਤੋਂ ਰਿਟਾਇਰਮੈਂਟ ਮੌਕੇ ਉਹ 10,000 ਟੈਸਟ ਦੌੜਾਂ ਦੇ ਮੀਲ ਪੱਥਰ ਤੋਂ ਸਿਰਫ਼ 770 ਦੌੜਾਂ ਪਿੱਛੇ ਸੀ ਅਤੇ ਕੋਹਲੀ ਦੀ ਫਿਟਨੈੱਸ ਤੇ ਫਾਰਮ ਨੂੰ ਦੇਖਦਿਆਂ ਇਹ ਮੀਲ ਪੱਥਰ ਵੀ ਇੱਕ ਸਾਲ ਦੇ ਅੰਦਰ ਪੂਰਾ ਹੋਣ ਦੀ ਉਮੀਦ ਸੀ, ਜੇਕਰ ਉਹ ਸੰਨਿਆਸ ਨਾ ਲੈਂਦਾ। ਵਿਰਾਟ ਨੇ ਟੈਸਟ ਕਰੀਅਰ ਵਿੱਚ 30 ਸੈਂਕੜੇ ਤੇ 31 ਅਰਧ ਸੈਂਕੜੇ ਲਗਾਏ। ਸੱਤ ਦੂਹਰੇ ਸੈਂਕੜੇ ਵੀ ਲਗਾਏ। ਸੈਂਕੜੇ ਲਗਾਉਣ ਵਿੱਚ ਵੀ ਉਹ ਚੌਥੇ ਨੰਬਰ ਉੱਤੇ ਹੈ। ਦੱਖਣੀ ਅਫਰੀਕਾ ਖ਼ਿਲਾਫ਼ ਨਾਬਾਦ 254 ਦੌੜਾਂ ਦੀ ਪਾਰੀ ਉਸ ਦਾ ਨਿੱਜੀ ਸਰਵੋਤਮ ਸਕੋਰ ਹੈ। ਵਿਰਾਟ ਨੇ 30 ਟੈਸਟ ਸੈਂਕੜਿਆਂ ਵਿੱਚੋਂ ਸਭ ਤੋਂ ਵੱਧ ਆਸਟਰੇਲੀਆ ਖ਼ਿਲਾਫ਼ 9 ਸੈਂਕੜੇ ਲਗਾਏ ਹਨ। ਉਹ ਸਭ ਤੋਂ ਵੱਧ (ਸੱਤ) ਦੂਹਰੇ ਸੈਂਕੜੇ ਲਗਾਉਣ ਵਾਲਾ ਭਾਰਤੀ ਹੈ ਤੇ ਕਪਤਾਨ ਵਜੋਂ ਵੀ ਸਭ ਤੋਂ ਵੱਧ ਛੇ ਦੂਹਰੇ ਸੈਂਕੜੇ ਲਗਾਉਣ
ਦਾ ਰਿਕਾਰਡ ਵੀ ਉਸ ਦੇ ਨਾਮ ਹੈ। 2016 ਤੇ 2017 ਵਿੱਚ ਤਿੰਨ-ਤਿੰਨ ਦੂਹਰੇ ਸੈਂਕੜਿਆਂ ਨਾਲ ਲਗਾਤਾਰ ਦੋ ਸਾਲ ਸਭ ਤੋਂ ਵੱਧ ਦੂਹਰੇ ਸੈਂਕੜੇ ਲਗਾਉਣ ਦਾ ਰਿਕਾਰਡ ਵੀ ਉਸ ਦੇ ਨਾਮ ਦਰਜ ਹੈ। 2018 ਵਿੱਚ ਉਸ ਦੇ ਟੈਸਟ ਰੈਂਕਿੰਗ ਵਿੱਚ 937 ਅੰਕ ਸਨ ਜੋ ਕਿ ਕਿਸੇ ਵੀ ਭਾਰਤੀ ਵੱਲੋਂ ਹਾਸਲ ਕੀਤੇ ਸਭ ਤੋਂ ਵੱਧ ਰੇਟਿੰਗ ਅੰਕ ਹਨ।
ਵਿਰਾਟ ਕੋਹਲੀ ਨੇ ਕਪਤਾਨ ਵਜੋਂ ਖੇਡੇ 68 ਟੈਸਟ ਮੈਚਾਂ ਵਿੱਚੋਂ 40 ਜਿੱਤੇ ਹਨ। ਇਉਂ ਉਹ ਸਭ ਤੋਂ ਵੱਧ ਟੈਸਟ ਜਿੱਤਣ ਵਾਲਾ ਭਾਰਤੀ ਕਪਤਾਨ ਹੈ। ਵਿਰਾਟ ਕੋਹਲੀ ਦੇ ਬਿਹਤਰੀਨ ਟੂਰਾਂ ਵਿੱਚੋਂ ਸਭ ਤੋਂ ਉੱਪਰ 2014-15 ਦਾ ਆਸਟਰੇਲੀਆ ਟੂਰ ਹੈ ਜਿਸ ਵਿੱਚ ਉਸ ਨੇ 86.50 ਦੀ ਔਸਤ ਨਾਲ ਕੁੱਲ 692 ਦੌੜਾਂ ਬਣਾਈਆਂ ਜਿਸ ਵਿੱਚ ਚਾਰ ਸੈਂਕੜੇ ਵੀ ਸ਼ਾਮਲ ਸਨ। ਵਿਰਾਟ ਦੀਆਂ ਕਈ ਬਿਹਤਰੀਨ ਪਾਰੀਆਂ ਖੇਡ ਪ੍ਰੇਮੀਆਂ ਨੂੰ ਸਦੀਵੀ ਯਾਦ ਰਹਿਣਗੀਆਂ। 2013 ਵਿੱਚ ਜੌਹਨਸਬਰਗ ਵਿਖੇ ਦੱਖਣੀ ਅਫਰੀਕਾ ਖ਼ਿਲਾਫ਼ ਦੋਵੇਂ ਪਾਰੀਆਂ ਵਿੱਚ ਕ੍ਰਮਵਾਰ 119 ਤੇ 96 ਦੌੜਾਂ, 2014 ਵਿੱਚ ਐਡੀਲੇਡ ਵਿਖੇ ਆਸਟਰੇਲੀਆ ਖ਼ਿਲਾਫ਼ ਦੋਵੇਂ ਪਾਰੀਆਂ ਵਿੱਚ ਸੈਂਕੜਾ, 2016 ਵਿੱਚ ਮੁੰਬਈ ਵਿਖੇ ਇੰਗਲੈਂਡ ਖ਼ਿਲਾਫ਼ 235 ਦੌੜਾਂ, 2018 ਵਿੱਚ ਬਰਮਿੰਘਮ ਵਿਖੇ ਇੰਗਲੈਂਡ ਖ਼ਿਲਾਫ਼ 149 ਦੌੜਾਂ, 2016 ਵਿੱਚ ਸੈਂਚੁਰੀਅਨ ਵਿਖੇ ਦੱਖਣੀ ਅਫਰੀਕਾ ਖ਼ਿਲਾਫ਼ 153 ਦੌੜਾਂ, 2019 ਵਿੱਚ ਪੁਣੇ ਵਿਖੇ ਦੱਖਣੀ ਅਫਰੀਕਾ ਖ਼ਿਲਾਫ਼ ਆਪਣਾ ਸਰਵੋਤਮ ਸਕੋਰ ਨਾਬਾਦ 254 ਦੌੜਾਂ ਅਹਿਮ ਪਾਰੀਆਂ ਵਿੱਚੋਂ ਇੱਕ ਹਨ। ਕੋਹਲੀ ਨੇ ਆਪਣਾ ਆਖ਼ਰੀ ਸੈਂਕੜਾ ਪਿਛਲੇ ਸਾਲ ਆਸਟਰੇਲੀਆ ਦੌਰੇ ਉੱਤੇ ਪਰਥ ਵਿਖੇ ਬਣਾਇਆ ਜਿੱਥੇ ਉਸ ਦੀ ਨਾਬਾਦ 100 ਦੌੜਾਂ ਦੀ ਪਾਰੀ ਨੇ ਭਾਰਤ ਨੂੰ ਜਿੱਤ ਦਿਵਾਈ। ਪਰਥ ਵਿਖੇ ਉਸ ਦਾ ਇਹ ਦੂਜਾ ਸੈਂਕੜਾ ਸੀ। ਟੈਸਟ ਵਿੱਚ ਉਹ ਕਪਤਾਨ ਵਜੋਂ ਭਾਰਤ ਲਈ ਸਭ ਤੋਂ ਵੱਧ 5864 ਦੌੜਾਂ ਬਣਾਉਣ ਵਾਲਾ ਖਿਡਾਰੀ ਹੈ।
ਟੈਸਟ ਕ੍ਰਿਕਟ ਨੂੰ ਸਭ ਤੋਂ ਵੱਧ ਅਹਿਮੀਅਤ ਦੇਣ ਵਾਲੇ ਵਿਰਾਟ ਕੋਹਲੀ ਨੇ ਆਖਿਆ, ‘‘ਆਈ.ਪੀ.ਐਲ. ਜਿੱਤਣਾ ਮੇਰੇ ਕਰੀਅਰ ਦੇ ਸਭ ਤੋਂ ਵਧੀਆ ਪਲਾਂ ਵਿੱਚੋਂ ਹੈ ਪਰ ਇਹ ਅਜੇ ਵੀ ਟੈਸਟ ਕ੍ਰਿਕਟ ਤੋਂ ਪੰਜ ਦਰਜੇ ਹੇਠਾਂ ਹੈ। ਮੈਂ ਟੈਸਟ ਕ੍ਰਿਕਟ ਦੀ ਬਹੁਤ ਕਦਰ ਕਰਦਾ ਹਾਂ ਅਤੇ ਟੈਸਟ ਕ੍ਰਿਕਟ ਨੂੰ ਬਹੁਤ ਪਿਆਰ ਕਰਦਾ ਹਾਂ। ਇਸ ਲਈ ਮੈਂ ਆਉਣ ਵਾਲੇ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਉਸ ਫਾਰਮੈਟ ਨੂੰ ਸਤਿਕਾਰ ਨਾਲ ਵਰਤਣ। ਕਿਉਂਕਿ ਜੇਕਰ ਤੁਸੀਂ ਟੈਸਟ ਕ੍ਰਿਕਟ ਵਿੱਚ ਪ੍ਰਦਰਸ਼ਨ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਸਾਬਤ ਕਰੋਗੇ। ਜੇਕਰ ਤੁਸੀਂ ਪੂਰੀ ਦੁਨੀਆ ਵਿੱਚ ਵਿਸ਼ਵ ਕ੍ਰਿਕਟ ਵਿੱਚ ਸਤਿਕਾਰ ਕਮਾਉਣਾ ਚਾਹੁੰਦੇ ਹੋ ਤਾਂ ਟੈਸਟ ਕ੍ਰਿਕਟ ਨੂੰ ਅਪਣਾਓ।’’
ਆਈ.ਪੀ.ਐਲ. ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਵੱਲੋਂ ਖੇਡਦਿਆਂ 18 ਅਪਰੈਲ 2008 ਤੋਂ 3 ਜੂਨ 2025 ਤੱਕ ਵਿਰਾਟ ਕੋਹਲੀ ਦਾ ਆਈ.ਪੀ.ਐਲ. ਦਾ ਸਫ਼ਰ ਉਸ ਦੀ ਕਰੜੀ ਤਪੱਸਿਆ, ਮਿਹਨਤ, ਜਜ਼ਬੇ ਅਤੇ ਕਦੇ ਵੀ ਹਾਰ ਕੇ ਨਾ ਬੈਠਣ ਦੇ ਦ੍ਰਿੜ੍ਹ ਇਰਾਦੇ ਨੂੰ ਦਰਸਾਉਂਦਾ ਹੈ। ਇਸ ਸਫ਼ਰ ਵਿੱਚ ਵਿਰਾਟ ਨੇ 3 ਜੂਨ ਤੋਂ ਪਹਿਲਾਂ ਸਭ ਕੁਝ ਹਾਸਲ ਕਰ ਲਿਆ ਸੀ, ਸਿਰਫ਼ ਟਰਾਫ਼ੀ ਦੀ ਕਮੀ ਸੀ ਜੋ ਉਸ ਰਾਤ ਪੂਰੀ ਹੋ ਗਈ। ਵਿਰਾਟ ਸਾਰੇ ਦੇ ਸਾਰੇ 18 ਸੀਜ਼ਨ ਰਾਇਲ ਚੈਲੇਂਜਰਜ਼ ਬੰਗਲੌਰ ਵੱਲੋਂ ਖੇਡਣ ਵਾਲਾ ਇਕਲੌਤਾ ਖਿਡਾਰੀ ਹੈ ਜਿਸ ਦੇ ਹੁੰਦਿਆਂ ਉਸ ਦੀ ਟੀਮ 10 ਵਾਰ ਪਲੇਅ ਆਫ ਵਿੱਚ ਪੁੱਜੀ। ਚਾਰ ਫਾਈਨਲ ਖੇਡੇ ਜਿਨ੍ਹਾਂ ਵਿੱਚੋਂ ਇੱਕ ਜਿੱਤਿਆ ਤੇ ਤਿੰਨ ਵਾਰ ਉਪ ਜੇਤੂ ਰਹੀ। ਆਈ.ਪੀ.ਐਲ. ਦੇ ਨਿੱਜੀ ਰਿਕਾਰਡ ਵੀ ਉਸ ਦੇ ਵਿਰਾਟ ਹੀ ਹਨ। ਲੀਗ ਵਿੱਚ ਸਭ ਤੋਂ ਵੱਧ ਦੌੜਾਂ (8618), ਕਪਤਾਨ ਵਜੋਂ ਸਭ ਤੋਂ ਵੱਧ ਦੌੜਾਂ (4994), ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਦੌੜਾਂ (2016 ਵਿੱਚ 973), ਸਭ ਤੋਂ ਵੱਧ ਸੈਂਕੜੇ (8), ਸਭ ਤੋਂ ਵੱਧ ਅਰਧ ਸੈਂਕੜੇ (63), ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਸੈਂਕੜੇ (2016 ਵਿੱਚ 4), ਸਭ ਤੋਂ ਵੱਧ ਚੌਕੇ (768), ਸਭ ਤੋਂ ਵੱਧ ਕੈਚ (114), ਚੇਜ਼ ਵਿੱਚ ਸਭ ਤੋਂ ਵੱਧ ਦੌੜਾਂ (2205), ਇੱਕ ਸੀਜ਼ਨ ਵਿੱਚ ਸਭ ਤੋਂ ਵੱਧ 500 ਤੋਂ ਵੱਧ ਦੌੜਾਂ (8 ਵਾਰ), ਇੱਕ ਸੀਜ਼ਨ ਵਿੱਚ ਸਭ ਤੋਂ ਵੱਧ 600 ਤੋਂ ਵੱਧ ਦੌੜਾਂ (5 ਵਾਰ), ਚਾਰ ਟੀਮਾਂ ਖ਼ਿਲਾਫ਼ 1000 ਦੌੜਾਂ ਆਦਿ ਸਭ ਰਿਕਾਰਡ ਉਸ ਦੇ ਨਾਮ ਹਨ।
ਵਿਰਾਟ ਨੇ ਆਪਣੇ ਕਰੀਅਰ ਦੇ ਪਹਿਲੇ ਹੀ ਸਾਲ ਜੂਨੀਅਰ ਵਿਸ਼ਵ ਕੱਪ ਅਤੇ ਤੀਜੇ ਹੀ ਸਾਲ ਇੱਕ ਰੋਜ਼ਾ ਵਿਸ਼ਵ ਕੱਪ ਜਿੱਤ ਲਿਆ। ਆਈ.ਪੀ.ਐਲ. ਜਿੱਤਣ ਲਈ ਉਸ ਨੂੰ 18 ਸਾਲ ਲੱਗੇ ਜਿਸ ਨੂੰ ਜਿੱਤਣ ਤੋਂ ਬਾਅਦ ਉਸ ਨੇ ਪਹਿਲੀ ਇੰਟਰਵਿਊ ਦੌਰਾਨ ਆਖਿਆ, ‘‘’ਮੈਂ ਆਰ.ਸੀ.ਬੀ. ਨੂੰ ਆਪਣੀ ਜਵਾਨੀ, ਆਪਣਾ ਸਿਖਰ ਅਤੇ ਆਪਣਾ ਤਜਰਬਾ ਦਿੱਤਾ ਹੈ ਅਤੇ ਮੈਂ ਹਰ ਸੀਜ਼ਨ ਵਿੱਚ ਇਸ ਨੂੰ ਜਿਤਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਮੈਂ ਉਹ ਸਭ ਕੁਝ ਦਿੱਤਾ ਜੋ ਮੇਰੇ ਕੋਲ ਹੈ। ਅੰਤ ਵਿੱਚ ਇਹ ਪਲ ਆ ਗਿਆ ਹੈ, ਇਸ ਦਾ ਵਿਸ਼ਵਾਸ ਨਹੀਂ ਹੁੰਦਾ। ਮੈਂ ਕਦੇ ਨਹੀਂ ਸੋਚਿਆ ਸੀ ਕਿ ਇਹ ਦਿਨ ਆਵੇਗਾ। ਆਖ਼ਰੀ ਗੇਂਦ ਸੁੱਟਦੇ ਹੀ ਮੈਂ ਭਾਵਨਾਵਾਂ ਨਾਲ ਭਰ ਗਿਆ ਅਤੇ ਇਹ ਮੇਰੇ ਲਈ ਬਹੁਤ ਮਾਅਨੇ ਰੱਖਦਾ ਹੈ। ਮੈਂ ਇਸ ਟੀਮ ਪ੍ਰਤੀ ਵਫ਼ਾਦਾਰ ਰਿਹਾ ਹਾਂ, ਭਾਵੇਂ ਕੁਝ ਵੀ ਹੋਵੇ ਅਤੇ ਮੈਂ ਹਮੇਸ਼ਾ ਉਨ੍ਹਾਂ ਨਾਲ ਜਿੱਤਣ ਦਾ ਸੁਪਨਾ ਦੇਖਿਆ ਹੈ। ਮੇਰਾ ਦਿਲ ਬੰਗਲੁਰੂ ਨਾਲ ਹੈ, ਮੇਰੀ ਆਤਮਾ ਬੰਗਲੁਰੂ ਨਾਲ ਹੈ। ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ, ਇਹ ਉਹ ਟੀਮ ਹੈ ਜਿਸ ਲਈ ਮੈਂ ਆਖ਼ਰੀ ਦਿਨ ਤੱਕ ਖੇਡਾਂਗਾ ਜਦੋਂ ਤੱਕ ਮੈਂ ਆਈ.ਪੀ.ਐਲ. ਖੇਡਦਾ ਹਾਂ। ਇਹ ਇੱਕੋ ਖਿਤਾਬ ਮਿਸ ਕਰ ਰਿਹਾ ਸੀ ਅਤੇ ਅੱਜ ਰਾਤ, ਮੈਂ ਇੱਕ ਬੱਚੇ ਵਾਂਗ ਸੌਵਾਂਗਾ। ਮੇਰੇ ਕਰੀਅਰ ਦੀ ਇੱਕ ਦਿਨ ਸਮਾਪਤੀ ਹੋਣੀ ਹੈ ਅਤੇ ਜਦੋਂ ਮੈਂ ਖੇਡਣਾ ਛੱਡਾਂਗਾ, ਮੈਂ ਘਰ ਬੈਠ ਕੇ ਕਹਿਣਾ ਚਾਹਾਂਗਾ ਕਿ ਮੈਂ ਇਸ ਨੂੰ ਉਹ ਸਭ ਕੁਝ ਦੇ ਦਿੱਤਾ ਜੋ ਮੇਰੇ ਕੋਲ ਸੀ। ਪਰਮਾਤਮਾ ਦਾ ਧੰਨਵਾਦੀ ਹਾਂ ਕਿ ਮੈਨੂੰ ਇਹ ਟਰਾਫੀ ਦਿੱਤੀ ਅਤੇ ਮੈਂ ਆਪਣਾ ਸਿਰ ਨਿਵਾਉਂਦਾ ਹਾਂ, ਨਿਮਰ ਰਹਾਂ ਅਤੇ ਜਿੰਨੀ ਹੋ ਸਕੇ ਮਿਹਨਤ ਕਰਾਂ।’’
ਨਿੱਕੀ ਉਮਰੇ ਰਣਜੀ ਟਰਾਫੀ ਖੇਡਦਿਆਂ ਆਪਣੇ ਪਿਤਾ ਦੀ ਮੌਤ ਦੇ ਬਾਵਜੂਦ ਟੀਮ ਨੂੰ ਤਰਜੀਹ ਦੇਣ ਵਾਲੇ ਵਿਰਾਟ ਨੂੰ ਗੁੜ੍ਹਤੀ ਹੀ ਅਜਿਹੀ ਮਿਲੀ ਸੀ ਕਿ ਖੇਡ ਦੇ ਸਭ ਤੋਂ ਲੰਮੇ ਫਾਰਮੈਟ ਨੂੰ ਉਸ ਨੇ ਸਭ ਤੋਂ ਵੱਧ ਤਰਜੀਹ ਦਿੱਤੀ। ਉਹ ਮਾੜੀ ਫਾਰਮ ਵਿੱਚੋਂ ਨਿਕਲਣ ਲਈ ਵਰ੍ਹਿਆਂ ਬਾਅਦ ਰਣਜੀ ਟਰਾਫੀ ਖੇਡਣ ਆਇਆ ਤਾਂ ਗਰਾਊਂਡ ਨੱਕੋ ਨੱਕ ਭਰ ਗਿਆ। ਉਸ ਦਾ ਖੇਡ ਪ੍ਰਤੀ ਜਨੂੰਨ ਕਾਬਲੇ-ਤਾਰੀਫ਼ ਹੈ ਜਿਸ ਦੀ ਸ਼ਾਹਦੀ ਦੁਨੀਆ ਦੇ ਮਹਾਨ ਖਿਡਾਰੀਆਂ ਦੀਆਂ ਉਸ ਦੀ ਰਿਟਾਇਰਮੈਂਟ ਬਾਰੇ ਟਿੱਪਣੀਆਂ ਵੀ ਭਰਦੀਆਂ ਹਨ। ਕ੍ਰਿਕਟ ਜਦੋਂ 2028 ਲਾਸ ਏਂਜਲਸ ਓਲੰਪਿਕ ਖੇਡਾਂ ਲਈ ਸ਼ਾਮਲ ਕੀਤੀ ਗਈ ਸੀ ਤਾਂ ਕੌਮਾਂਤਰੀ ਓਲੰਪਿਕ ਕਮੇਟੀ (ਆਈ.ਓ.ਸੀ.) ਨੇ ਵੀ ਵਿਰਾਟ ਦਾ ਜ਼ਿਕਰ ਕੀਤਾ।
ਵਿਰਾਟ ਕੋਹਲੀ ਨੇ ਵਿਸ਼ਵ ਕ੍ਰਿਕਟ ਵਿੱਚ ਆਪਣਾ ਪਰਚਮ ਸ਼ੁਰੂਆਤੀ ਸਾਲਾਂ ਵਿੱਚ ਹੀ ਬੁਲੰਦ ਕਰ ਲਿਆ ਸੀ। 2012 ਵਿੱਚ ਆਸਟਰੇਲੀਆ ਵਿਖੇ ਤਿਕੋਣੀ ਲੜੀ ਦੇ ਆਖ਼ਰੀ ਲੀਗ ਮੈਚ ਵਿੱਚ ਭਾਰਤ ਅੱਗੇ ਸ੍ਰੀਲੰਕਾ ਨੇ ਜਿੱਤ ਲਈ 320 ਦਾ ਟੀਚਾ ਰੱਖਿਆ ਸੀ ਅਤੇ ਫਾਈਨਲ ਵਿੱਚ ਪਹੁੰਚਣ ਲਈ ਭਾਰਤ ਨੇ ਇਹ ਟੀਚਾ 40 ਓਵਰਾਂ ਤੱਕ ਪੂਰਾ ਕਰਨਾ ਸੀ। ਵਿਰਾਟ ਕੋਹਲੀ ਨੇ 86 ਗੇਂਦਾਂ ਉੱਤੇ 133 ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਭਾਰਤ ਨੂੰ ਇਹ ਟੀਚਾ 36.4 ਓਵਰਾਂ ਵਿੱਚ ਹੀ ਪੂਰਾ ਕਰਵਾ ਦਿੱਤਾ। ਸ੍ਰੀਲੰਕਾ ਦੇ ਤੇਜ਼ ਗੇਂਦਬਾਜ਼ ਲਾਸਿਥ ਮਲਿੰਗਾ ਖ਼ਿਲਾਫ਼ ਕੋਹਲੀ ਦੇ ਹਮਲਾਵਰ ਰੁਖ਼ ਨੇ ਜਿੱਤ ਵਿੱਚ ਵੱਡੀ ਭੂਮਿਕਾ ਨਿਭਾਈ। ਸਕੋਰ ਦਾ ਪਿੱਛਾ ਕਰਦਿਆਂ ਵਿਰਾਟ ਵੱਲੋਂ ਖੇਡੀ ਇਸ ਪਾਰੀ ਨੇ ਉਸ ਨੂੰ ਚੇਜ਼ ਮਾਸਟਰ ਦਾ ਖਿਤਾਬ ਦਿਵਾ ਦਿੱਤਾ, ਜਿਸ ਨੂੰ ਹੁਣ ਤੱਕ ਉਹ ਸਹੀ ਸਾਬਤ ਕਰਦਾ ਆ ਰਿਹਾ ਹੈ।
ਵਿਰਾਟ ਨੇ ਭਾਰਤ ਨੂੰ ਵੱਡੀਆਂ ਜਿੱਤਾਂ ਹਾਸਲ ਕਰਨ ਦੀ ਆਦਤ ਪਾਈ। ਵਿਦੇਸ਼ੀ ਪਿੱਚਾਂ ’ਤੇ ਵੱਡੇ ਸਕੋਰ ਦਾ ਪਿੱਛਾ ਕਰਦਿਆਂ ਉਸ ਦੀ ਖੇਡ ਹੋਰ ਵੀ ਨਿੱਖਰ ਕੇ ਸਾਹਮਣੇ ਆਈ। ਖੇਡ ਮੈਦਾਨ ਵਿੱਚ ਪੂਰਾ ਸਮਾਂ ਉਹ ਪੂਰੇ ਉਤਸ਼ਾਹ ਨਾਲ ਖੇਡ ਨਾਲ ਜੁੜਿਆ ਰਹਿੰਦਾ ਹੈ। ਗੇਂਦਬਾਜ਼ਾਂ ਦੀ ਵਿਕਟ ਉੱਤੇ ਉਨ੍ਹਾਂ ਤੋਂ ਵੱਧ ਉਤਸ਼ਾਹਤ ਹੋ ਕੇ ਟੀਮ ਦਾ ਹੌਸਲਾ ਵਧਾਉਂਦਾ ਹੈ। ਉਸ ਨੇ ਫਿਟਨੈੱਸ ਦੀ ਨਵੀਂ ਪਰਿਭਾਸ਼ਾ ਲਿਖੀ ਹੈ। ਫੀਲਡਿੰਗ ਦੌਰਾਨ ਚੁਸਤ ਦਰੁਸਤ ਰਹਿਣ ਵਾਲਾ ਵਿਰਾਟ ਬੱਲੇਬਾਜ਼ੀ ਕਰਦਿਆਂ ਇਕੱਲੇ ਚੌਕਿਆਂ ਛੱਕਿਆਂ ਨਾਲ ਵੱਡੀਆਂ ਪਾਰੀਆਂ ਨਹੀਂ ਖੇਡਦਾ ਸਗੋਂ ਉਸ ਨੂੰ ਦੌੜ ਕੇ ਰਨ ਬਣਾਉਣ ਵਿੱਚ ਸਭ ਤੋਂ ਵੱਧ ਮੁਹਾਰਤ ਹਾਸਲ ਹੈ। ਉਹ ਇੰਨਾ ਫੁਰਤੀਲਾ ਹੈ ਕਿ ਇੱਕ ਨੂੰ ਦੋ ਤੇ ਦੋ ਨੂੰ ਤਿੰਨ ਦੌੜਾਂ ਵਿੱਚ ਬਦਲ ਦਿੰਦਾ ਹੈ। ਆਈ.ਪੀ.ਐਲ. ਦੇ ਇੱਕ ਮੈਚ ਵਿੱਚ ਤਾਂ ਉਸ ਨੇ ਨਿਊ ਚੰਡੀਗੜ੍ਹ ਦੇ ਛੋਟੀ ਬਾਊਂਡਰੀ ਵਾਲੇ ਗਰਾਊਂਡ ਵਿੱਚ ਭੱਜ ਕੇ ਚਾਰ ਦੌੜਾਂ ਵੀ ਲੈ ਲਈਆਂ। ਉਸ ਨੂੰ ਸਕੋਰ ਦਾ ਪਿੱਛਾ ਕਰਨਾ ਪਸੰਦ ਹੈ, ਉਹ ਦਬਾਅ ਵਿੱਚ ਨਹੀਂ ਆਉਂਦਾ। ਪਾਕਿਸਤਾਨ ਖ਼ਿਲਾਫ਼ ਆਸਟਰੇਲੀਆ ਵਿੱਚ ਟਵੰਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਉਸ ਦੀ ਪਾਰੀ ਨੇ ਪਾਸਾ ਹੀ ਬਦਲ ਦਿੱਤਾ। ਉਸ ਨੂੰ ਸਮੇਂ ਤੇ ਸਥਿਤੀ ਅਨੁਸਾਰ ਖੇਡਣਾ ਆਉਂਦਾ ਹੈ। ਉਹ ਲੋੜ ਅਨੁਸਾਰ ਦੌੜਾਂ ਬਣਾਉਣ ਦੀ ਗਤੀ ਤੇਜ਼ ਜਾਂ ਹੌਲੀ ਕਰਨੀ ਜਾਣਦਾ ਅਤੇ ਜੋਖ਼ਮ ਭਰਪੂਰ ਸ਼ਾਟ ਖੇਡੇ ਬਿਨਾਂ ਤੇਜ਼ ਦੌੜਾਂ ਬਣਾ ਲੈਂਦਾ ਹੈ। ਵਿਰਾਟ ਕੋਹਲੀ ਨੇ ਆਪਣੇ ਪਿਤਾ ਵੱਲੋਂ ਉਸ ਲਈ ਬਚਪਨ ਵਿੱਚ ਸੰਜੋਏ ਸੁਫ਼ਨੇ ਨੂੰ ਨਾ ਕੇਵਲ ਪੂਰਾ ਕੀਤਾ ਸਗੋਂ ਭਾਰਤੀ ਕ੍ਰਿਕਟ ਦੀ ਚੋਟੀ ਉੱਤੇ ਪੁੱਜਾ। 2006 ਵਿੱਚ ਰਣਜੀ ਟਰਾਫੀ ਦੇ ਮੈਚ ਦੌਰਾਨ ਆਪਣੇ ਪਿਤਾ ਦੇ ਦੇਹਾਂਤ ਦੇ ਬਾਵਜੂਦ ਉਸ ਨੇ ਤਾਮਿਲਨਾਡੂ ਖ਼ਿਲਾਫ਼ ਦਿੱਲੀ ਦੀ ਟੀਮ ਵੱਲੋਂ ਖੇਡਣ ਨੂੰ ਤਰਜੀਹ ਦਿੱਤੀ ਸੀ। ਉਹ ਤਿੰਨ-ਚਾਰ ਵਰ੍ਹਿਆਂ ਦਾ ਸੀ ਜਦੋਂ ਉਸ ਦਾ ਪਿਤਾ ਪ੍ਰੇਮ ਕੋਹਲੀ ਆਪਣੇ ਬੇਟੇ ਨੂੰ ਘਰ ਦੇ ਵਿਹੜੇ ਵਿੱਚ ਬਾਲਾਂ ਸੁੱਟਦਾ ਹੁੰਦਾ ਸੀ। ਇਹ ਉਸ ਦੀ ਖੇਡ ਪ੍ਰਤੀ ਸਮਰਪਣ ਭਾਵਨਾ ਅਤੇ ਪਿਤਾ ਦੇ ਸੁਫ਼ਨੇ ਪੂਰਾ ਕਰਨ ਦੀ ਚਾਹਤ ਦਾ ਹੀ ਸਿੱਟਾ ਸੀ ਕਿ ਉਹ ਵਿਸ਼ਵ ਵਿੱਚ ਖੇਡਾਂ ਦੀ ਦੁਨੀਆ ਦਾ ਸਭ ਤੋਂ ਵੱਡਾ ਬਰਾਂਡ ਬਣਿਆ। ਅੱਜ ਵਿਰਾਟ ਦੀ ਪਤਨੀ ਅਨੁਸ਼ਕਾ ਸ਼ਰਮਾ ਤੇ ਉਸ ਦੇ ਬੱਚੇ ਹਰ ਮੈਚ ਵਿੱਚ ਉਸ ਦਾ ਹੌਸਲਾ ਵਧਾਉਣ ਲਈ ਗਰਾਊਂਡ ਵਿੱਚ ਆਉਂਦੇ ਹਨ।
ਸੰਪਰਕ: 97800-36216

Advertisement
Advertisement

Advertisement
Author Image

Ravneet Kaur

View all posts

Advertisement