ਕੌਮਾਂ ਨੂੰ ਬਚਾਉਣ ਲਈ ਅਸੂਲ ਨਹੀਂ ਤਿਆਗੇ ਜਾ ਸਕਦੇ: ਗਿਆਨੀ ਹਰਪ੍ਰੀਤ ਸਿੰਘ
ਸਤਨਾਮ ਸਿੰਘ ਸੱਤੀ
ਮਸਤੂਆਣਾ ਸਾਹਿਬ, 31 ਜਨਵਰੀ
ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਦੀ 98ਵੀਂ ਬਰਸੀ ਸਬੰਧੀ ਜੋੜ ਮੇਲ ਦੇ ਭਰਵੇਂ ਇਕੱਠ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੌਮਾਂ ਹਮੇਸ਼ਾ ਸਿਧਾਂਤਾਂ ਅਤੇ ਅਸੂਲਾਂ ਦੇ ਨਾਲ ਚੱਲਦੀਆਂ ਹਨ। ਅਸੂਲਾਂ ਦੀ ਰਾਖੀ ਲਈ ਕੌਮਾਂ ਕੁਰਬਾਨ ਕੀਤੀਆਂ ਜਾ ਸਕਦੀਆਂ ਹਨ ਪਰ ਕੌਮਾਂ ਨੂੰ ਬਚਾਉਣ ਲਈ ਅਸੂਲ ਨਹੀਂ ਤਿਆਗੇ ਜਾ ਸਕਦੇ। ਉਨ੍ਹਾਂ ਕਿਹਾ ਕਿ ਅੱਜ ਸਿਧਾਂਤਾਂ ਨੂੰ ਖੋਰਾ ਲਾਇਆ ਜਾ ਰਿਹਾ ਹੈ ਅਤੇ ਅਸੀਂ ਲਾਚਾਰੀ ਨਾਲ ਸਭ ਕੁਝ ਦੇਖ ਕੇ ਚੁੱਪ ਹੋਏ ਬੈਠੇ ਹਾਂ ਜੋ ਗੁਲਾਮੀ ਦੀ ਨਿਸ਼ਾਨੀ ਹੈ। ਕੌਂਸਲ ਵੱਲੋਂ ਉਨ੍ਹਾਂ ਨੂੰ ‘ਅਕਾਲੀ ਫੂਲਾ ਸਿੰਘ ਐਵਾਰਡ’ ਨਾਲ ਸਨਮਾਨਿਆ ਗਿਆ। ਉਨ੍ਹਾਂ ਕਿਹਾ ਕਿ ਕੌਮਾਂ ਵਿੱਚ ਮਤਭੇਦ ਹੋ ਜਾਂਦੇ ਹਨ ਜੋ ਸੁਲਝਾ ਲਏ ਜਾਂਦੇ ਹਨ ਪਰ ਮਨਭੇਦ ਨਹੀਂ ਹੋਣੇ ਚਾਹੀਦੇ। ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਖਾਸ ਕਰ ਕੇ ਨੌਜਵਾਨ ਵਰਗ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਤਾਂ ਜੋ ਸਿੱਖ ਪ੍ਰੰਪਰਾਵਾਂ ਨੂੰ ਬਚਾਇਆ ਜਾ ਸਕੇ।
ਇਸ ਦੌਰਾਨ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਅੱਜ ਧਾਰਮਿਕ, ਸਿਆਸੀ, ਵਿੱਦਿਅਕ ਅਤੇ ਸਮਾਜਿਕ ਪੱਖੋਂ ਸਿੱਖ ਕੌਮ ਪਛੜ ਰਹੀ ਹੈ। ਇਸ ਲਈ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ। ਇਸ ਤੋਂ ਪਹਿਲਾਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੰਤ ਅਤਰ ਸਿੰਘ ਨੇ ਮਹਿਸੂਸ ਕਰ ਲਿਆ ਸੀ ਕਿ ਸਿੱਖ ਕੌਮ ਨੂੰ ਵਿੱਦਿਅਕ ਪੱਖ ਤੋਂ ਉੱਠਣ ਦੀ ਲੋੜ ਹੈ। ਇਸੇ ਲਈ ਉਨ੍ਹਾਂ ਸੰਤ ਤੇਜਾ ਸਿੰਘ ਸਮੇਤ ਚਾਰ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਹਾਸਲ ਕਰਨ ਲਈ ਇੰਗਲੈਂਡ ਭੇਜਿਆ।
ਕੌਂਸਲ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਕਿਹਾ ਕਿ ਟਰੱਸਟ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਜਲਦੀ ਹੀ ਵਿੱਦਿਅਕ ਢਾਂਚੇ ਦਾ ਪੱਧਰ ਉੱਚਾ ਚੁੱਕਣ ਦੇ ਮਨੋਰਥ ਨਾਲ ਇੱਥੇ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾਵੇਗੀ। ਇਸ ਮੌਕੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਹੈ ਕਿ ਜੋ ਲੋਕ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰਕੁਸ਼ੀ ਕਰ ਰਹੇ ਹਨ, ਸੰਗਤਾਂ ਨੂੰ ਉਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਅਕਾਲੀ ਦਲ (ਅ) ਦੇ ਆਗੂ ਇਮਾਨ ਸਿੰਘ ਮਾਨ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ 2011 ਤੋਂ ਬਾਅਦ ਹੁਣ ਤੱਕ ਦੀ ਦੇਰੀ ਲਈ ਕੇਂਦਰ ਅਤੇ ਰਾਜ ਸਰਕਾਰ ਜ਼ਿੰਮੇਵਾਰ ਹਨ। ਭੁਪਿੰਦਰ ਸਿੰਘ ਗਰੇਵਾਲ ਵੱਲੋਂ ਕੀਤੇ ਮੰਚ ਸੰਚਾਲਨ ਦੌਰਾਨ ਸਮਾਗਮ ਨੂੰ ਅਕਾਲ ਕਾਲਜ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਸੰਤ ਕਾਕਾ ਸਿੰਘ ਦਮਦਮਾ ਸਾਹਿਬ, ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਤੇ ਸੰਤ ਈਸ਼ਰ ਸਿੰਘ ਹੈਦਰਾਬਾਦ ਅਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਜਥੇਦਾਰ ਹਰਜੀਤ ਸਿੰਘ ਸੰਜੂਮਾ, ਜੀਤ ਸਿੰਘ ਢੀਂਡਸਾ, ਅਮਨਵੀਰ ਸਿੰਘ ਚੈਰੀ, ਗੁਰਜੰਟ ਸਿੰਘ ਦੁੱਗਾਂ ਅਤੇ ਹੋਰ ਸਖਸ਼ੀਅਤਾਂ ਮੌਜੂਦ ਸਨ।