ਕੋਟਲਾ ਬ੍ਰਾਂਚ ਵਿੱਚ ਪਾਣੀ ਆਉਣ ਨਾਲ ਕਿਸਾਨਾਂ ਨੇ ਲਿਆ ਸੁੱਖ ਦਾ ਸਾਹ
ਜੋਗਿੰਦਰ ਸਿੰਘ ਮਾਨ
ਮਾਨਸਾ, 8 ਜੂਨ
ਮਾਲਵਾ ਖੇਤਰ ਦੇ ਮਾਨਸਾ, ਬਰਨਾਲਾ,ਬ ਠਿੰਡਾ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਰਜਬਾਹਿਆਂ, ਸੂਏ-ਕੱਸੀਆਂ ਨੂੰ ਪਾਣੀ ਸਪਲਾਈ ਕਰਨ ਵਾਲੀ ਕੋਟਲਾ ਬ੍ਰਾਂਚ ਵਿੱਚ ਪਾਣੀ ਆਉਣ ਨਾਲ ਕਿਸਾਨਾਂ ਨੂੰ ਝੋਨੇ ਦੀ ਲੁਆਈ ਵੇਲੇ ਇੱਕ ਵੱਡੀ ਉਮੀਦ ਪੈਦਾ ਹੋ ਗਈ ਹੈ। ਸਿੰਜ਼ਾਈ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਲਕੇ ਤੱਕ ਸਾਰੀਆਂ ਟੇਲਾਂ ’ਤੇ ਪੂਰਾ ਪਾਣੀ ਪੁੱਜਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਨਹਿਰ ਦੀ ਸਫ਼ਾਈ ਲਈ ਬੰਦੀ ਕੀਤੀ ਗਈ ਸੀ, ਜਿਸ ਤੋਂ ਬਾਅਦ ਪਾਣੀ ਨੂੰ ਛੱਡ ਦਿੱਤਾ ਗਿਆ ਹੈ। ਕੋਟਲਾ ਬ੍ਰਾਂਚ ’ਚ ਪਾਣੀ ਆਉਣ ਨਾਲ ਭਾਵੇਂ ਕਿਸਾਨਾਂ ਦੀਆਂ ਆਸਾਂ-ਉਮੀਦਾਂ ਪੂਰੀਆਂ ਹੋ ਗਈਆਂ ਹਨ, ਪਰ ਭਾਖੜਾ ਨਹਿਰ ਪਾਣੀ ਨਾ ਆਉਣ ਕਾਰਨ ਕਿਸਾਨਾਂ ਨੂੰ ਝੋਨਾ ਲਾਉਣ ਦੇ ਨਾਲ-ਨਾਲ ਵਾਟਰ ਵਰਕਸ ਦੇ ਪਾਣੀ ਦੀ ਤੰਗੀ ਅਗਲੇ ਦਿਨਾਂ ਤੱਕ ਰੜਕਦੀ ਰਹੇਗੀ।
ਦਿਲਚਸਪ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਪਹਿਲੀ ਜੂਨ ਤੋਂ ਝੋਨੇ ਲੁਵਾਈ ਲਈ ਸਾਰੀਆਂ ਨਹਿਰਾਂ ਤੇ ਰਜਬਾਹਿਆਂ ਵਿੱਚ ਪਾਣੀ ਛੱਡਣ ਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਸੀ, ਪਰ ਕੋਟਲਾ ਬ੍ਰਾਂਚ ਵਿੱਚ ਪਾਣੀ ਨਾ ਆਉਣ ਕਾਰਨ ਚਾਰ ਜ਼ਿਲ੍ਹਿਆਂ ਦੇ ਲੋਕ ਅਤੇ ਖੇਤ ਪਾਣੀ ਵੰਨੀਓ ਤਿਹਾਏ ਚਲੇ ਆ ਰਹੇ ਸਨ। ਅੱਜ ਪਾਣੀ ਆਉਣ ਨਾਲ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ ਅਤੇ ਹੁਣ ਝੋਨੇ ਦੀ ਲੁਵਾਈ ਨਹਿਰੀ ਪਾਣੀ ਨਾਲ ਹੋਣ ਦੀ ਵੱਡੀ ਆਸ ਬੱਝੀ ਹੈ।
ਕੋਟਲਾ ਬ੍ਰਾਂਚ ਮਾਲਵਾ ਖੇਤਰ ਦੇ ਚਾਰ ਜ਼ਿਲ੍ਹਿਆਂ ਵਿਚਲੇ ਰਜਬਾਹਿਆਂ ਅਤੇ ਸੂਏ-ਕੱਸੀਆਂ ਨੂੰ ਪਾਣੀ ਸਪਲਾਈ ਕਰਦੀ ਹੈ। ਇਨ੍ਹਾਂ ਜ਼ਿਲ੍ਹਿਆਂ ਦੇ ਖੇਤ ਨਹਿਰਾਂ ਵਿੱਚ ਪਾਣੀ ਨਾ ਹੋਣ ਕਾਰਨ ਪਿਆਸੇ ਹੋ ਗਏ ਸਨ ਅਤੇ ਵਾਟਰ ਵਰਕਸਾਂ ਦੇ ਟੈਂਕ ਵੀ ਛੁੱਟੀ ਕਰ ਰਹੇ ਗਏ ਸਨ, ਜਿਸ ਕਾਰਨ ਕਿਸਾਨ ਜਥੇਬੰਦੀਆਂ ਨਹਿਰੀ ਪਾਣੀ ਛੱਡਣ ਦੀ ਮੰਗ ਕਰਦੀਆਂ ਆ ਰਹੀਆਂ ਸਨ।
ਸਿੰਚਾਈ ਵਿਭਾਗ ਦੇ ਮਾਨਸਾ ਸਥਿਤ ਐਕਸੀਅਨ ਗੁਰਸਾਗਰ ਸਿੰਘ ਚਹਿਲ ਨੇ ਦੱਸਿਆ ਕਿ ਇਸ ਇਲਾਕੇ ਦੀਆਂ ਨਹਿਰਾਂ ਅੱਧੇ ਤੋਂ ਜ਼ਿਆਦਾ ਭਰ ਗਈਆਂ ਹਨ, ਜਿੰਨਾਂ ਦੇ ਰਾਤ ਤੱਕ ਪੂਰੇ ਭਰ ਜਾਣ ਦੀ ਉਮੀਦ ਹੈ ਅਤੇ ਸਾਰੀਆਂ ਟੇਲਾਂ ’ਤੇ ਦਿਨ ਚੜ੍ਹਦੇ ਤੱਕ ਪਾਣੀ ਪੁੱਜ ਜਾਣ ਦੀ ਉਮੀਦ ਹੈ।
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਨਹਿਰਾਂ ਵਿੱਚ ਪਾਣੀ ਆ ਗਿਆ ਹੈ, ਜਿਸ ਕਾਰਨ ਕਿਸਾਨਾਂ ਨੂੰ ਸੁੱਖ ਦਾ ਸਾਹ ਆਇਆ ਹੈ।
ਭਾਖੜਾ ਨਹਿਰ ’ਚ ਅਜੇ ਬੰਦੀ
ਭਾਵੇਂ ਕੋਟਲਾ ਬ੍ਰਾਂਚ ਵਿੱਚ ਪਾਣੀ ਆਉਣ ਨਾਲ ਚਾਰ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਸੁੱਖ ਦਾ ਸਾਹ ਆਇਆ ਹੈ, ਪਰ ਮਾਨਸਾ ਜ਼ਿਲ੍ਹੇ ’ਚੋਂ ਲੰਘਦੀ ਭਾਖੜਾ ਨਹਿਰ ਵਿੱਚ ਅੱਜ ਸ਼ਾਮ ਤੱਕ ਪਾਣੀ ਨਾ ਆਉਣ ਕਰਕੇ ਇਸ ਖੇਤਰ ਦੇ 52 ਪਿੰਡਾਂ ਦੇ ਖੇਤਾਂ ਦੀ ਪਿਆਸ ਬੁੱਝਣ ਬਾਰੇ ਅਜੇ ਤੱਕ ਸਿੰਜਾਈ ਵਿਭਾਗ ਵੱਲੋਂ ਕੋਈ ਅਗਲਾ ਸੁਨੇਹਾ ਨਹੀਂ ਆਇਆ ਹੈ। ਭਾਖੜਾ ਨਹਿਰ ਦੀ ਬੰਦੀ ਕਾਰਨ ਖੇਤਾਂ ਦੇ ਨਾਲ-ਨਾਲ ਵਾਟਰ ਵਰਕਸਾਂ ਦੇ ਟੈਂਕ ਖਾਲੀ ਹੋ ਗਏ ਹਨ, ਜਿਸ ਕਰਕੇ ਖੇਤਾਂ ਅਤੇ ਲੋਕਾਂ ਦੀ ਪਿਆਸ ਵੀ ਵੱਡੀ ਮੁਸੀਬਤ ਬਣੀ ਹੋਈ ਹੈ।