ਕੋਸ਼ਿਸ਼ਾਂ ਸਕਾਰਾਤਮਕ, ਡੇਂਗੂ ਕੰਟਰੋਲ ਵਿੱਚ: ਕੇਜਰੀਵਾਲ

ਅਰਵਿੰਦ ਕੇਜਰੀਵਾਲ ਆਪਣੇ ਦਫ਼ਤਰ ਵਿੱਚ ਗਮਲੇ ਸਾਫ਼ ਕਰਦੇ ਹੋਏ।

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 20 ਸਤੰਬਰ
ਡੇਂਗੂ ਵਿਰੁੱਧ ਚਲਾਈ ਮੁਹਿੰਮ ਤਹਿਤ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਦਿੱਲੀ ਸਕੱਤਰੇਤ ਵਿਚ ਆਪਣੇ ਦਫ਼ਤਰ ਦਾ ਨਿਰੀਖਣ ਕੀਤਾ। ਮੁੱਖ ਮੰਤਰੀ ਨੇ ਆਪਣੇ ਦਫ਼ਤਰ ਵਿਚ ਫੁੱਲਾਂ ਦੇ ਬਰਤਨ ਵਿਚ ਮੌਜੂਦ ਪਾਣੀ ਨੂੰ ਡੋਲ ਕੇ ਗਮਲਾ ਸਾਫ਼ ਕੀਤਾ ਤੇ ਹੋਰ ਚੀਜ਼ਾਂ ਦੀ ਸਫ਼ਾਈ ਕਰ ਕੇ ਇਸ ਮੁਹਿੰਮ ਬਾਰੇ ਤਸਵੀਰਾਂ ਜਨਤਕ ਕੀਤੀਆਂ। ਇਸ ਨਾਲ ਜੁੜੀ ਫੋਟੋ ਟਵਿੱਟਰ ’ਤੇ ਸਾਂਝੀ ਕੀਤੀ ਤੇ ਲਿਖਿਆ ਕਿ ਇਸ ਸਾਲ ਮਾਹਿਰਾਂ ਨੇ ਚੇਤਾਵਨੀ ਦਿੱਤੀ ਕਿ ਡੇਂਗੂ ਖ਼ਤਰਨਾਕ ਹੋਣ ਦੀ ਸੰਭਾਵਨਾ ਹੈ ਪਰ ਹੁਣ ਤੱਕ ਦਿੱਲੀ ਵਾਲਿਆਂ ਦੇ ਯਤਨਾਂ ਸਦਕਾ ਡੇਂਗੂ ਨੂੰ ਕਾਬੂ ਵਿੱਚ ਰੱਖਿਆ ਹੋਇਆ ਹੈ।
ਸਾਲ 2015 ’ਚ ਦਿੱਲੀ ਵਿਚ ਡੇਂਗੂ ਦੇ 15,867 ਮਾਮਲੇ ਸਾਹਮਣੇ ਆਏ ਸਨ। 2018 ਵਿਚ ਇਹ ਗਿਣਤੀ 3,000 ਤੋਂ ਘੱਟ ਗਈ ਸੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਮਾਹਿਰਾਂ ਨੇ ਇਸ ਸਾਲ ਡੇਂਗੂ ਵਿੱਚ ਵਾਧੇ ਦੀ ਚੇਤਾਵਨੀ ਦਿੱਤੀ ਸੀ, ਇਸ ਕਾਰਨ ਕਰ ਕੇ ਸਰਕਾਰ ਨੇ ਡੇਂਗੂ ਦੇ ਵਿਰੁੱਧ ‘10 ਹਫਤੇ, 10 ਵਜੇ, 10 ਮਿੰਟ’ ਮੁਹਿੰਮ ਦੀ ਸ਼ੁਰੂਆਤ ਕੀਤੀ। ਆਪਣੇ ਘਰ ਦਾ ਮੁਆਇਨਾ ਕਰਨ ਲਈ 1 ਸਤੰਬਰ ਨੂੰ ਇੱਕ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਸਾਰੇ ਸਰਕਾਰੀ ਦਫਤਰਾਂ ਨੂੰ ਹਦਾਇਤ ਕੀਤੀ ਕਿ ਉਹ ਹਰ ਸ਼ੁੱਕਰਵਾਰ ਸਵੇਰੇ 11 ਵਜੇ ਦਫਤਰ ਦੇ ਟਿਕਾਣਿਆਂ ਦਾ ਨਿਰੀਖਣ ਕਰਨ। ਡੇਂਗੂ ਖਿਲਾਫ਼ ਦਿੱਲੀ ਸਰਕਾਰ ਦੀ ਮੁਹਿੰਮ ਦੇ ਪਹਿਲੇ ਹਫਤੇ ਦੌਰਾਨ 6 ਸਤੰਬਰ ਨੂੰ ਦਿੱਲੀ ਦੇ ਮੁੱਖ ਸਕੱਤਰ ਵਿਜੈ ਕੁਮਾਰ ਦੇਵ ਨੇ ਆਪਣੇ ਦਫ਼ਤਰ ਦਾ ਨਿਰੀਖਣ ਕੀਤਾ ਤੇ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਦਫਤਰਾਂ ਵਿੱਚ ਡੇਂਗੂ ਵਿਰੁੱਧ ਮੁਹਿੰਮ ਚਲਾਈ। ਉਸ ਸਮੇਂ ਤੋਂ ਹਰ ਸ਼ੁੱਕਰਵਾਰ ਮੁੱਖ ਸਕੱਤਰ ਸਮੇਤ ਸਾਰੇ ਸਰਕਾਰੀ ਅਧਿਕਾਰੀ ਆਪਣੇ ਦਫ਼ਤਰਾਂ ਦਾ ਨਿਰੀਖਣ ਕਰ ਰਹੇ ਹਨ।
ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਵੀ ਦਿੱਲੀ ਪੁਲੀਸ ਤੇ ਦਿੱਲੀ ਵਿਕਾਸ ਅਥਾਰਟੀ ਨੂੰ ਮੁਹਿੰਮ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਨੇ ਦਿੱਲੀ ਦੀ ਸਮੁੱਚੀ ਨਿਆਂਪਾਲਿਕਾ ਨੂੰ ਹਦਾਇਤ ਕੀਤੀ ਹੈ ਕਿ ਉਹ ਹਰ ਸ਼ੁੱਕਰਵਾਰ ਸਵੇਰੇ 11 ਵਜੇ ਦਫਤਰਾਂ ਦਾ ਨਿਰੀਖਣ ਕਰਨ ਅਤੇ ਇਸ ਮੁਹਿੰਮ ਵਿੱਚ ਹਿੱਸਾ ਲੈਣ।

Tags :