ਕੌਮੀ ਖੇਡਾਂ: ਗੁਰਬਾਣੀ ਤੇ ਦਿਲਜੋਤ ਨੇ ਰੋਇੰਗ ’ਚ ਸੋਨ ਤਗ਼ਮਾ ਜਿੱਤਿਆ
ਸੰਤੋਖ ਗਿੱਲ
ਗੁਰੂਸਰ ਸੁਧਾਰ, 7 ਫਰਵਰੀ
ਉਤਰਾਖੰਡ ਦੇ ਟੀਹਰੀ ਵਿੱਚ ਚੱਲ ਰਹੀਆਂ 38ਵੀਆਂ ਕੌਮੀ ਖੇਡਾਂ ਦੇ ਰੋਇੰਗ ਮੁਕਾਬਲੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅੱਬੂਵਾਲ ਦੀ ਜੰਮਪਲ ਗੁਰਬਾਣੀ ਕੌਰ ਨੇ ਸੋਨ ਤਗ਼ਮਾ ਜਿੱਤ ਕੇ ਇਲਾਕੇ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਆਈਟੀਬੀਪੀ ’ਚ ਤਾਇਨਾਤ ਗੁਰਬਾਣੀ ਮੱਧ ਪ੍ਰਦੇਸ਼ ਦੀ ਨੁਮਾਇੰਦਗੀ ਕਰਦੀ ਹੈ। ਉਸ ਨੇ ਮਹਿਲਾ ਕਾਕਸਲੈੱਸ ਟੀਮ ਪੇਅਰ ਸਕੱਲ ਰੋਇੰਗ ਈਵੈਂਟ ਵਿੱਚ ਆਪਣੀ ਸਾਥਣ ਦਿਲਜੋਤ ਕੌਰ ਨਾਲ ਮਿਲ ਕੇ 2 ਕਿਲੋਮੀਟਰ ਦੌੜ 8:9.4 ਦੇ ਰਿਕਾਰਡ ਸਮੇਂ ਵਿੱਚ ਪੂਰੀ ਕੀਤੀ। ਕੇਰਲ ਦੀ ਵਿਨੀਜਾ ਅਤੇ ਐਲੀਨਾ ਐਂਟੋ ਦੀ ਜੋੜੀ ਨੇ ਚਾਂਦੀ ਦਾ ਤਗ਼ਮਾ, ਜਦਕਿ ਪੰਜਾਬ ਦੀ ਜੈਸਮੀਨ ਕੌਰ ਅਤੇ ਜਸ਼ਨਪ੍ਰੀਤ ਕੌਰ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਮੱਧ ਪ੍ਰਦੇਸ਼ ਵਿੱਚ ਆਈਟੀਬੀਪੀ ’ਚ ਤਾਇਨਾਤ ਗੁਰਬਾਣੀ ਚੰਡੀਗੜ੍ਹ ਟੈਕਨੀਕਲ ਯੂਨੀਵਰਸਿਟੀ ਤੋਂ ਐੱਮਪੀਐੱਡ ਵੀ ਕਰ ਰਹੀ ਹੈ। ਇਸ ਤੋਂ ਪਹਿਲਾਂ ਉਸ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਖੇਡਾਂ 2022 ਅਤੇ 2023 ਵਿੱਚ ਦੋ ਵਾਰ ਲਗਾਤਾਰ ਸੋਨ ਤਗਮੇ, 2023 ਵਿੱਚ ਗੋਆ ਕੌਮੀ ਖੇਡਾਂ ’ਚ ਚਾਂਦੀ ਅਤੇ 2024 ਕੌਮੀ ਚੈਂਪੀਅਨਸ਼ਿਪ ’ਚ ਸੋਨੇ ਦਾ ਤਗਮਾ ਜਿੱਤਿਆ ਸੀ। ਗੁਰਬਾਣੀ ਦੇ ਪਿਤਾ ਜਸਵੀਰ ਸਿੰਘ ਪੰਜਾਬ ਪੁਲੀਸ ਵਿੱਚ ਤਾਇਨਾਤ ਹਨ। ਉਹ ਪਿੰਡ ਦੇ ਅੱਬੂਵਾਲ ਸਪੋਰਟਸ ਕਲੱਬ ਦੇ ਪ੍ਰਧਾਨ ਅਤੇ ਫੁਟਬਾਲ ਕੋਚ ਵੀ ਹਨ। ਗੁਰਬਾਣੀ ਦੀ ਛੋਟੀ ਭੈਣ ਮੁਸਕਾਨ ਚੰਡੀਗੜ੍ਹ ਦੇ ਖ਼ਾਲਸਾ ਕਾਲਜ ਤੋਂ ਗ੍ਰੈਜੂਏਸ਼ਨ ਕਰ ਰਹੀ ਹੈ ਅਤੇ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਦੀ ਕ੍ਰਿਕਟ ਅਕੈਡਮੀ ਵਿੱਚ ਸਿਖਲਾਈ ਲੈ ਰਹੀ ਹੈ।