ਕੋਵਿਡ ਕੇਸਾਂ ’ਚ ਵਾਧਾ
ਪਿਛਲੇ ਹਫ਼ਤੇ ਭਾਰਤ ਵਿੱਚ ਕੋਵਿਡ-19 ਦੇ ਕੇਸਾਂ ’ਚ 1200 ਪ੍ਰਤੀਸ਼ਤ ਦਾ ਅਚਾਨਕ ਵਾਧਾ (ਸਿਰਫ਼ 257 ਤੋਂ ਵਧ ਕੇ 3395 ਹੋਏ ਐਕਟਿਵ ਕੇਸ ਅਤੇ ਇਸ ਸਮੇਂ ਦੌਰਾਨ ਹੋਈ ਕੁਝ ਮਰੀਜ਼ਾਂ ਦੀ ਮੌਤ) ਸਰਸਰੀ ਜਿਹੀ ਨਜ਼ਰ ਨਾਲੋਂ ਕਿਤੇ ਵੱਧ ਧਿਆਨ ਮੰਗਦੀ ਹੈ। ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਭਾਵੇਂ ਜ਼ੋਰ ਦਿੰਦੇ ਹਨ ਕਿ ਓਮੀਕਰੋਨ ਦੇ ਸਰੂਪ ਐੱਲਐੱਫ.7, ਐਕਸਐੱਫਜੀ, ਜੇਐੱਨ.1 ਅਤੇ ਐੱਨਬੀ.1.8.1 ਦੀ ਮੌਜੂਦਾ ਲਹਿਰ ਜ਼ਿਆਦਾਤਰ ਸ਼ਕਤੀਸ਼ਾਲੀ ਨਹੀਂ ਹੁੰਦੀ ਪਰ ਕੇਰਲ, ਮਹਾਰਾਸ਼ਟਰ ਅਤੇ ਦਿੱਲੀ ਵਿੱਚ ਵਾਧੇ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। ਭਰੋਸੇ ਦੇ ਬਾਵਜੂਦ ਤਜਰਬੇ ਨੇ ਸਾਨੂੰ ਪਹਿਲਾਂ ਸਿਖਾਇਆ ਹੈ ਕਿ ਸ਼ੁਰੂਆਤੀ ਸੰਕੇਤਾਂ ਨੂੰ ਅਣਗੌਲਿਆਂ ਕਰਨ ਦੀ ਕੀ ਕੀਮਤ ਭੁਗਤਣੀ ਪੈਂਦੀ ਹੈ। ਲਾਗ ਤੇਜ਼ੀ ਨਾਲ ਵਧ ਜਾਂਦੀ ਹੈ ਤੇ ਕਈ ਵਾਰ ਬੇਕਾਬੂ ਹੋ ਜਾਂਦੀ ਹੈ। ਇਸ ਲਈ ਸਾਵਧਾਨੀ ਨਾਲ ਅਗਾਊਂ ਕਾਰਵਾਈ ਜ਼ਰੂਰੀ ਹੈ ਕਿਉਂਕਿ ਹਲਕੇ ਲੱਛਣ ਗੰਭੀਰ ਬਿਮਾਰੀ ਵਿੱਚ ਬਦਲ ਸਕਦੇ ਹਨ। ਰੋਗ ਨਾਲ ਲੜਨ ਦੀ ਸ਼ਕਤੀ ਘਟ ਸਕਦੀ ਹੈ ਤੇ ਸਿਹਤ ਸੰਭਾਲ ਵੀ ਖ਼ਾਸ ਕਰ ਕੇ ਦਿਹਾਤੀ ਇਲਾਕਿਆਂ ਵਿੱਚ ਕਮਜ਼ੋਰ ਹੈ। ਹਾਲਾਂਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਪਰ ਲੋਕਾਂ ਦੇ ਮਨਾਂ ’ਚ ਇਸ ਵੇਲੇ ਜਿਹੜੀ ਅਣਗਹਿਲੀ ਘਰ ਕਰ ਗਈ ਹੈ (ਮਾਸਕ ਪਹਿਨਣਾ ਤੇ ਟੈਸਟਿੰਗ ਨੂੰ ਲਗਭਗ ਭੁੱਲਣਾ), ਉਹ ਜੋਖ਼ਿਮ ਭਰਪੂਰ ਹੈ।
ਜਿਹੜੀ ਗੱਲ ਭਰੋਸਾ ਦੇਣ ਵਾਲੀ ਹੈ, ਉਹ ਇਹ ਹੈ ਕਿ ਆਈਸੀਐੱਮਆਰ ਅਤੇ ਡਬਲਿਊਐੱਚਓ, ਦੋਵਾਂ ਨੇ ਹੀ ਇਹ ਪੁਸ਼ਟੀ ਕੀਤੀ ਹੈ ਕਿ ਮੌਜੂਦਾ ਵੈਕਸੀਨ ਨਵੇਂ ਸਰੂਪਾਂ ਵਿਰੁੱਧ ਅਸਰਦਾਰ ਹਨ। ਖ਼ਾਸ ਤੌਰ ’ਤੇ ਡਬਲਿਊਐੱਚਓ ਨੇ ਇਹ ਦੇਖਦੇ ਹੋਏ ਕਿ ਮੌਜੂਦਾ ਅੰਕੜੇ ਅਜੇ ਲਾਗ ਦੀ ਵਧੀ ਹੋਈ ਗੰਭੀਰਤਾ ਨੂੰ ਨਹੀਂ ਦਰਸਾਉਂਦੇ, ਐੱਲਐੱਫ.7 ਅਤੇ ਐੱਨਬੀ.1.8.1 ਨੂੰ ‘ਨਿਗਰਾਨੀ ਅਧੀਨ ਵੇਰੀਐਂਟ’ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਲੋਕਾਂ ਦੇ ਸਹਿਯੋਗ ਤੋਂ ਬਿਨਾਂ ਵਿਗਿਆਨ ਸਿਰਫ਼ ਐਨਾ ਹੀ ਕਰਨ ਦੇ ਸਮਰੱਥ ਹੈ। ਹੁੰਗਾਰਾ ਹੁਣ ਏਕੀਕ੍ਰਿਤ ਰੋਗ ਨਿਗਰਾਨੀ ਪ੍ਰੋਗਰਾਮ ਅਧੀਨ ਨਿਗਰਾਨੀ ਵਧਾਉਣ, ਜੀਨੋਮ-ਸੀਕੁਐਂਸਿੰਗ ਤੇਜ਼ ਕਰਨ ਅਤੇ ਟੈਸਟਿੰਗ ਨੂੰ ਦੁਬਾਰਾ ਪਹੁੰਚਯੋਗ ਬਣਾਉਣ ’ਤੇ ਕੇਂਦਰਿਤ ਹੋਣਾ ਚਾਹੀਦਾ ਹੈ। ਪੰਜਾਬ ਦਾ ਟੈਸਟਿੰਗ ਵਧਾਉਣ ਦਾ ਫ਼ੈਸਲਾ ਸਵਾਗਤ ਵਾਲਾ ਕਦਮ ਹੈ, ਕਿਉਂਕਿ ਪਿਛਲੇ ਰੁਝਾਨ ਦੱਸਦੇ ਹਨ ਕਿ ਦਿੱਲੀ ਵਿੱਚ ਵਾਧਾ ਅਕਸਰ ਗੁਆਂਢੀ ਖੇਤਰਾਂ ਵਿੱਚ ਵਾਧੇ ਤੋਂ ਪਹਿਲਾਂ ਹੁੰਦਾ ਹੈ। ਦੂਜੇ ਰਾਜਾਂ ਨੂੰ ਵੀ ਕੇਸਾਂ ਦੀ ਗਿਣਤੀ ਵਧਣ ਦੀ ਉਡੀਕ ਕਰਨ ਦੀ ਬਜਾਏ ਇਹੀ ਪਹੁੰਚ ਅਪਣਾਉਣੀ ਚਾਹੀਦੀ ਹੈ। ਉਨ੍ਹਾਂ ਨੂੰ ਟੈਸਟਿੰਗ ਵਿੱਚ ਵਾਧਾ ਕਰਨਾ ਚਾਹੀਦਾ ਹੈ ਤਾਂ ਕਿ ਰੋਗ ਨੂੰ ਫੈਲਣ ਤੋਂ ਪਹਿਲਾਂ ਹੀ ਕਾਬੂ ਕੀਤਾ ਜਾ ਸਕੇ।
ਇਹ ਚੇਤੇ ਰੱਖਣ ਦੀ ਲੋੜ ਹੈ ਕਿ ਚੌਕਸੀ ਡਰਾਉਣ ਵਾਲੀ ਨਹੀਂ ਹੋਣੀ ਚਾਹੀਦੀ, ਪਰ ਵਾਧੇ ਦੇ ਮੱਦੇਨਜ਼ਰ ਚੁੱਪ ਧਾਰਨਾ ਵੀ ਲਾਪਰਵਾਹੀ ਹੈ। ਜੇਕਰ ਭਾਰਤ ਫੌਰੀ ਕਾਰਵਾਈ ਕਰਦਾ ਹੈ ਤਾਂ ਇਸ ਕੋਲ ਕੋਵਿਡ ਨਾਲ ਨਜਿੱਠਣ ਲਈ ਵਧੇਰੇ ਸਮਾਂ ਹੋਵੇਗਾ। ਯਾਦ ਰੱਖੀਏ ਕਿ ਮਾਸਕ, ਟੈਸਟ ਅਤੇ ਵੈਕਸੀਨ ਅਜੇ ਵੀ ਸਾਡੀ ਸਭ ਤੋਂ ਮਜ਼ਬੂਤ ਢਾਲ ਹਨ।