ਮੰਤਰੀ ਵੱਲੋਂ ਪੰਚਾਇਤੀ ਨੁਮਾਇੰਦਿਆਂ ਨਾਲ ਮੀਟਿੰਗ
ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 11 ਮਾਰਚ
ਕੈਬਨਿਟ ਮੰਤਰੀ ਬਲਜੀਤ ਕੌਰ ਨੇ ਪਿੰਡਾਂ ਦੇ ਸਰਪੰਚਾਂ ਨਾਲ ਬੈਠਕ ਕਰ ਕੇ ਵਿਕਾਸ ਕਾਰਜਾਂ ਦੀ ਵਿਉਂਤਬੰਦੀ ਉਲੀਕੀ। ਉਨ੍ਹਾਂ ਨੇ ਪੰਚਾਇਤਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਜਿਹੜੇ ਪੰਚਾਇਤ ਵਿਭਾਗ ਦੇ ਕਰਮਚਾਰੀ ਢਿੱਲ ਮੱਠ ਦਾ ਰਵੱਈਆ ਅਪਣਾਉਂਦੇ ਸਨ ਉਨ੍ਹਾਂ ਦੀਆਂ ਮੌਕੇ ’ਤੇ ਬਦਲੀਆਂ ਕਰਨ ਦੇ ਨਿਰਦੇਸ਼ ਦਿੱਤੇ ਗਏ। ਕੈਬਨਿਟ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਦ੍ਰਿੜ ਹੈ ਅਤੇ ਇਸ ਲਈ ਫੰਡ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਨੇ ਪੰਚਾਇਤਾਂ ਨੂੰ ਕਿਹਾ ਕਿ ਉਹ ਅੱਜ ਜੋ ਮਤੇ ਪਾ ਕੇ ਦੇ ਰਹੇ ਹਨ ਉਸ ਸਬੰਧੀ ਵਿਕਾਸ ਕਾਰਜ 15 ਅਪਰੈਲ ਤੋਂ ਪਹਿਲਾਂ ਪਹਿਲਾਂ ਸ਼ੁਰੂ ਕਰਵਾ ਦਿੱਤੇ ਜਾਣਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕਾਂ ਤੱਕ ਵਿਕਾਸ ਸਕੀਮਾਂ ਅਤੇ ਲੋਕ ਭਲਾਈ ਦੀਆਂ ਸਕੀਮਾਂ ਪੁੱਜਦੀਆਂ ਕਰਨ ਵਿੱਚ ਜੇ ਕਿਸੇ ਅਧਿਕਾਰੀ ਜਾਂ ਕਰਮਚਾਰੀ ਨੇ ਕੁਤਾਹੀ ਕੀਤੀ ਤਾਂ ਉਸ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪੰਚਾਇਤਾਂ ਨੂੰ ਕਿਹਾ ਕਿ ਲੋਕਾਂ ਵੱਲੋਂ ਪ੍ਰਗਟਾਏ ਭਰੋਸੇ ’ਤੇ ਖਰਾ ਉੱਤਰਦਿਆਂ ਪਿੰਡਾਂ ਦੇ ਵੱਡੇ ਪੱਧਰ ’ਤੇ ਵਿਕਾਸ ਕਾਰਜ ਕਰਵਾਏ ਜਾਣ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਹਰੇਕ ਹਲਕੇ ਦੇ ਵਿਕਾਸ ਲਈ ਫੰਡ ਮੁਹੱਈਆ ਕਰਵਾ ਰਹੀ ਹੈ ਇਸ ਲਈ ਸਾਰੇ ਪਿੰਡਾਂ ਵਿਚ ਵਿਕਾਸ ਕਾਰਜ ਬਿਨਾਂ ਪੱਖਪਾਤ ਤੋਂ ਕਰਵਾਏ ਜਾਣਗੇ। ਇਸ ਮੌਕੇ ਜਗਦੇਵ ਸਿੰਘ ਬਾਮ ਚੇਅਰਮੈਨ ਕੋਅਪਰੇਟਿਵ ਸੋਸਾਇਟੀ, ਜਸ਼ਨ ਬਰਾੜ ਜ਼ਿਲ੍ਹਾ ਪ੍ਰਧਾਨ, ਵਰਿੰਦਰ ਢੋਸੀਵਾਲ ਜੁਆਇੰਟ ਸਕੱਤਰ, ਮਨਜਿੰਦਰ ਸਿੰਘ ਕਾਕਾ ਉੜਾਂਗ ਤੇ ਹੋਰ ਮੌਜੂਦ ਸਨ।