ਕੈਨੇਡਾ ’ਚ ਦਿਲ ਦੇ ਦੌਰੇ ਕਾਰਨ ਪੰਜਾਬੀ ਨੌਜਵਾਨ ਦੀ ਮੌਤ
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਬੁੱਢੇਵਾਲ ਦੇ ਕਾਂਗਰਸੀ ਆਗੂ ਤੇ ਖੰਡ ਮਿੱਲ ਦੇ ਸਾਬਕਾ ਚੇਅਰਮੈਨ ਬਲਬੀਰ ਸਿੰਘ ਦੇ ਪੁੱਤਰ ਵਿਕਰਮ ਸਿੰਘ ਗਿੱਲ (22) ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਚਾਰ ਸਾਲ ਪਹਿਲਾਂ ਕੈਨੇਡਾ ਗਿਆ ਸੀ, ਜਿੱਥੇ ਉਹ ਸਰੀ ਵਿੱਚ ਰਹਿ ਰਿਹਾ ਸੀ। ਕੁਝ ਦਿਨ ਪਹਿਲਾਂ ਉਸ ਨੂੰ ਦਿਲ ਦਾ ਦੌਰਾ ਪਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਵਿਕਰਮ ਸਿੰਘ ਵਧੀਆ ਗਾਇਕ ਤੇ ਗੀਤਕਾਰ ਵੀ ਸੀ। ਉਸ ਦੇ 15 ਤੋਂ ਵੱਧ ਗੀਤ ਰਿਲੀਜ਼ ਹੋ ਚੁੱਕੇ ਸਨ। ਉਸ ਦੀ ਮੌਤ ਕਾਰਨ ਜਿੱਥੇ ਪਰਿਵਾਰ ਨੂੰ ਡੂੰਘਾ ਸਦਮਾ ਲੱਗਿਆ ਹੈ ਤੇ ਇਲਾਕੇ ਵਿੱਚ ਵੀ ਸੋਗ ਦੀ ਲਹਿਰ ਹੈ। ਹਲਕਾ ਸਾਹਨੇਵਾਲ ਤੋਂ ਕਾਂਗਰਸ ਦੇ ਇੰਚਾਰਜ ਵਿਕਰਮ ਸਿੰਘ ਬਾਜਵਾ, ਮਿਲਕ ਪਲਾਂਟ ਦੇ ਡਾਇਰੈਕਟਰ ਧਰਮਜੀਤ ਸਿੰਘ ਗਿੱਲ, ਗੁਰਪ੍ਰੀਤ ਸਿੰਘ ਬਲੀਏਵਾਲ, ਉਦੈਰਾਜ ਸਿੰਘ ਗਿੱਲ, ਤਾਜਪਰਮਿੰਦਰ ਸਿੰਘ ਸੋਨੂੰ, ਜਸਪਾਲ ਸਿੰਘ ਗਾਹੀ ਭੈਣੀ, ਸਵਰਨ ਸਿੰਘ ਖੁਆਜਕੇ, ਇਕਬਾਲ ਸਿੰਘ ਜੰਡਿਆਲੀ, ਸਤਵੰਤ ਸਿੰਘ, ਸਰਪੰਚ ਰਣਧੀਰ ਸਿੰਘ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਵਿਕਰਮ ਦੀ ਦੇਹ ਭਾਰਤ ਵਿੱਚ ਆਉਣ ਮਗਰੋਂ ਅੰਤਿਮ ਸੰਸਕਾਰ ਕੀਤਾ ਜਾਵੇਗਾ।