For the best experience, open
https://m.punjabitribuneonline.com
on your mobile browser.
Advertisement

ਕੋਠੇ ਚੜ੍ਹ ਕੇ ਤੱਕਿਆ ਪਿੰਡ

04:20 AM Jun 09, 2025 IST
ਕੋਠੇ ਚੜ੍ਹ ਕੇ ਤੱਕਿਆ ਪਿੰਡ
Advertisement

ਸੁਪਿੰਦਰ ਸਿੰਘ ਰਾਣਾ

Advertisement

ਕਹਿੰਦੇ ਨੇ ਭਾਵੇਂ ਸੱਤ ਸਮੁੰਦਰ ਪਾਰ ਜਾ ਵਸੀਏ, ਆਪਣੀ ਜਨਮ ਭੋਇੰ ਕੋਈ ਨਹੀਂ ਭੁੱਲਦਾ। ਹਫ਼ਤੇ ਜਾਂ ਦਸਾਂ ਪੰਦਰਾਂ ਦਿਨਾਂ ਮਗਰੋਂ ਆਪਣੀ ਜਨਮ ਭੂਮੀ ਦੇ ਦਰਸ਼ਨ ਹੋਣ ਕਾਰਨ ਮੈਂ ਖ਼ੁਦ ਨੂੰ ਸੁਭਾਗਾ ਸਮਝਦਾ ਹਾਂ। ਬਜ਼ੁਰਗ ਬਾਰ ਵਿੱਚੋਂ ਆ ਕੇ ਧੜਾਕ ਖੁਰਦ ਵਸ ਗਏ ਸਨ। ਪਿਤਾ ਜੀ ਦਾ ਮੁੱਢਲਾ ਜੀਵਨ ਉਥੇ ਹੀ ਬੀਤਿਆ। ਉਨ੍ਹਾਂ ਨੂੰ ਪਸ਼ੂ ਪਾਲਣ ਵਿਭਾਗ ਵਿੱਚ ਨੌਕਰੀ ਮਿਲਣ ਕਾਰਨ ਕਈ ਥਾਂ ਟਿਕਾਣੇ ਬਦਲਣੇ ਪਏ। ਜਦੋਂ ਉਹ ਡੈਪੂਟੇਸ਼ਨ ’ਤੇ ਚੰਡੀਗੜ੍ਹ ਆਏ ਤਾਂ ਪਿੰਡ ਪਲਸੌਰਾ ਵਿੱਚ ਕਿਰਾਏ ’ਤੇ ਰਹਿਣ ਲੱਗੇ। ਇੱਥੇ ਹੀ ਸਾਡਾ ਤਿੰਨਾਂ ਭੈਣ ਭਰਾਵਾਂ ਦਾ ਜਨਮ ਹੋਇਆ। ਪਿੰਡ ਦੀਆਂ ਗਲੀਆਂ ਵਿੱਚ ਬਚਪਨ ਗੁਜ਼ਰਿਆ।
ਖਰੜ ਤੋਂ ਮੁਹਾਲੀ ਵਾਲੇ ਪਾਸਿਓਂ ਚੰਡੀਗੜ੍ਹ ਦਾਖ਼ਲ ਹੋਣ ’ਤੇ ਪਿੰਡ ਪਲਸੌਰਾ ਸਭ ਦਾ ਸਵਾਗਤ ਕਰਦਾ ਹੈ। ਚਾਰ ਦਹਾਕੇ ਪਹਿਲਾਂ ਦੀ ਗੱਲ ਹੈ, ਇੱਥੇ ਸੜਕ ਦੇ ਦੋਵੇਂ ਪਾਸੇ ਫਸਲਾਂ ਲਹਿਰਾਉਂਦੀਆਂ ਹਰ ਕਿਸੇ ਦਾ ਧਿਆਨ ਖਿੱਚਦੀਆਂ। ਸਿਆਣੇ ਦੱਸਦੇ ਸਨ ਕਿ ਦਰੱਖ਼ਤਾਂ ਹੇਠ ਆਰਾਮ ਕਰਨ ਲਈ ਰਾਹਗੀਰ ਵੀ ਬੈਠ ਜਾਂਦੇ। ਉਨ੍ਹਾਂ ਦੇ ਮੂੰਹੋਂ ‘ਦੋ ਪਲ ਸੌਂ ਜਾ’ ਸ਼ਬਦ ਨਿਕਲਣ ਕਾਰਨ ਸ਼ਾਇਦ ਇਸ ਥਾਂ ਦਾ ਨਾਮ ਪਲਸੌਰਾ ਪੈ ਗਿਆ। ਪਿੰਡ ਦੀ ਮੋੜ੍ਹੀ ਭਗੀਰਥ ਨਾਂ ਦੇ ਸ਼ਖ਼ਸ ਨੇ ਗੱਡੀ ਸੀ ਭਾਵੇਂ ਇਸ ਦਾ ਕੋਈ ਪ੍ਰਮਾਣਿਕ ਸਬੂਤ ਕੋਈ ਨਹੀਂ ਮਿਲਦਾ ਪਰ ਪਿੰਡ ਦੇ ਕਈ ਸਿਆਣਿਆਂ ਨੇ ਹਾਮੀ ਭਰੀ ਹੈ। ਮੋੜ੍ਹੀ ਦੇ ਨੇੜੇ ਹੀ ਪਾਣੀ ਲਈ ਖੂਹ ਪੁੱਟਿਆ ਜਾਂਦਾ ਹੈ, ਸਾਡੇ ਪਿੰਡ ਵੀ ਖੇੜੇ ਕੋਲ ਬਰੋਟੇ ਹੇਠ ਖੂਹ ਹੈ। ਪੁਰਾਣੀ ਰੋਪੜ ਰੋਡ ਪਿੰਡ ਦੇ ਅੱਗਿਓਂ ਲੰਘਦੀ ਸੀ। ਸਿੰਡੀਕੇਟ ਦੀਆਂ ਬੱਸਾਂ ਦੀ ਉਸ ਸਮੇਂ ਤੂਤੀ ਬੋਲਦੀ ਸੀ। ਇੱਕ ਪਾਸੇ ਭਗਤਾਂ ਤੇ ਪੰਡਤਾਂ ਦੀਆਂ ਬੰਬੀਆਂ ਹੁੰਦੀਆਂ ਸਨ, ਦੂਜੇ ਪਾਸੇ ਪਿੰਡ। ਇੱਕ ਕੱਚੀ ਪਹੀ ਬੈਂਕ ਦੇ ਮੂਹਰਿਓਂ ਨਿਕਲ ਕੇ ਹੱਡਾਰੋੜੀ ਨੂੰ ਹੁੰਦੀ ਹੋਈ ਮੁਹਾਲੀ ਜਾ ਰਲਦੀ ਸੀ।
ਪਲਸੌਰਾ ਤੇ ਬਡਹੇੜੀ ਦੀ ਪਹਿਲਾਂ ਇੱਕੋ ਪੰਚਾਇਤ ਹੁੰਦੀ ਸੀ। ਫਿਰ ਇੱਥੋਂ ਦੀ ਵੱਖਰੀ ਪੰਚਾਇਤ ਬਣੀ। ਹੌਲੀ-ਹੌਲੀ ਪਿੰਡ ਦੀ ਨੁਹਾਰ ਬਦਲਣ ਲੱਗੀ। ਪਿੰਡ ਵਿੱਚ ਪਹਿਲਾਂ ਗਿਣਵੀਆਂ-ਚੁਣਵੀਆਂ ਬਰਾਦਰੀਆਂ ਦੇ ਲੋਕ ਸਨ, ਹੌਲੀ-ਹੌਲੀ ਸਾਰੀਆਂ ਬਰਾਦਰੀਆਂ ਦੇ ਲੋਕ ਆਣ ਵਸ ਗਏ। ਮੁੱਖ ਕਿੱਤਾ ਖੇਤੀਬਾੜੀ ਸੀ। ਦੋ-ਤਿੰਨ ਪਰਿਵਾਰ ਮਾਦੜੇ ਪਿੰਡ ਤੋਂ ਉਠ ਕੇ ਆ ਗਏ। ਪਿੰਡ ਵਿੱਚ ਪਸ਼ੂ ਡਿਸਪੈਂਸਰੀ, ਗੁਰਦੁਆਰਾ, ਖੇੜਾ ਸਨ। ਤਿੰਨ ਟੋਭੇ। ਦੋ-ਤਿੰਨ ਨੌਜਵਾਨ ਫੌਜ ਅਤੇ ਇੰਨੇ ਕੁ ਹੀ ਚੰਡੀਗੜ੍ਹ ਪੁਲੀਸ ਵਿੱਚ ਭਰਤੀ ਹੋਏ। ਕੁਝ ਕੁ ਹੋਰ ਸਰਕਾਰੀਆਂ ਨੌਕਰੀਆਂ ਵੀ ਕਰ ਰਹੇ ਸਨ। ਵਧੇਰੇ ਨੌਜਵਾਨ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਵਿੱਚ ਭਰਤੀ ਹੋਏ।
ਉਸ ਦਿਨ ਆਪਣੇ ਮਿੱਤਰ ਦੇ ਘਰ ਖੜ੍ਹਾ ਸਾਂ। ਉਹਨੇ ਛੋਟਾ ਜਿਹਾ ਸਮਾਗਮ ਰੱਖਿਆ ਹੋਇਆ ਸੀ। ਥਾਂ ਘੱਟ ਹੋਣ ਕਾਰਨ ਕੋਠੇ ’ਤੇ ਪ੍ਰੋਗਰਾਮ ਸੀ। ਸਮਾਪਤੀ ਮਗਰੋਂ ਅਸੀਂ ਸਾਰੇ ਮਿੱਤਰਾਂ ਨੇ ਲੰਗਰ ਵਰਤਾਇਆ। ਮਗਰੋਂ ਆਪ ਖਾਧਾ। ਪਿੰਡ ਭਾਵੇਂ ਹਫਤੇ ਕੁ ਮਗਰੋਂ ਗੇੜਾ ਮਾਰ ਲੈਂਦਾ ਸੀ ਪਰ ਅੱਜ ਕੋਠੇ ’ਤੇ ਚੜ੍ਹੇ ਨੂੰ ਪਿੰਡ ਵੱਖਰਾ ਜਿਹਾ ਜਾਪਿਆ। ਪਿੰਡ ’ਚ ਸਿਰਫ਼ ਬਰੋਟੇ ਦਾ ਦਰੱਖ਼ਤ ਹੀ ਦਿਸ ਰਿਹਾ ਸੀ। ਕਿਸੇ ਵੀ ਘਰ ਨੇੜੇ ਰੁੱਖ ਨਾ ਦਿਸਿਆ।
ਗੁਰਦੁਆਰੇ ਅਤੇ ਸਕੂਲ ਨੇੜੇ ਦੋ-ਤਿੰਨ ਦਰੱਖਤ ਦਿਸੇ। ਉੱਚੀਆਂ ਇਮਾਰਤਾਂ ਹੀ ਦਿਸ ਰਹੀਆਂ ਸਨ। ਕਈ ਚੁਬਾਰਿਆਂ ’ਤੇ ਟਾਵਰ ਵੀ ਦਿਸੇ। ਘਰ ਪਛਾਣਨੇ ਔਖੇ ਹੋ ਗਏ ਸਨ। ਸਾਰੇ ਮਕਾਨ ਦੋ-ਦੋ, ਤਿੰਨ-ਤਿੰਨ ਮੰਜ਼ਲੇ ਬਣ ਗਏ ਸਨ। ਪੁਰਾਣੇ ਘਰਾਂ ਵਾਲੇ ਲੋਕ ਘੱਟ ਅਤੇ ਬਾਹਰਲੇ ਸੂਬਿਆਂ ਦੇ ਜਿ਼ਆਦਾ ਸਨ। ਪਹਿਲਾਂ ਘਰਾਂ ’ਤੇ ਪੰਛੀਆਂ ਦੇ ਝੁੰਡ ਦਿਖਾਈ ਦਿੰਦੇ ਸਨ। ਬਜ਼ੁਰਗ ਖਾਣਾ ਖਾਣ ਤੋਂ ਪਹਿਲਾਂ ਬੁਰਕੀ ਤੋੜ ਕੇ ਰੱਖ ਲੈਂਦੇ ਤੇ ਖਾਣਾ ਖਾਣ ਮਗਰੋਂ ਜਦੋਂ ਰੋਟੀ ਦੇ ਛੋਟੇ-ਛੋਟੇ ਟੁਕੜੇ ਕਰ ਕੇ ਵਿਹੜੇ ਵਿੱਚ ਖਿਲਾਰਦੇ ਤਾਂ ਚਿੜੀਆਂ, ਗੁਟਾਰਾਂ, ਕਬੂਤਰ, ਕਾਂ ਆਦਿ ਪਤਾ ਨਹੀਂ ਕਿੱਥੋਂ ਆ ਜਾਂਦੇ। ਅੱਜ ਅਸਮਾਨ ’ਤੇ ਵੀ ਕੋਈ ਪੰਛੀ ਨਾ ਦਿਸਿਆ। ਚਾਰ ਦਹਾਕੇ ਪਹਿਲਾਂ ਦੀ ਤਾਂ ਗੱਲ ਹੈ, ਗਿਣਵੇਂ ਚੁਬਾਰੇ ਹੁੰਦੇ ਸਨ। ਇੱਕ ਦੂਜੇ ਨਾਲ ਇੰਨੀ ਸਾਂਝ ਹੁੰਦੀ ਕਿ ਘਰਦਿਆਂ ਨੂੰ ਪਤਾ ਹੀ ਨਾ ਲਗਦਾ, ਨਿਆਣਿਆਂ ਨੇ ਕੀਹਦੇ ਘਰੇ ਰੋਟੀ ਖਾ ਲਈ।
ਸਾਡੇ ਘਰ ਦੇ ਆਲੇ-ਦੁਆਲੇ ਖੁੱਲ੍ਹਾ ਵਾੜਾ ਸੀ। ਟਾਹਲੀ ਹੇਠ ਅਸੀਂ ਡੰਗਰ ਵੱਛਾ ਬੰਨ੍ਹਦੇ। ਗੁਆਂਢੀਆਂ ਦੇ ਘਰ ਕੜਾਹ, ਸਾਗ ਬਣਨ ਦੀ ਖੁਸ਼ਬੂ ਆਉਣੀ ਤਾਂ ਮੱਲੋ-ਮੱਲੀ ਖਾਣ ਨੂੰ ਜੀਅ ਕਰ ਜਾਂਦਾ। ਕੌਲੀ ਮੰਗਵਾ ਵੀ ਲੈਣੀ। ਕਿਸੇ ਨੇ ਨਾਂਹ ਨਾ ਕਰਨੀ। ਕਿਸੇ ਦੀ ਮੱਝ ਸੂਣੀ ਤਾਂ ਇੱਕ-ਦੋ ਦਿਨ ਗੁਆਂਢੀਆਂ ਨੂੰ ਬੌਲ਼੍ਹੀ ਲਈ ਦੁੱਧ ਮਿਲ ਜਾਣਾ। ਮੋਟੇ ਲਾਲੇ, ਰਾਮਫ਼ਲ ਅਤੇ ਕਿਰਨੇ ਹੋਰਾਂ ਦੀਆਂ ਕਰਿਆਨੇ ਦੀਆਂ ਦੁਕਾਨਾਂ ਸਨ। ਜ਼ਿਆਦਾ ਚਹਿਲ-ਪਹਿਲ ਮੋਟੇ ਲਾਲੇ ਦੀ ਦੁਕਾਨ ’ਤੇ ਰਹਿੰਦੀ ਸੀ।
ਕੋਠੇ ’ਤੇ ਕਿਤੇ ਕੋਈ ਚਿੜੀ ਉਡਦੀ ਦਿਖਾਈ ਨਾ ਦਿੱਤੀ। ਨੇੜਲੇ ਘਰਾਂ ਦੇ ਕੋਠਿਆਂ ’ਤੇ ਕਬੂਤਰਾਂ ਦੀਆਂ ਛਤਰੀਆਂ ਜ਼ਰੂਰ ਦਿਖਾਈ ਦਿੱਤੀਆਂ। ਮਿੱਤਰ ਨੇ ਦੱਸਿਆ ਕਿ ਜਿਹੜੇ ਮੁੰਡੇ ਪੜ੍ਹਨੋਂ ਰਹਿ ਗਏ, ਉਹ ਕਬੂਤਰ ਰੱਖੀ ਬੈਠੇ ਹਨ। ਪਹਿਲਾਂ ਕਰੀਬ ਹਰ ਵਾੜੇ ਵਿੱਚ ਇੱਕ-ਦੋ ਦਰੱਖ਼ਤ ਖੜ੍ਹੇ ਹੁੰਦੇ ਸਨ, ਹੁਣ ਸਿਰਫ਼ ਬਰੋਟਾ ਹੀ ਦਿਖਾਈ ਦੇ ਰਿਹਾ ਸੀ। ਮਿੱਤਰ ਨੇ ਦੱਸਿਆ, “ਹੁਣ ਤਾਂ ਪਿੰਡ ਦਾ ਵਿਰਲਾ-ਟਾਵਾਂ ਨਿਆਣਾ ਹੀ ਸਰਕਾਰੀ ਨੌਕਰ ਹੈ, ਬਹੁਤੇ ਵਿਦੇਸ਼ ਚਲੇ ਗਏ। ਜਦੋਂ ਦੀ ਪ੍ਰਸ਼ਾਸਨ ਨੇ ਜ਼ਮੀਨ ਐਕੁਆਇਰ ਕੀਤੀ ਹੈ, ਕਈ ਘਰ ਉੱਜੜ ਗਏ, ਕਈਆਂ ਨੇ ਦੂਰ ਜ਼ਮੀਨਾਂ ਲੈ ਲਈਆਂ।” ਇਹ ਗੱਲਾਂ ਸੁਣ ਅਤੇ ਕੋਠੇ ਤੋਂ ਪਿੰਡ ਤੱਕ ਕੇ ਮਨ ਬੜਾ ਉਦਾਸ ਹੋਇਆ। ਜਾਪਦਾ ਸੀ, ਇੰਨੀ ਸੰਘਣੀ ਆਬਾਦੀ ਕਾਰਨ ਤਾਂ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੋਵੇਗਾ!
ਘਰ ਜਾਣ ਦੀ ਇਜਾਜ਼ਤ ਲੈਂਦਿਆਂ ਦੋਸਤ ਨਾਲ ਹੱਥ ਮਿਲਾਇਆ। ਉਹਨੇ ਹੱਥ ਘੁੱਟਿਆ, ਹੋਰ ਬੈਠਣ ਲਈ ਆਖਿਆ ਪਰ ਮਨ ਨਾ ਮੰਨਿਆ। ਗੁਰਦੁਆਰੇ ਅਤੇ ਪਿੰਗਲਵਾੜੇ ਕੋਲੋਂ ਲੰਘ ਰਿਹਾ ਸੀ ਤਾਂ ਠੰਢੀ ਹਵਾ ਦਾ ਬੁੱਲ੍ਹਾ ਆਇਆ। ਆਲੇ-ਦੁਆਲੇ ਦੇਖਿਆ। ਪਿੰਗਲਵਾੜੇ ਵਿੱਚ ਕਾਫ਼ੀ ਦਰੱਖ਼ਤ ਖੜ੍ਹੇ ਸਨ। ਪ੍ਰਸ਼ਾਸਨ ਵੱਲੋਂ ਦਸ-ਬਾਰਾਂ ਸਾਲ ਪਹਿਲਾਂ ਐਕੁਆਇਰ ਕੀਤੀ ਜ਼ਮੀਨ ਵਿੱਚ ਅੰਬ, ਕਿੱਕਰ ਅਤੇ ਹੋਰ ਰੁੱਖ ਖੜ੍ਹੇ ਸਨ। ਠੰਢੀ ਹਵਾ ਇਨ੍ਹਾਂ ਦਰੱਖਤਾਂ ਹੇਠ ਬੈਠਣ ਲਈ ਮਜਬੂਰ ਕਰਨ ਲੱਗੀ ਪਰ ਮੂੰਹੋਂ ‘ਦੋ ਪਲ ਸੌਂ ਜਾ’ ਇਨ੍ਹਾਂ ਦਰੱਖਤਾਂ ਹੇਠ ਨਿਕਲਣ ਤੋਂ ਪਹਿਲਾਂ ਹੀ ਘਰ ਦੇ ਕੰਮ ਯਾਦ ਆਉਣ ਲੱਗੇ। ਤੇਜ਼ ਕਦਮ ਪੁੱਟਦਿਆਂ ਪਤਾ ਹੀ ਨਾ ਲੱਗਿਆ ਕਦੋਂ ਘਰ ਪਹੁੰਚ ਗਿਆ।
ਸੰਪਰਕ: 98152-33232

Advertisement
Advertisement

Advertisement
Author Image

Jasvir Samar

View all posts

Advertisement