ਕੋਟਫੱਤਾ ਤੋਂ ਚੰਡੀਗੜ੍ਹ ਤੱਕ ਪੀਆਰਟੀਸੀ ਦੀ ਬੱਸ ਸੇਵਾ ਸ਼ੁਰੂ
ਮਨੋਜ ਸ਼ਰਮਾ
ਬਠਿੰਡਾ, 8 ਜੂਨ
ਕੋਟਫੱਤਾ ਵਾਸੀਆਂ ਲਈ ਆਵਾਜਾਈ ਦੇ ਖੇਤਰ ਵਿੱਚ ਵੱਡੀ ਰਾਹਤ ਵਾਲੀ ਖ਼ਬਰ ਹੈ। ਪੀਆਰਟੀਸੀ ਵੱਲੋਂ ਕੋਟਫੱਤਾ ਤੋਂ ਚੰਡੀਗੜ੍ਹ ਤੱਕ ਨਵੀਂ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਪਹਿਲਾਂ ਇਹ ਬੱਸ ਸੇਵਾ ਮੌੜ-ਮੰਡੀ ਤੋਂ ਚੰਡੀਗੜ੍ਹ ਤੱਕ ਸੀ, ਜਿਸਦਾ ਰੂਟ ਹੁਣ ਵਧਾ ਕੇ ਕੋਟਫੱਤਾ ਤੱਕ ਕਰ ਦਿੱਤਾ ਗਿਆ ਹੈ। ਇਹ ਬੱਸ ਹਰ ਰੋਜ਼ ਸਵੇਰੇ 9:30 ਵਜੇ ਕੋਟਫੱਤਾ ਤੋਂ ਚੱਲੇਗੀ ਅਤੇ ਰਾਤ 12 ਵਜੇ ਮੁੜ ਕੋਟਫੱਤਾ ਪਰਤ ਆਏਗੀ। ਚੰਡੀਗੜ੍ਹ ਤੋਂ ਇਹ ਬੱਸ ਸ਼ਾਮ 6 ਵਜੇ ਰਵਾਨਾ ਹੋਵੇਗੀ, ਜਿਸ ਨਾਲ ਚੰਡੀਗੜ੍ਹ ਤੋਂ ਵਾਪਸ ਆਉਣ ਵਾਲੀਆਂ ਸਵਾਰੀਆਂ ਨੂੰ ਵੱਡੀ ਸਹੂਲਤ ਮਿਲੇਗੀ। ਐਤਵਾਰ ਸਵੇਰੇ ਬੱਸ ਨੂੰ ‘ਆਪ’ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਤੇ ਕੋਆਪ੍ਰੇਟਿਵ ਖੇਤੀਬਾੜੀ ਵਿਕਾਸ ਬੈਂਕ ਬਠਿੰਡਾ ਦੇ ਚੈਅਰਮੈਨ ਪਰਮਜੀਤ ਕੋਟਫੱਤਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਪੀਆਰਟੀਸੀ ਦੇ ਜਨਰਲ ਮੈਨੇਜਰ ਪ੍ਰਵੀਨ ਸ਼ਰਮਾ, ਇੰਸਪੈਕਟਰ ਬਲਜਿੰਦਰ ਸਿੰਘ ਘੁੰਮਣ, ਨਗਰ ਕੌਂਸਲ ਕੋਟਫੱਤਾ ਦੀ ਪ੍ਰਧਾਨ ਦੇ ਬਿਕਰਮ ਸਿੰਘ, ਮੀਤ-ਪ੍ਰਧਾਨ ਇਕਬਾਲ ਸਿੰਘ ਢਿੱਲੋਂ, ਕੌਂਸਲਰ ਆਦਿ ਹਾਜ਼ਰ ਸਨ। ਬੱਸ ਦੀ ਸ਼ੁਰੂਆਤ ਦੀ ਖੁਸ਼ੀ ਵਿੱਚ ਪਿੰਡ ਵਾਸੀਆਂ ਵੱਲੋਂ ਲੱਡੂ ਵੰਡੇ ਗਏ। ਇਸ ਮੌਕੇ ਪੰਚਾਇਤ ਵੱਲੋਂ ਬਠਿੰਡਾ ਡਿੱਪੂ ਦੇ ਜ਼ਰਨਲ ਪ੍ਰਵੀਨ ਸ਼ਰਮਾ ਅਤੇ ਇੰਸਪੈਕਟਰ ਬਲਜਿੰਦਰ ਸਿੰਘ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਜ਼ਿਕਰਯੋਗ ਹੈ, ਕਿ ਪਿੰਡ ਵਾਸੀਆਂ ਨੇ ਬੱਸ ਸੇਵਾ ਦੀ ਸ਼ੁਰੂਆਤ ਨੂੰ ਲੰਮੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ।