ਕੌਮਾਂਤਰੀ ਮਹਿਲਾ ਦਿਵਸ ਮੌਕੇ ਦਿੱਲੀ ’ਵਰਸਿਟੀ ’ਚ ਸਮਾਗਮ
ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਮਾਰਚ
ਕੌਮਾਂਤਰੀ ਮਹਿਲਾ ਦਿਵਸ ਮੌਕੇ ‘ਵਿਮੈਨਜ਼ ਲੀਡਰਸ਼ਿਪ ਇਨ ਸ਼ੇਪਿੰਗ ਡਿਵੈਲਪਡ ਇੰਡੀਆ 2047’ ਉੱਤੇ ਚਰਚਾ ਸੈਂਟਰ ਫਾਰ ਵਿਮੈਨ ਸਟੱਡੀਜ਼ ਐਂਡ ਡਿਵੈਲਪਮੈਂਟ, ਕਾਲਜ ਆਫ ਓਪਨ ਲਰਨਿੰਗ, ਸੋਧ ਅਤੇ ਡਾਇਲਾਗਜ਼ ਫਾਰ ਡਿਵੈਲਪਡ ਇੰਡੀਆ, ਦਿੱਲੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਕੂਲ ਆਫ ਓਪਨ ਲਰਨਿੰਗ ਦੇ ਸੈਮੀਨਾਰ ਹਾਲ ਵਿੱਚ ਕਰਵਾਏ ਗਏ ਪ੍ਰੋਗਰਾਮ ਵਿੱਚ ਦਿੱਲੀ ਯੂਨੀਵਰਸਿਟੀ ਦੇ ਜ਼ੂਆਲੋਜੀ ਵਿਭਾਗ ਦੀ ਮੁਖੀ ਪ੍ਰੋਫੈਸਰ ਰੀਨਾ ਚੱਕਰਵਰਤੀ ਨੂੰ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪ੍ਰੋਫ਼ੈਸਰ ਰੀਨਾ ਚੱਕਰਵਰਤੀ ਨੂੰ ਹਾਲ ਹੀ ਵਿੱਚ ਟਿਕਾਊ ਤਾਜ਼ੇ ਪਾਣੀ ਦੀ ਖੇਤੀ ਵਿੱਚ ਮਹੱਤਵਪੂਰਨ ਯੋਗਦਾਨ ਲਈ ਖੋਜ (ਜੀਵ ਵਿਗਿਆਨ) ਸ਼੍ਰੇਣੀ ਵਿੱਚ ਰਾਸ਼ਟਰਪਤੀ ਵੱਲੋਂ 8ਵੇਂ ਵਿਜ਼ਟਰ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਡੀਯੂ ਦੇ ਕੈਂਪਸ ਆਫ ਓਪਨ ਲਰਨਿੰਗ ਐਂਡ ਸੈਂਟਰ ਫਾਰ ਵਿਮੈਨ ਸਟੱਡੀਜ਼ ਐਂਡ ਡਿਵੈਲਪਮੈਂਟ ਦੇ ਡਾਇਰੈਕਟਰ ਪ੍ਰੋ. ਪਾਇਲ ਮਾਗੋ ਨੇ ਕਿਹਾ ਕਿ ਜਦੋਂ ਅਸੀਂ ਪੱਛਮੀ ਨਾਰੀਵਾਦ ਦੀ ਗੱਲ ਕਰਦੇ ਹਾਂ ਤਾਂ ਇਹ ਮੁੱਖ ਤੌਰ ’ਤੇ ਔਰਤਾਂ ਦੇ ਅਧਿਕਾਰਾਂ ਦੀ ਲੜਾਈ ਰਹੀ ਹੈ। ਉਨ੍ਹਾਂ ਔਰਤਾਂ ਦੀ ਪੁਰਾਤਨ ਅਤੇ ਹੁਣ ਦੀ ਸਥਿਤੀ ਬਾਰੇ ਚਾਨਣਾ ਪਾਇਆ। ਚਰਚਾ ਵਿੱਚ ਸ੍ਰੀਮਤੀ ਰਮੀ ਨਿਰੰਜਨ ਦੇਸਾਈ (ਲੇਖਕ ਅਤੇ ਕਾਲਮਨਵੀਸ), ਪ੍ਰੋ. ਅਮਿਤਾ ਗੁਪਤਾ (ਮੁਖੀ, ਬਾਇਓਕੈਮਿਸਟਰੀ ਵਿਭਾਗ, ਦਿੱਲੀ ਯੂਨੀਵਰਸਿਟੀ), ਪ੍ਰੋ. ਪਾਇਲ ਮਾਗੋ (ਡਾਇਰੈਕਟਰ, ਕੈਂਪਸ ਆਫ ਓਪਨ ਲਰਨਿੰਗ ਐਂਡ ਸੈਂਟਰ ਫਾਰ ਵਿਮੈਨਜ਼ ਸਟੱਡੀਜ਼ ਐਂਡ ਡਿਵੈਲਪਮੈਂਟ, ਦਿੱਲੀ ਯੂਨੀਵਰਸਿਟੀ) ਅਤੇ ਪ੍ਰੋ. ਸੁਮਨ ਸ਼ਰਮਾ (ਜੁਆਇੰਟ ਡਾਇਰੈਕਟਰ, ਸੈਂਟਰ ਫਾਰ ਵਿਮੈਨ ਸਟੱਡੀਜ਼ ਐਂਡ ਡਿਵੈਲਪਮੈਂਟ, ਦਿੱਲੀ ਯੂਨੀਵਰਸਿਟੀ) ਸਣੇ ਕਈ ਉੱਘੀਆਂ ਔਰਤਾਂ ਨੇ ਹਿੱਸਾ ਲਿਆ।
ਕੌਮਾਂਤਰੀ ਮਹਿਲਾ ਦਿਵਸ ’ਤੇ ਔਰਤਾਂ ਦਾ ਸਨਮਾਨ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮ ਨਾਥ ਸਚਦੇਵਾ ਦੀ ਅਗਵਾਈ ਹੇਠ ਅੱਜ ਕੌਮਾਂਤਰੀ ਮਹਿਲਾ ਦਿਵਸ ਮੌਕੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸੀਨੀਅਰ ਸੈਕੰਡਰੀ ਮਾਡਲ ਸਕੂਲ ਵਿੱਚ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਰਜਿਸਟਰਾਰ ਡਾ਼ ਵੀਰੇਂਦਰਪਾਲ ਸਿੰਘ ਨੇ ਸਕੂਲ ਦੀਆਂ ਅਧਿਆਪਕਾਵਾਂ ਤੇ ਗੈਰ ਅਧਿਆਪਨ ਸਟਾਫ ਨੂੰ ਸਨਮਾਨਿਤ ਕੀਤਾ। ਪਹਿਲਾਂ ਸਕੂਲ ਦੀ ਵਾਈਸ ਚੇਅਰਪਰਸਨ ਪ੍ਰੋ. ਸੁਨੀਤਾ ਦਲਾਲ ਤੇ ਪ੍ਰਿੰਸੀਪਲ ਡਾ ਸੁਖਵਿੰਦਰ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ। ਡਾ ਪਾਲ ਨੇ ਕਿਹਾ ਕਿ ਉਹ ਘਰ ਜਿਥੇ ਔਰਤਾਂ ਦੀ ਪੂਜਾ ਤੇ ਸਤਿਕਾਰ ਕੀਤਾ ਜਾਂਦਾ ਹੈ ਉਥੇ ਮਾਂ ਲਕਸ਼ਮੀ ਤੇ ਸਰਸਵਤੀ ਨਿਵਾਸ ਕਰਦੀਆਂ ਹਨ। ਭਾਰਤੀ ਸਭਿਆਚਾਰ ਵਿਚ ਔਰਤਾਂ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਔਰਤਾਂ ਨੇ ਪਿਛਲੇ ਦੋ ਦਹਾਕਿਆਂ ਵਿਚ ਸਮਾਜਿਕ, ਆਰਥਿਕ ,ਰਾਜਨੀਤਕ ਤੇ ਵਿਦਿਅਕ ਖੇਤਰ ਵਿੱਚ ਬੇਮਿਸਾਲ ਤੱਰਕੀ ਕੀਤੀ ਹੈ ਇਸ ਮੌਕੇ ਸਕੂਲ ਦੀ ਸੀਨੀਅਰ ਅਧਿਆਪਕਾ ਉਰਮਿਲਾ ਕਾਜਲ,ਪੰਕਜ ਧਮੀਜਾ, ਪੁਸ਼ਪ ਲਤਾ ਤੇ ਗੈਰ ਸਿਖਿਅਕ ਕਰਮਚਾਰੀ ਤਾਰੋ ਦੇਵੀ ਨੂੰ ਸਨਮਾਨਿਤ ਕੀਤਾ ਗਿਆ।
ਔਰਤਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਦੀ ਲੋੜ
ਫਰੀਦਾਬਾਦ (ਪੱਤਰ ਪ੍ਰੇਰਕ): ਜੇਸੀ ਬੋਸ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ, ਵਾਈਐੱਮਸੀਏ, ਫਰੀਦਾਬਾਦ ਦੇ ਮਹਿਲਾ ਸੈੱਲ (ਅੰਦਰੂਨੀ ਸ਼ਿਕਾਇਤ ਕਮੇਟੀ-ਆਈਸੀਸੀ) ਨੇ ਵੱਖ-ਵੱਖ ਖੇਤਰਾਂ ਵਿੱਚ ਔਰਤਾਂ ਦੇ ਅਮੁੱਲ ਯੋਗਦਾਨ ਅਤੇ ਪ੍ਰਾਪਤੀਆਂ ਨੂੰ ਮਾਨਤਾ ਦੇਣ ਲਈ ਕੌਮਾਂਤਰੀ ਮਹਿਲਾ ਦਿਵਸ ’ਤੇ ਸਮਾਗਮ ਕਰਵਾਇਆ। ਪ੍ਰੋਗਰਾਮ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਦੇ ਵਿਸ਼ੇਸ਼ ਡਿਊਟੀ ਅਧਿਕਾਰੀ (ਓਐੱਸਡੀ), ਰਾਜ ਨਹਿਰੂ, ਪ੍ਰੋਫੈਸਰ ਭਾਵਨਾ ਪਾਂਡੇ, ਦਿਆਲ ਸਿੰਘ ਈਵਨਿੰਗ ਕਾਲਜ, ਦਿੱਲੀ ਯੂਨੀਵਰਸਿਟੀ ਦੇ ਪ੍ਰਿੰਸੀਪਲ ਅਤੇ ਪ੍ਰੋਫੈਸਰ ਜੋਤੀ ਰਾਣਾ, ਵਿਸ਼ਵਕਰਮਾ ਸਕਿੱਲ ਯੂਨੀਵਰਸਿਟੀ, ਪਲਵਲ ਦੇ ਰਜਿਸਟਰਾਰ ਵਿਸ਼ੇਸ਼ ਮਹਿਮਾਨ ਸਨ। ਪ੍ਰੋਗਰਾਮ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰੋਫੈਸਰ ਨੰਦਿਤਾ ਸ਼ੁਕਲਾ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਸੁਸ਼ੀਲ ਕੁਮਾਰ ਤੋਮਰ ਨੇ ਕੀਤੀ। ਇਸ ਦੌਰਾਨ ਪ੍ਰੋ. ਤੋਮਰ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਗਲੋਬਲ ਥੀਮ ‘ਐਕਸਲਰੇਟ ਐਕਸ਼ਨ’ ਨਾਲ ਕੀਤੀ। ਅਹਿਲਿਆਬਾਈ ਹੋਲਕਰ ਅਤੇ ਸਰੋਜਨੀ ਨਾਇਡੂ ਵਰਗੀਆਂ ਮੋਹਰੀ ਔਰਤਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਔਰਤਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣਾ ਜ਼ਰੂਰੀ ਹੈ, ਪਰ ਲਿੰਗ ਸਮਾਨਤਾ ਲਈ ਜ਼ਰੂਰੀ ਕਦਮ ਚੁੱਕਦੇ ਰਹਿਣਾ ਵੀ ਜ਼ਰੂਰੀ ਹੈ। ਮੁੱਖ ਮਹਿਮਾਨ ਪ੍ਰੋ. ਨੰਦਤਾ ਸ਼ੁਕਲਾ ਸਿੰਘ ਨੇ ਸਮਾਜਿਕ ਮਾਨਸਿਕਤਾ ਵਿੱਚ ਤਬਦੀਲੀ ਲਈ ਸੁਰੱਖਿਅਤ ਕਾਰਜਸ਼ੀਲਤਾ ਅਤੇ ਲਿੰਗ-ਸੰਵੇਦਨਸ਼ੀਲ ਸਿੱਖਿਆ ਨੂੰ ਪ੍ਰਫੁੱਲਤ ਕੀਤਾ। ਉਨ੍ਹਾਂ ਨੇ ਕਿਹਾ ਕਿ ਔਰਤਾਂ ਨੂੰ ਸਸ਼ਕਤ ਬਣਾਉਣ ਦਾ ਭਾਵ ਉਨ੍ਹਾਂ ਨੂੰ ਸਮਾਨਤਾ ਦੇਣਾ ਹੈ।