ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਬਲਾਕ ਪੱਧਰੀ ਮੀਟਿੰਗ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਮੀਟਿੰਗ ਦਾ ਦ੍ਰਿਸ਼। -ਫੋਟੋ:ਭੰਗੂ

ਖੇਤਰੀ ਪ੍ਰਤੀਨਿਧ
ਪਟਿਆਲਾ, 19 ਅਗਸਤ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਬਲਾਕ ਇਕਾਈ ਪਟਿਆਲਾ ਦੀ ਮੀਟਿੰਗ ਗੁਰਮੀਤ ਸਿੰਘ ਧਬਲਾਨ ਦੀ ਪ੍ਰਧਾਨਗੀ ਹੇਠਾਂ ਸ਼ੇਖੂਪੁਰ ਸਥਿਤ ਗੁਰਦੁਆਰਾ ਪਰਮੇਸ਼ਰ ਦੁਆਰ ਵਿੱਚ ਹੋਈ, ਜਿਸ ਦੌਰਾਨ ਉਨ੍ਹਾਂ ਕਿਸਾਨਾਂ ਦੀਆਂ ਮੁਸ਼ਕਿਲਾਂ ਅਤੇ ਮੁੱਦਿਆਂ ਬਾਰੇ ਚਰਚਾ ਕੀਤੀ ਗਈ। ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇਅ ਲਈ ਐਕੁਵਾਇਰ ਕੀਤੀਆਂ ਗਈਆਂ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਪਟਿਆਲਾ ਦਾ ਜ਼ਿਲ੍ਹਾ ਪ੍ਰਸ਼ਾਸਨ, ਖ਼ਾਸ ਕਰਕੇ .ਪੀ. ਡਬਲਿਊ. ਡੀ ਮਹਿਕਮੇ ਦੇ ਕੁਝ ਅਫ਼ਸਰ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਕਿਸਾਨਾਂ ਦੇ ਹੱਕ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਫੈਸਲਾ ਦੇ ਕੇ ਪਟਿਆਲਾ ਪ੍ਰਸ਼ਾਸਨ ਨੂੰ ਕਿਹਾ ਸੀ ਕਿ ਕਿਸਾਨਾਂ ਨੂੰ ਜ਼ਮੀਨ ਦਾ ਜੋ ਪਹਿਲਾਂ ਹੀ ਘੱਟ ਰੇਟ ਮਿਲਿਆ ਹੈ, ਦੀ ਭਰਪਾਈ ਲਈ ਉਨ੍ਹਾਂ ਨੂੰ ਮੁੜ ਐਵਾਰਡ ਦਿੱਤਾ ਜਾਵੇ।
ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਐਵਾਰਡ ਵਿੱਚ ਦਿੱਤੇ ਗਏ ਪੈਸੇ ਦੇਣ ਦੀ ਬਜਾਏ, ਆਨਾਕਾਨੀ ਕਰਕੇ ਕੇਸ ਲਟਕਾਇਆ ਜਾ ਰਿਹਾ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਤੈਅ ਕੀਤਾ ਹੈ ਕਿ 20 ਅਗਸਤ ਨੂੰ ਐੱਸ.ਡੀ.ਐੱਮ ਪਟਿਆਲਾ ਨੂੰ ਅਤੇ ਪੀ. ਡਬਲਯੂ. ਡੀ ਦੇ ਪਟਿਆਲਾ ਸਥਿਤ ਐਕਸੀਅਨ ਨੂੰ ਮਿਲਿਆ ਜਾਵੇਗਾ। ਜੇਕਰ ਮਸਲਾ 22 ਅਗਸਤ ਦੀ ਪੇਸ਼ੀ ਵਿਚ ਕਿਸੇ ਸਿਰੇ ਨਾ ਲੱਗਿਆ, ਤਾਂ ਯੂਨੀਅਨ ਵੱਲੋਂ ਪੀ. ਡਬਲਿਊ. ਡੀ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਦੇ ਸਾਹਮਣੇ ਰੋਸ ਧਰਨਾ ਦਿੱਤਾ ਜਾਵੇਗਾ।