ਕੌਮੀ ਲੋਕ ਅਦਾਲਤ ’ਚ 50464 ਕੇਸਾਂ ਦਾ ਨਿਬੇੜਾ
ਪੱਤਰ ਪ੍ਰੇਰਕ
ਜਲੰਧਰ, 8 ਮਾਰਚ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਤੇ ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਦੀ ਸਰਪ੍ਰਸਤੀ ਹੇਠ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਜਲੰਧਰ ਨਿਰਭਉ ਸਿੰਘ ਗਿੱਲ ਦੀ ਅਗਵਾਈ ਵਿੱਚ ਅੱਜ ਕੌਮੀ ਲੋਕ ਅਦਾਲਤ ਲਾਈ ਗਈ। ਇਸ ਲੋਕ ਅਦਾਲਤ ਵਿੱਚ ਵੱਖ ਵੱਖ ਤਰ੍ਹਾਂ ਦੇ ਕੇਸ ਨਿਬੇੜੇ ਲਈ ਰੱਖੇ ਗਏ। ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਰਾਹੁਲ ਕੁਮਾਰ ਨੇ ਦੱਸਿਆ ਕਿ ਅੱਜ ਦੀ ਇਸ ਕੌਮੀ ਲੋਕ ਅਦਾਲਤ ਵਿੱਚ ਕੁੱਲ 51,726 ਕੇਸ ਰੱਖੇ ਗਏ। ਇਨ੍ਹਾਂ ’ਚੋਂ 50,464 ਕੇਸਾਂ ਦਾ ਨਿਬੇੜਾ ਕਰ ਕੇ ਕੁੱਲ 102 ਕਰੋੜ 99 ਲੱਖ 87 ਹਜ਼ਾਰ 505 ਰੁਪਏ ਦੇ ਐਵਾਰਡ ਪਾਸ ਕੀਤੇ ਗਏ। ਉਨ੍ਹਾਂ ਨੇ ਦੱਸਿਆਂ ਕਿ ਇਸ ਲੋਕ ਅਦਾਲਤ ਵਿੱਚ ਪੰਜ ਵਿਆਹਤਾਂ ਜੋੜਿਆਂ ਨੇ ਲੋਕ ਅਦਾਲਤ ਬੈਂਚ ਦੀਆਂ ਕੋਸ਼ਿਸ਼ਾਂ ਕਰ ਕੇ ਦੁਬਾਰਾ ਇਕੱਠੇ ਰਹਿਣ ਦਾ ਫ਼ੈਸਲਾ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਅਗਲੀ ਲੋਕ ਅਦਾਲਤ 10 ਮਈ ਨੂੰ ਲਗਾਈ ਜਾਵੇਗੀ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਅੱਜ ਸਾਲ 2025 ਦੀ ਪਹਿਲੀ ਰਾਸ਼ਟਰੀ ਲੋਕ ਅਦਾਲਤ ਲਗਾਈ ਗਈ। ਇਸ ਲੋਕ ਅਦਾਲਤ ਦੀ ਪ੍ਰਧਾਨਗੀ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਿਲਬਾਗ ਸਿੰਘ ਜੌਹਲ ਨੇ ਕੀਤੀ। ਇਸ ਮੌਕੇ ਹੁਸ਼ਿਆਰਪੁਰ ਵਿਚ ਕੁੱਲ 24 ਬੈਂਚ ਗਠਿਤ ਕੀਤੇ ਗਏ। ਲੋਕ ਅਦਾਲਤ ਵਿਚ 20,025 ਮਾਲਿਆਂ ਦੀ ਸੁਣਾਈ ਹੋਈ। ਇਨ੍ਹਾਂ ਵਿਚੋਂ 17,294 ਮਾਮਲਿਆਂ ਦਾ ਨਿਬੇੜਾ ਕੀਤਾ ਗਿਆ ਅਤੇ ਕੁੱਲ 7,33,66,781 ਦੀ ਰਕਮ ਦੇ ਐਵਾਰਡ ਪਾਸ ਕੀਤੇ ਗਏ। ਪੁਲੀਸ ਵਿਭਾਗ ਵੱਲੋਂ ਟਰੈਫਿਕ ਚਾਲਾਨ ਭੁਗਤਾਨ ਲਈ ਵਿਸ਼ੇਸ਼ ਹੈਲਪ ਡੈਸਕ ਲਗਾਏ ਗਏ।
ਪਠਾਨਕੋਟ (ਪੱਤਰ ਪ੍ਰੇਰਕ): ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰਪਾਲ ਸਿੰਘ ਖੁਰਮੀ ਨੇ ਦੱਸਿਆ ਕਿ ਕੌਮੀ ਲੋਕ ਅਦਾਲਤ ਵਿੱਚ 8 ਬੈਂਚ ਲਗਾਏ ਗਏ। ਇਸ ਦੌਰਾਨ ਕੁੱਲ 9751 ਕੇਸ ਰੱਖੇ ਗਏ। ਇਨ੍ਹਾਂ ਵਿੱਚੋਂ 8114 ਕੇਸਾਂ ਦਾ ਮੌਕੇ ’ਤੇ ਨਿਬੇੜਾ ਕੀਤਾ ਗਿਆ ਅਤੇ 4 ਕਰੋੜ 63 ਲੱਖ 45 ਹਜ਼ਾਰ 295 ਰੁਪਏ ਦੇ ਐਵਾਰਡ ਪਾਸ ਕੀਤੇ ਗਏ।
ਲੋਕ ਅਦਾਲਤਾਂ ਦਾ ਲਾਹਾ ਲੈਣ ਦੀ ਅਪੀਲ
ਤਰਨ ਤਾਰਨ (ਪੱਤਰ ਪ੍ਰੇਰਕ): ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀਦੀ ਅਗਵਾਈ ਵਿੱਚ ਲਗਾਈ ਕੌਮੀ ਲੋਕ ਅਦਾਲਤ ਵਿੱਚ ਕੁੱਲ ਆਏ 4163 ਕੇਸਾਂ ਵਿੱਚੋਂ 2136 ਕੇਸਾਂ ਦਾ ਮੌਕੇ ’ਤੇ ਹੀ ਨਿਬੇੜਾ ਕੀਤਾ ਗਿਆ| ਇਸ ਲੋਕ ਅਦਾਲਤ ਵਿੱਚ 13.55 ਕਰੋੜ ਰੁਪਏ ਦੀ ਰਕਮ ਦੇ ਫ਼ੈਸਲੇ ਕੀਤੇ ਗਏ। ਜ਼ਿਲ੍ਹਾ ਅਤੇ ਸ਼ੈਸਨਜ਼ ਜੱਜ ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕੰਵਲਜੀਤ ਸਿੰਘ ਬਾਜਵਾ ਨੇ ਲੋਕਾਂ ਨੂੰ ਇਨ੍ਹਾਂ ਲੋਕ ਅਦਾਲਤਾਂ ਦਾ ਲਾਹਾ ਲੈਣ ਦੀ ਅਪੀਲ ਕੀਤੀ ਹੈ|