ਕੈਮਿਸਟ ਐਸੋਸੀਏਸ਼ਨ ਵੱਲੋਂ ਪੁਲੀਸ ਦੀ ਚੈਕਿੰਗ ਦਾ ਵਿਰੋਧ
ਪੱਤਰ ਪ੍ਰੇਰਕ
ਤਪਾ ਮੰਡੀ/ਸ਼ਹਿਣਾ, 11 ਮਾਰਚ
ਤਪਾ ਕੈਮਿਸਟ ਐਸੋਸੀਏਸ਼ਨ ਨੇ ਪੁਲੀਸ ਵੱਲੋਂ ਪੁਲੀਸ ਦੀ ਚੈਕਿੰਗ ਖ਼ਿਲਾਫ਼ ਦੁਕਾਨਾਂ ਬੰਦ ਕਰ ਕੇ ਰੋਸ ਪ੍ਰਗਟਾਇਆ ਗਿਆ। ਪ੍ਰਧਾਨ ਮੁਨੀਰ ਮਿੱਤਲ ਮੌਂਟੀ ਨੇ ਕਿਹਾ ਕਿ ਐਸੋਸੀਏਸ਼ਨ ਨਸ਼ਿਆਂ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੈਡੀਕਲ ਸਟੋਰਾਂ ਦੀ ਚੈਕਿੰਗ ’ਤੇ ਇਤਰਾਜ਼ ਨਹੀਂ ਪਰ ਉਨ੍ਹਾਂ ਦੀਆਂ ਦੁਕਾਨਾਂ ’ਤੇ ਪੁਲੀਸ ਦਾ ਧਾਵਾ ਬੋਲਣਾ ਠੀਕ ਨਹੀਂ ਹੈ। ਉਨ੍ਹਾਂ ਆਖਿਆ ਕਿ ਚੈਕਿੰਗ ਲਈ ਇੱਕ ਡਰੱਗ ਇੰਸਪੈਕਟਰ ਚੈਕਿੰਗ ਕਰੇ ਨਾ ਕਿ ਵੱਡੀ ਗਿਣਤੀ ’ਚ ਪੁਲੀਸ ਆ ਕੇ ਦੁਕਾਨਾਂ ’ਤੇ ਧਾਵਾ ਬੋਲੇ। ਚੈਕਿੰਗ ਦੌਰਾਨ ਜੇਕਰ ਕੋਈ ਖਾਮੀ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਡਰੱਗ ਇੰਸਪੈਕਟਰ ਮੌਕੇ ’ਤੇ ਪੁਲੀਸ ਨੂੰ ਸੂਚਨਾ ਦੇ ਸਕਦੇ ਹੈ। ਰੋਸ ਵਜੋਂ ਅੱਜ ਉਨ੍ਹਾਂ 1 ਵਜੇ ਤੱਕ ਦੁਕਾਨਾਂ ਬੰਦ ਰੱਖੀਆਂ। ਇਸ ਦੌਰਾਨ ਕੈਮਿਸਟ ਐਸੋਸੀਏਸ਼ਨ ਦੇ ਸੱਦੇ ’ਤੇ ਕਸਬਾ ਸ਼ਹਿਣਾ ਅਤੇ ਬਲਾਕ ਸ਼ਹਿਣਾ ਦੇ ਸਾਰੇ ਮੈਡੀਕਲ ਸਟੋਰ ਅੱਜ ਅੱਧੇ ਦਿਨ ਲਈ ਬੰਦ ਰਹੇ। ਦਵਾਈਆਂ ਆਦਿ ਨਾ ਮਿਲਣ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ। ਮੈਡੀਕਲ ਐਸੋਸੀਏਸ਼ਨ ਨੇ ਕਿਹਾ ਕਿ ਉਨ੍ਹਾਂ ਦਾ ਕੋਈ ਵੀ ਮੈਂਬਰ ਨਸ਼ਾ ਨਹੀਂ ਵੇਚਦਾ ਹੈ ਪਰ ਚੈਕਿੰਗ ਦੇ ਨਾਮ ’ਤੇ ਖੱਜਲ ਖੁਆਰੀ ਸਹਿਣ ਨਹੀਂ ਕੀਤੀ ਜਾਵੇਗੀ।