ਨਿੱਜੀ ਪੱਤਰ ਪ੍ਰੇਰਕਲੁਧਿਆਣਾ, 4 ਫਰਵਰੀਕੈਂਸਰ ਗੈਸ ਫੈਕਟਰੀਆਂ ਵਿਰੋਧੀ ਤਾਲਮੇਲ ਸੰਘਰਸ਼ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਜੇਕਰ ਪੁਲੀਸ ਨੇ ਕਿਸੇ ਵੀ ਮੋਰਚੇ ਵਿੱਚ ਧੱਕੇਸ਼ਾਹੀ ਕੀਤੀ ਤਾਂ ਤਾਲਮੇਲ ਕਮੇਟੀ ਸੰਯੁਕਤ ਕਿਸਾਨ ਮੋਰਚੇ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਵਿੱਢੇਗੀ ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇੱਥੇ ਕਮੇਟੀ ਦੀ ਮੀਟਿੰਗ ਨੇ ਇੱਕ ਮਤਾ ਪਾਸ ਕਰ ਕੇ ਪਿਛਲੇ ਦਿਨੀਂ ਰਿਲਾਇੰਸ ਫੈਕਟਰੀ ਬੱਗੇ ਕਲਾਂ ਦੇ ਸੰਘਰਸ਼ੀਲ ਲੋਕਾਂ ਉਪਰ ਪੁਲੀਸ ਵੱਲੋਂ ਕੀਤੀ ਕਾਰਵਾਈ ਦੀ ਨਿਖੇਧੀ ਕੀਤੀ।ਕਮੇਟੀ ਦੇ ਕੋ-ਆਰਡੀਨੇਟਰ ਡਾ. ਸੁਖਦੇਵ ਸਿੰਘ ਭੂੰਦੜੀ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਵੱਖ ਵੱਖ ਮੋਰਚਿਆਂ ਦੀ ਸਮੀਖਿਆ ਕਰਦਿਆਂ ਲੋਕ ਮੋਰਚਿਆਂ ’ਤੇ ਡਟੇ ਹੋਏ ਵਰਕਰਾਂ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਬੱਗੇ ਕਲਾਂ ਵਿੱਚ ਲੋਕ ਬਹਾਦਰੀ ਨਾਲ ਲੜੇ ਤੇ ਆਪਣੇ ਸਾਥੀਆਂ ਨੂੰ ਰਿਹਾਅ ਕਰਵਾਇਆ। ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ-ਪਿੰਡ ਮੀਟਿੰਗਾਂ ਕੀਤੀਆਂ ਜਾਣਗੀਆਂ। ਮੀਟਿੰਗ ਵਿੱਚ ਵਿਗਿਆਨੀ ਡਾ. ਬਲਵਿੰਦਰ ਸਿੰਘ ਔਲਖ, ਜਮਹੂਰੀ ਕਿਸਾਨ ਸਭਾ ਦੇ ਲਛਮਣ ਸਿੰਘ ਕੂੰਮਕਲਾਂ, ਬੀਕੇਯੂ ਉਗਰਾਹਾਂ ਦੇ ਮਾਲਵਿੰਦਰ ਸਿੰਘ ਮੁਸ਼ਕਾਬਾਦ, ਬੀਕੇਯੂ ਡਕੌਦਾ-ਧਨੇਰ ਦੇ ਸੁਖਵਿੰਦਰ ਸਿੰਘ ਹੰਬੜਾਂ, ਇੰਦਰਜੀਤ ਸਿੰਘ ਧਾਲੀਵਾਲ, ਹਰਦੇਵ ਸਿੰਘ ਆਖਾੜਾ, ਜਸਪਾਲ ਸਿੰਘ ਚਾਹੜ, ਰਣਜੀਤ ਸਿੰਘ, ਗੇਜਾ ਸਿੰਘ, ਗੁਰਪ੍ਰੀਤ ਸਿੰਘ ਅਤੇ ਬੱਗਾ ਸਿੰਘ ਰਾਣਕੇ ਵੀ ਹਾਜ਼ਰ ਸਨ।