ਕੋਤਵਾਲੀ ਦੇ ਬਾਹਰ ਨੌਜਵਾਨ ਦੀ ਕੁੱਟਮਾਰ

ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਜ਼ਖ਼ਮੀ ਗੁਰਵਿੰਦਰ ਸਿੰਘ। -ਫੋਟੋ: ਇੰਦਰਜੀਤ ਵਰਮਾ

ਗਗਨਦੀਪ ਅਰੋੜਾ
ਲੁਧਿਆਣਾ, 20 ਸਤੰਬਰ
ਇੱਥੇ ਕੋਤਵਾਲੀ ਨੇੜੇ ਇਕ ਨੌਜਵਾਨ ਨੂੰ ਕਿਸੇ ਗੱਲ ਤੋਂ ਅਣਪਛਾਤੇ ਨੌਜਵਾਨਾਂ ਨੇ ਕੁੱਟ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਨੌਜਵਾਨ ਲਹੂ-ਲੁਹਾਨ ਹੋਇਆ ਥਾਣੇ ਵੱਲ ਜਾਂਦਾ ਹੋਇਆ ਥਾਣੇ ਦੇ ਬਾਹਰ ਡਿੱਗ ਗਿਆ ਤੇ ਬੇਹੋਸ਼ ਹੋ ਗਿਆ। ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਜ਼ਖ਼ਮੀ ਦੀ ਸ਼ਨਾਖ਼ਤ ਗੁਰਵਿੰਦਰ ਸਿੰਘ ਵਜੋਂ ਹੋਈ ਹੈ ਪਰ ਉਹ ਕਿੱਥੇ ਰਹਿੰਦਾ ਹੈ, ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ।
ਪੁਲੀਸ ਜਾਂਚ ਕਰ ਰਹੀ ਹੈ ਪਰ ਉਸ ਦੀ ਹਾਲਤ ਕਾਫ਼ੀ ਨਾਜ਼ੁਕ ਹੈ। ਵੇਰਵਿਆਂ ਮੁਤਾਬਕ ਸ਼ੁੱਕਰਵਾਰ ਦੀ ਸਵੇਰੇ ਘੰਟਾ ਘਰ ਵੱਲ ਕੋਤਵਾਲੀ ਨੇੜੇ ਕਿਸੇ ਗੱਲ ਨੂੰ ਲੈ ਕੇ ਕੁਝ ਨੌਜਵਾਨਾਂ ਨੇ ਗੁਰਵਿੰਦਰ ਨੂੰ ਕੁੱਟਿਆ ਤੇ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਉਹ ਕਿਸੇ ਤਰ੍ਹਾਂ ਖ਼ੁਦ ਨੂੰ ਬਚਾ ਕੇ ਥਾਣੇ ਵੱਲ ਭੱਜਿਆ ਪਰ ਬਾਹਰ ਹੀ ਡਿੱਗ ਕੇ ਬੇਹੋਸ਼ ਹੋ ਗਿਆ। ਲੋਕਾਂ ਨੇ ਉਸ ਦੀ ਮਦਦ ਨਹੀਂ ਕੀਤੀ ਤੇ ਵੀਡੀਓ ਬਣਾਉਂਦੇ ਰਹੇ। ਇਸੇ ਦੌਰਾਨ ਥਾਣੇ ’ਚੋਂ ਆਏ ਮੁਲਾਜ਼ਮਾਂ ਨੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ।
ਥਾਣਾ ਇੰਚਾਰਜ ਇੰਸਪੈਕਟਰ ਰਾਜਵੰਤ ਸਿੰਘ ਨੇ ਦੱਸਿਆ ਕਿ ਅਜਿਹਾ ਕੋਈ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ ਤੇ ਨਾ ਹੀ ਕੋਈ ਸ਼ਿਕਾਇਤ ਆਈ ਹੈ। ਸ਼ਿਕਾਇਤ ਆਉਣ ’ਤੇ ਕਾਰਵਾਈ ਕੀਤੀ ਜਾਵੇਗੀ।

Tags :