ਕੈਂਸਰ ਦੀਆਂ ਨਕਲੀ ਦਵਾਈਆਂ ਤੇ ਟੀਕੇ ਵੇਚਣ ਵਾਲਾ ਗਰੋਹ ਕਾਬੂ
ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਮਈ
ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੇ ਕੈਂਸਰ ਦੀਆਂ ਨਕਲੀ ਦਵਾਈਆਂ ਅਤੇ ਟੀਕੇ ਵੇਚਣ ਵਾਲੇ ਇੱਕ ਗਰੋਹ ਦੇ ਛੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਜ਼ਿਆਦਾ ਕੀਮਤ ਵਾਲੀਆਂ ਕਈ ਨਕਲੀ ਕੈਂਸਰ ਦਵਾਈਆਂ ਜ਼ਬਤ ਕੀਤੀਆਂ ਹਨ। ਮੁਲਜ਼ਮ ਕਿਸੇ ਅਧਿਕਾਰ ਜਾਂ ਲਾਇਸੈਂਸ ਦੇ ਓਪਡੀਵੋ, ਪੈਮਬ੍ਰੋਲੀਜ਼ੁਮਾਬ ਇੰਜੈਕਸ਼ਨ ਅਤੇ ਹੋਰ ਨਕਲੀ ਕੈਂਸਰ ਦਵਾਈਆਂ ਅਤੇ ਟੀਕੇ ਵੇਚ ਰਹੇ ਸਨ। ਪੁਲੀਸ ਨੇ ਲਕਸ਼ਮੀ ਨਗਰ, ਬੁੱਧ ਵਿਹਾਰ ਅਤੇ ਚਾਂਦਨੀ ਚੌਕ ਸਮੇਤ ਦਿੱਲੀ ਦੇ ਹੋਰ ਖੇਤਰਾਂ ’ਚ ਛਾਪੇ ਮਾਰੇ ਅਤੇ ਗਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਏਸੀਪੀ ਯਸ਼ਪਾਲ ਸਿੰਘ ਅਤੇ ਇੰਸਪੈਕਟਰ ਆਸ਼ੀਸ਼ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਅਤੇ ਡੀਸੀਪੀ ਕ੍ਰਾਈਮ ਵਿਕਰਮ ਸਿੰਘ ਦੀ ਨਿਗਰਾਨੀ ਹੇਠ ਪੁਲੀਸ ਟੀਮ ਨੇ ਲੱਖਾਂ ਰੁਪਏ ਦੀਆਂ ਨਕਲੀ ਦਵਾਈਆਂ ਜ਼ਬਤ ਕੀਤੀਆਂ ਹਨ। ਪੁਲੀਸ ਵੱਲੋਂ ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਨੀਰਜ ਕੁਮਾਰ, ਅਨਿਲ ਕੁਮਾਰ, ਧਰਮੇਸ਼ ਸ਼ਰਮਾ, ਧੀਰਜ ਕੁਮਾਰ, ਰੋਹਿਤ ਭੱਟੀ ਅਤੇ ਜੋਤੀ ਗਰੋਵਰ ਆਦਿ ਸ਼ਾਮਲ ਹਨ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
ਚਾਰ ਕਿੱਲੋ ਗਾਂਜੇ ਸਣੇ ਦੋ ਕਾਬੂ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਪੁਲੀਸ ਦੇ ਪੱਛਮੀ ਜ਼ਿਲ੍ਹੇ ਦੇ ਐਂਟੀ-ਨਾਰਕੋਟਿਕਸ ਟੀਮ ਨੇ ਦੋ ਵਿਅਕਤੀਆਂ ਨੂੰ 4 ਕਿਲੋਗ੍ਰਾਮ ਤੋਂ ਵੱਧ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਡੀਸੀਪੀ ਪੱਛਮੀ ਵਚਿੱਤਰ ਵੀਰ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਜੀਤ ਕੁਮਾਰ ਅਤੇ ਬਾਦਲ ਪੰਡਿਤ ਵਾਸੀਆਨ ਸਹਰਸਾ ਬਿਹਾਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਗੁਪਤ ਸੂਚਨਾ ’ਤੇ ਪੁਲੀਸ ਟੀਮ ਨੇ ਕਾਰਵਾਈ ਕਰਦੇ ਹੋਏ ਬਾਲਾਜੀ ਸਵੀਮਿੰਗ ਸੈਂਟਰ, ਸੈਂਟਰਲ ਸਕੂਲ, ਟੈਗੋਰ ਗਾਰਡਨ ਨੇੜੇ ਛਾਪਾ ਮਾਰ ਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲੀਸ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।