ਸੁਖਮੀਤ ਭਸੀਨਬਠਿੰਡਾ, 13 ਅਪਰੈਲਕੈਨੇਡਾ ’ਚ 28 ਅਪਰੈਲ ਨੂੰ ਹੋਣ ਵਾਲੀਆਂ ਸੰਘੀ ਚੋਣਾਂ ਲਈ ਮੈਦਾਨ ਭਖ਼ ਗਿਆ ਹੈ। ਦੇਸ਼ ’ਚ ਪੰਜਾਬੀ ਮੂਲ ਦੇ ਰਿਕਾਰਡ 65 ਉਮੀਦਵਾਰ ਚੋਣਾਂ ਲੜ ਰਹੇ ਹਨ ਜਿਸ ਤੋਂ ਭਾਈਚਾਰੇ ਦੇ ਵਧਦੇ ਸਿਆਸੀ ਪ੍ਰਭਾਵ ਦਾ ਪਤਾ ਲਗਦਾ ਹੈ। ਇਨ੍ਹਾਂ ਉਮੀਦਵਾਰਾਂ ਨੂੰ ਵੱਖ ਵੱਖ ਪਾਰਟੀਆਂ ਲਿਬਰਲ, ਕੰਜ਼ਰਵੇਟਿਵ, ਐੱਨਡੀਪੀ ਅਤੇ ਗਰੀਨਜ਼ ਤੋਂ ਟਿਕਟਾਂ ਮਿਲੀਆਂ ਹਨ ਅਤੇ ਕੁਝ ਆਜ਼ਾਦ ਉਮੀਦਵਾਰ ਵਜੋਂ ਵੀ ਮੈਦਾਨ ’ਚ ਹਨ। ਸਾਲ 2021 ਦੀਆਂ ਚੋਣਾਂ ’ਚ 45 ਪੰਜਾਬੀ ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਸੀ ਜਿਸ ’ਚੋਂ 17 ਹਾਊਸ ਆਫ਼ ਕਾਮਨਜ਼ ਲਈ ਚੁਣੇ ਗਏ ਸਨ। ਇਸੇ ਤਰ੍ਹਾਂ 2019 ਦੀਆਂ ਚੋਣਾਂ ’ਚ 47 ਨੇ ਚੋਣ ਲੜੀ ਸੀ ਅਤੇ 22 ਜੇਤੂ ਰਹੇ ਸਨ। ਇਸ ਵਾਰ ਪੰਜਾਬੀ ਮੂਲ ਦੇ ਮੌਜੂਦਾ 16 ਸੰਸਦ ਮੈਂਬਰ ਮੁੜ ਤੋਂ ਮੈਦਾਨ ’ਚ ਹਨ। ਕਈ ਸੀਟਾਂ ’ਤੇ ਪੰਜਾਬੀ ਉਮੀਦਵਾਰਾਂ ਵਿਚਕਾਰ ਸਿੱਧਾ ਮੁਕਾਬਲਾ ਹੈ। ਲਿਬਰਲ ਪਾਰਟੀ ਦੇ ਆਗੂ ਤੇ ਸਿਹਤ ਮੰਤਰੀ ਕਮਲ ਖੇੜਾ ਬਰੈਂਪਟਨ ਵੈਸਟ ਅਤੇ ਇਨੋਵੇਸ਼ਨ, ਸਾਇੰਸ ਤੇ ਸਨਅਤ ਮੰਤਰੀ ਅਨਿਤਾ ਆਨੰਦ ਓਕਵਿਲੇ ਤੋਂ ਚੋਣ ਮੈਦਾਨ ’ਚ ਹਨ। ਸਾਬਕਾ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਬਰਡਿਸ਼ ਚੱਗਰ ਮੁੜ ਵਾਟਰਲੂ ਤੋਂ ਚੋਣ ਲੜ ਰਹੇ ਹਨ। ਐੱਨਡੀਪੀ ਆਗੂ ਜਗਮੀਤ ਸਿੰਘ ਬਰਨਬੇਅ ਸੈਂਟਰਲ ਤੋਂ ਮੁੜ ਉਮੀਦਵਾਰ ਹਨ। ਲਿਬਰਲਜ਼ ਵੱਲੋਂ ਅੰਜੂ ਢਿੱਲੋਂ (ਡੋਰਵਾਲ-ਲਾਸ਼ਿਨੇ-ਲਾਸਾਲੇ), ਰੂਬੀ ਸਹੋਤਾ (ਬਰੈਂਪਟਨ ਨੌਰਥ), ਸੋਨੀਆ ਸਿੱਧੂ (ਬਰੈਂਪਟਨ ਸਾਊਥ), ਅਮਰਜੀਤ ਸਿੰਘ ਸੋਹੀ (ਐਡਮੰਟਨ ਸਾਊਥਈਸਟ), ਰਾਹੁਲ ਵਾਲੀਆ (ਵਿਨੀਪੈਗ ਸੈਂਟਰ), ਜੌਰਜ ਚਾਹਲ (ਕੈਲਗਰੀ ਮੈਕਨਾਈਟ), ਰਣਦੀਪ ਸਰਾਏ (ਸਰੀ ਸੈਂਟਰ) ਅਤੇ ਸੁਖ ਧਾਲੀਵਾਲ (ਸਰੀ ਨਿਊਟਨ) ਨੂੰ ਮੈਦਾਨ ’ਚ ਉਤਾਰਿਆ ਗਿਆ ਹੈ। ਇਸੇ ਤਰ੍ਹਾਂ ਕੰਜ਼ਰਵੇਟਿਵ ਪਾਰਟੀ ਨੇ ਗੁਰਮੀਤ ਸੰਧੂ (ਸਕਾਰਬੋਰੋਅ ਨੌਰਥ), ਟਿਮ ਉੱਪਲ (ਐਡਮੰਟਨ ਗੇਟਵੇਅ), ਜਸਰਾਜ ਹਾਲਾਨ (ਕੈਲਗਰੀ ਈਸਟ), ਤਰਨ ਚਾਹਲ (ਬਰੈਂਪਟਨ ਸੈਂਟਰ), ਦਲਵਿੰਦਰ ਗਿੱਲ (ਕੈਲਗਰੀ ਮੈਕਨਾਈਟ), ਅਮਨਪ੍ਰੀਤ ਐੱਸ ਗਿੱਲ (ਕੈਲਗਰੀ ਸਕਾਈਵਿਊ), ਰਾਜਵੀਰ ਢਿੱਲੋਂ (ਸਰੀ ਸੈਂਟਰ) ਅਤੇ ਹਰਜੀਤ ਸਿੰਘ ਗਿੱਲ (ਸਰੀ ਨਿਊਟਨ) ਨੂੰ ਟਿਕਟ ਦਿੱਤੀ ਹੈ। ਉਧਰ ਅਮਨਦੀਪ ਸੋਢੀ ਵੱਲੋਂ ਬਰੈਂਪਟਨ ਸੈਂਟਰ ਅਤੇ ਰਾਹੁਲ ਵਾਲੀਆ ਵੱਲੋਂ ਵਿਨੀਪੈਗ ਸੈਂਟਰ ਤੋਂ ਪਹਿਲੀ ਵਾਰ ਚੋਣਾਂ ’ਚ ਚੁਣੌਤੀ ਦਿੱਤੀ ਜਾ ਰਹੀ ਹੈ। ਚੋਣ ਪ੍ਰਚਾਰ ’ਚ ਇਮੀਗਰੇਸ਼ਨ, ਸਿਹਤ-ਸੰਭਾਲ ਸੁਧਾਰ, ਅਰਥਚਾਰਾ ਅਤੇ ਕੈਨੇਡਾ ਦੀ ਵਿਦੇਸ਼ ਨੀਤੀ ਖਾਸ ਕਰਕੇ ਭਾਰਤ ਨਾਲ ਸਬੰਧਾਂ ਜਿਹੇ ਮੁੱਦਿਆਂ ਨੂੰ ਉਭਾਰਿਆ ਜਾ ਰਿਹਾ ਹੈ। ਬਰੈਂਪਟਨ ਦੇ ਇਕ ਆਗੂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕੈਨੇਡਾ ’ਚ ਪੰਜਾਬੀਆਂ ਦੀ ਆਵਾਜ਼ ਹੋਰ ਜ਼ੋਰ ਨਾਲ ਬੁਲੰਦ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸੰਘੀ ਚੋਣਾਂ ’ਚ ਪੰਜਾਬੀਆਂ ਦੀ ਹਿੱਸੇਦਾਰੀ ਲਗਾਤਾਰ ਵਧ ਰਹੀ ਹੈ। ਸਰੀ ਤੋਂ ਨੌਜਵਾਨ ਵਕੀਲ ਮਨਪ੍ਰੀਤ ਕੌਰ ਨੇ ਕਿਹਾ ਕਿ ਪੰਜਾਬੀਆਂ ਨੇ ਕੈਨੇਡਾ ਦੇ ਸੱਭਿਆਚਾਰ ਅਤੇ ਅਰਥਚਾਰੇ ਨੂੰ ਅਮੀਰ ਬਣਾਉਣ ’ਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਸੰਘੀ ਸਿਆਸਤ ’ਚ ਪੰਜਾਬੀਆਂ ਦੀ ਵਧਦੀ ਹਿੱਸੇਦਾਰੀ ਇਸ ਵਿਰਸੇ ਨੂੰ ਦਰਸਾਉਂਦੀ ਹੈ।