ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਵੱਲੋਂ ਇਟਲੀ ਵਿੱਚ ਯੂਰਪੀ ਫੋਰਮ ਰੱਦ

ਨਵੀਂ ਦਿੱਲੀ/ਕੁਆਲਾਲੰਪੁਰ, 27 ਫਰਵਰੀ
ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ (ਏਆਈਬੀਏ) ਨੇ ਵੀਰਵਾਰ ਨੂੰ ਇਟਲੀ ਵਿੱਚ ਕਰੋਨਾਵਾਇਰਸ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਇਸ ਦੇਸ਼ ਵਿਚ ਆਪਣੀ ਮਹਾਦੀਪ ਫੋਰਮ ਦੇ ਯੂਰਪੀ ਗੇੜ ਨੂੰ ਰੱਦ ਕਰ ਦਿੱਤਾ। ਫੋਰਮ ਇਸੇ ਸ਼ਨਿਚਰਵਾਰ ਨੂੰ ਹੋਣੀ ਸੀ, ਜਿੱਥੇ ਭਾਰਤੀ ਮੁੱਕੇਬਾਜ਼ੀ ਟੀਮ ਇਸ ਸਮੇਂ ਮੌਜੂਦ ਹੈ ਅਤੇ ਜੌਰਡਨ ’ਚ ਅਗਲੇ ਮਹੀਨੇ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਲਈ ਅਭਿਆਸ ਕੈਂਪ ’ਚ ਭਾਗ ਲੈ ਰਹੀ ਹੈ।
ਏਆਈਬੀਏ ਦੇ ਅੰਤ੍ਰਿਮ ਪ੍ਰਧਾਨ ਡਾ. ਮੁਹੰਮਦ ਮੁਸਤਾਹਸਾਨੇ ਨੇ ਜਾਰੀ ਬਿਆਨ ਵਿੱਚ ਕਿਹਾ, ‘‘ਕੋਵਿਡ-19 (ਕਰੋਨਾਵਾਇਰਸ) ਨੂੰ ਦੇਖਦੇ ਹੋਏ ਇਟਲੀ ਦੇ ਅਸੀਸੀ ’ਚ 29 ਫਰਵਰੀ ਨੂੰ ਹੋਣ ਵਾਲੀ ਏਆਈਬੀਏ ਯੂਰਪੀ ਫੋਰਮ 2020 ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਏਆਈਬੀਏ ਦੇ ਸਿਖ਼ਰਲੇ ਅਧਿਕਾਰੀਆਂ ਨੇ ਟੀਮਾਂ ਦੇ ਸਰਬੋਤਮ ਹਿੱਤਾਂ ਨੂੰ ਦੇਖਦੇ ਹੋਏ ਕੀਤਾ ਹੈ।’’ ਬਿਆਨ ਅਨੁਸਾਰ, ‘‘ਇਟਲੀ ਵਿੱਚ ਸਭ ਤੋਂ ਵੱਧ ਕਰੋਨਵਾਇਰਸ ਦੇ ਮਾਮਲੇ ਹਨ। ਇਟਲੀ ਨੇ ਕੁਝ ਖੇਤਰਾਂ ’ਚ ਸਖ਼ਤਾਈ ਨਾਲ ਰੋਕ ਲਗਾ ਦਿੱਤੀ ਗਈ ਹੈ।’’ ਭਾਰਤੀ ਮੁੱਕੇਬਾਜ਼ ਸ਼ੁੱਕਰਵਾਰ ਨੂੰ ਇਟਲਾ ਤੋਂ ਰਵਾਨਾ ਹੋਣਗੇ। ਇਸੇ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਕਰੋਨਾਵਾਇਰਸ ਕਾਰਨ ਜਰਮਨ ਓਪਨ ਬੈਡਮਿੰਟਨ ਟੂਰਨਾਮੈਂਟ ਅਗਲੇ ਹਫ਼ਤੇ ਨਹੀਂ ਹੋ ਸਕੇਗਾ ਜਦੋਂਕਿ ਪੋਲਿਸ਼ ਓਪਨ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਦੋਵੇਂ ਓਲੰਪਿਕ ਕੁਆਲੀਫਾਇੰਗ ਮੁਕਾਬਲੇ ਸਨ। ਵਿਸ਼ਵ ਬੈਡਮਿੰਟਨ ਫੈਡਰੇਸ਼ਨ ਨੇ ਕਿਹਾ ਕਿ ਹੁਣੇ ਇਹ ਤੈਅ ਨਹੀਂ ਕੀਤਾ ਗਿਆ ਹ ਕਿ ਪਹਿਲੇ ਪ੍ਰੋਗਰਾਮ ਅਨੁਸਾਰ 3 ਤੋਂ 8 ਮਾਰਚ ਵਿਚਾਲੇ ਹੋਣ ਵਾਲੇ ਜਰਮਨ ਓਪਨ ਨੂੰ ਮੁਅੱਤਲ ਜਾਂ ਰੱਦ ਕਰ ਦਿੱਤਾ ਜਾਵੇਗਾ। ਪੋਲਿਸ਼ ਓਪਨ ਲਈ ਨਵੀਆਂ ਤਰੀਕਾਂ ਮੰਗੀਆਂ ਜਾ ਰਹੀਆਂ ਹਨ ਜੋ ਪਹਿਲਾਂ 26 ਤੋਂ 29 ਮਾਰਚ ਵਿਚਾਲੇ ਹੋਣਾ ਸੀ ਪਰ ਹੁਣ ਇਹ ਮੁਕਾਬਲੇ ਟੋਕੀਓ ਓਲੰਪਿਕ ਲਈ ਕੁਆਲੀਫਾਇੰਗ ਦੇ ਸਮੇਂ ਵਿੱਚ ਨਹੀਂ ਆ ਸਕਣਗੀਆਂ। ਬਿਆਨ ਵਿੱਚ ਕਿਹਾ ਗਿਆ ਹੈ, ‘‘ਫੈਡਰੇਸ਼ਨ ਕਰੋਨਾਵਾਇਰਸ ਦੇ ਅਧਿਕਾਰਤ ਅਪਡੇਟ ’ਤੇ ਲਗਾਤਾਰ ਨਿਗਰਾਨੀ ਰੱਖ ਰਹੀ ਹੈ।’’

-ਏਜੰਸੀ

ਦੱਖਣੀ ਕੋਰੀਆ ਨੇ ਐੱਨਆਰਏਆਈ ਤੋਂ ਸਥਿਤੀ ਸਪੱਸ਼ਟ ਕਰਨ ਨੂੰ ਕਿਹਾ

ਨਵੀਂ ਦਿੱਲੀ: ਦੱਖਣੀ ਕੋਰੀਆ ਦੀ ਕੌਮੀ ਨਿਸ਼ਾਨੇਬਾਜ਼ੀ ਫੈਡਰੇਸ਼ਨ ਨੇ ਭਾਰਤੀ ਨਿਸ਼ਾਨੇਬਾਜ਼ੀ ਐਸੋਸੀਏਸ਼ਨ ਤੋਂ ਇਹ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਕੀ ਉਨ੍ਹਾਂ ਦੇ ਦੇਸ਼ ਦੇ ਖਿਡਾਰੀਆਂ ਨੂੰ ਅਗਲੇ ਮਹੀਨੇ ਹੋਣ ਵਾਲੇ ਆਈਐੱਸਐੱਸਐੱਫ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਨਹੀਂ। ਦੱਖਣੀ ਕੋਰੀਆ ਉਨ੍ਹਾਂ ਦੇਸ਼ਾਂ ਵਿਚ ਸ਼ਾਮਲ ਹੈ ਜੋ ਕਰੋਨਾਵਾਇਰਸ ਦੀ ਲਪੇਟ ’ਚ ਹਨ। ਭਾਰਤੀ ਰਾਸ਼ਟਰੀ ਰਾਈਫਲ ਐਸੋਸੀਏਸ਼ਨ ਦੇ ਪ੍ਰਧਾਨ ਰਣਇੰਦਰ ਸਿੰਘ ਨੂੰ ਭੇਜੇ ਪੱਤਰ ਵਿੱਚ ਕੋਰੀਆ ਨਿਸ਼ਾਨੇਬਾਜ਼ੀ ਫੈਡਰੇਸ਼ਨ ਦੇ ਜਨਰਲ ਸਕੱਤਰ ਯੌਂਗਜੀ ਲੀ ਨੇ ਕਿਹਾ ਕਿ ਉਨ੍ਹਾਂ ਦੇ ਨਿਸ਼ਾਨੇਬਾਜ਼ 15 ਤੋਂ 26 ਮਾਰਚ ਤੱਕ ਹੋਣ ਵਾਲੇ ਮੁਕਾਬਲਿਆਂ ’ਚ ਹਿੱਸਾ ਲੈਣ ਦੇ ਇੱਛੁਕ ਹਨ। ਕੋਰੀਆ ਦੇ ਜ਼ਿਆਦਾਤਰ ਖਿਡਾਰੀ ਆਈਐੇੱਸਐੱਸਐੱਫ ਵਿਸ਼ਵ ਕੱਪ ਨਵੀਂ ਦਿੱਲੀ ’ਚ ਘੱਟੋ ਘੱਟ ਕੁਆਲੀਫਾਇੰਗ ਮਾਣਕ ਹਾਸਲ ਕਰਨਾ ਚਾਹੁੰਦੇ ਹਨ।’’ ਉਨ੍ਹਾਂ ਇਸ ਸਬੰਧੀ ਸਥਿਤੀ ਸਪੱਸ਼ਟ ਕਰਨ ਦੀ ਅਪੀਲ ਕੀਤੀ ਹੈ।

-ਪੀਟੀਆਈ