ਖੇਤਰੀ ਪ੍ਰਤੀਨਿਧਪਟਿਆਲਾ, 3 ਫਰਵਰੀਕੇਂਦਰੀ ਜੇਲ੍ਹ ਪਟਿਆਲਾ ਵਿੱਚ ਕੈਦੀਆਂ ਅਤੇ ਹਵਾਲਾਤੀਆਂ ਨੂੰ ਮੋਬਾਈਲ ਫੋਨ ਅਤੇ ਹੋਰ ਪਾਬੰਦੀਸ਼ੁਦਾ ਵਸਤਾਂ ਭੇਜਣ ਦੇ ਦੋਸ਼ ਹੇਠ ਪੁਲੀਸ ਨੇ ਇਸੇ ਜੇਲ੍ਹ ਦੇ ਜੇਲ੍ਹ ਵਾਰਡਰ ਸੰਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜੇਲ੍ਹ ਪ੍ਰਸ਼ਾਸਨ ਅਨੁਸਾਰ ਜੇਲ੍ਹ ਦੇ ਸੁਰੱਖਿਆ ਅਮਲੇ ਵੱਲੋਂ ਬੈਰਕ ਨੰਬਰ 18 ’ਚੋਂ ਇੱਕ ਮੋਬਾਈਲ ਅਤੇ ਸਿੰਮ ਕਾਰਡ ਬਰਾਮਦ ਕੀਤਾ ਗਿਆ ਸੀ। ਘੋਖ ਕਰਨ ’ਤੇ ਪਤਾ ਲੱਗਾ ਕਿ ਇਸ ਦੀ ਵਰਤੋਂ ਅੰਮ੍ਰਿਤਪਾਲ ਸਿੰਘ ਵੱਲੋਂ ਕੀਤੀ ਜਾਂਦੀ ਸੀ। ਜਦੋਂ ਅੰਮ੍ਰਿਤਪਾਲ ਸਿੰਘ ਤੋਂ ਪੁੱਛ-ਪੜਤਾਲ ਕੀਤੀ ਗਈ ਤਾਂ ਉਸ ਨੇ ਜਿਥੇ ਇਹ ਸਿੰਮ ਵਰਤਣ ਦੀ ਗੱਲ ਕਬੂਲੀ ਉਥੇ ਹੀ ਇਹ ਵੀ ਮੰਨਿਆ ਕਿ ਉਸ ਨੇ ਇਹ ਫੋਨ ਜੇਲ੍ਹ ਵਾਰਡਰ ਸੰਦੀਪ ਸਿੰਘ ਪਾਸੋਂ ਮੰਗਵਾਇਆ ਸੀ। ਜੇਲ੍ਹ ਦਾ ਸੁਰੱਖਿਆ ਅਮਲਾ ਦੱਸਦਾ ਹੈ ਕਿ ਭੱਠਾ ਬੈਰਕ ਵਿੱਚ ਬੰਦ ਹਰਜੀਤ ਸਿੰਘ ਨੂੰ ਵੀ ਉਸ ਨੇ ਹੀ ਮੋਬਾਈਲ ਮੁਹੱਈਆ ਕਰਵਾਇਆ ਸੀ, ਜੋ ਵੀ ਬਰਾਮਦ ਕਰ ਲਿਆ ਹੈ। ਜੇਲ੍ਹ ਅਧਿਕਾਰੀਆਂ ਅਨੁਸਾਰ ਅੰਮ੍ਰਿਤਪਾਲ ਸਿੰਘ ਪਾਸੋਂ 3 ਛੋਟੀਆਂ ਡਾਇਰੀਆਂ ਵੀ ਬਰਾਮਦ ਹੋਈਆਂ ਹਨ। ਜੇਲ੍ਹ ਸੁਪਰਡੈਂਟ ਵਰੁਣ ਸ਼ਰਮਾ ਦਾ ਕਹਿਣਾ ਸੀ ਕਿ ਇਸ ਸਬੰਧੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਕਰਨਵੀਰ ਸਿੰਘ ਵੱਲੋਂ ਥਾਣਾ ਤ੍ਰਿਪੜੀ ਦੀ ਪੁਲੀਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਲਈ ਆਖਿਆ ਗਿਆ ਹੈ। ਥਾਣਾ ਤ੍ਰਿਪੜੀ ਦੇ ਐੱਸਐੱਸਓ ਇੰਸਪੈਕਟਰ ਪਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ ’ਤੇ ਹਵਾਲਾਤੀ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਹਿਰਦਾਪੁਰ ਥਾਣਾ ਬਖਸ਼ੀਵਾਲਾ ਜ਼ਿਲ੍ਹਾ ਪਟਿਆਲਾ ਅਤੇ ਹਵਾਲਾਤੀ ਹਰਜੀਤ ਸਿੰਘ ਵਾਸੀ ਪਿੰਡ ਮੀਆਂਪੁਰ ਥਾਣਾ ਸਰਾਏ ਅਮਾਨਤ ਜ਼ਿਲ੍ਹਾ ਤਰਨਤਾਰਨ ਸਮੇਤ ਜੇਲ੍ਹ ਵਾਰਡਰ ਸੰਦੀਪ ਸਿੰਘ ਕੇਂਦਰੀ ਜੇਲ੍ਹ ਪਟਿਆਲਾ ਖਿਲਾਫ਼ ਕੇਸ ਦਰਜ ਕੀਤਾ ਹੈ।