ਕੇਸ ਰੱਦ ਕਰਵਾਉਣ ਲਈ ਕਾਂਗਰਸ ਵੱਲੋਂ ਧਰਨਾ
ਮੋਹਿਤ ਸਿੰਗਲਾ
ਨਾਭਾ, 16 ਜੂਨ
ਭਾਦਸੋਂ ਪੁਲੀਸ ਦੀ ‘ਆਪ’ ਵਰਕਰਾਂ ਦੀ ਸ਼ਹਿ ’ਤੇ ਕਾਂਗਰਸ ਖ਼ਿਲਾਫ਼ ਕੀਤੀ ਕਾਰਵਾਈ ਦਾ ਕਾਂਗਰਸ ਵਲੋਂ ਰੋਸ ਪ੍ਰਗਟਾਇਆ ਗਿਆ। ਕਾਂਗਰਸ ਨੇ ਦੋਸ਼ ਲਾਇਆ ਕਿ ਪਹਿਲਾਂ ਧਰਨੇ ਤੋਂ ਬਾਅਦ ਪੁਲੀਸ ਨੇ ਆਪ ਵਰਕਰਾਂ ਖ਼ਿਲਾਫ਼ ਕੇਸ ਦਰਜ ਕੀਤਾ ਪਰ ਉਸ ਤੋਂ ਬਾਅਦ ਇਹ ਕੇਸ ਦਰਜ ਕਰਵਾਉਣ ਵਾਲਿਆਂ ਖ਼ਿਲਾਫ ਹੀ ਕਾਰਵਾਈ ਕਰ ਦਿੱਤੀ ਗਈ।
ਜਾਣਕਾਰੀ ਅਨੁਸਾਰ ਪੁਲੀਸ ਨੇ ਖਨੌੜਾ ਪਿੰਡ ਦੇ ਵਸਨੀਕ ਚਾਰ ਕਾਰਕੁਨਾਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਫਿਰ ਕੁਝ ਘੰਟਿਆਂ ਬਾਅਦ ਕੇਸ ਦਰਜ ਕਰਵਾਉਣ ਲਈ ਲੱਗੇ ਧਰਨੇ ਵਿਚ ਸ਼ਾਮਲ ਪੰਜ ਪੰਚਾਇਤ ਮੈਂਬਰਾਂ ਸਮੇਤ 12 ਖਿਲਾਫ ਇੱਕ ਹੋਰ ਕੇਸ ਦਰਜ ਕੀਤਾ ਗਿਆ। ਇਸ ਮਗਰੋਂ ਕਾਂਗਰਸ ਜ਼ਿਲ੍ਹਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਦੀ ਅਗਵਾਈ ਵਿੱਚ ਚੱਕਾ ਜਾਮ ਕਰ ਦਿੱਤਾ ਗਿਆ। ਪੁਲੀਸ ਦੇ ਉੱਚ ਅਧਿਕਾਰੀਆਂ ਵੱਲੋਂ ਮੈਰਿਟ ‘ਤੇ ਪੜਤਾਲ ਕਰਨ ਦਾ ਭਰੋਸਾ ਦਿੱਤੇ ਜਾਣ ’ਤੇ 36 ਘੰਟੇ ਬਾਅਦ ਧਰਨਾ ਚੁੱਕਿਆ ਗਿਆ। ਕਾਂਗਰਸ ਦਾ ਦੋਸ਼ ਹੈ ਕਿ ਪਹਿਲੇ ਕੇਸ ਦੇ ਮੁਲਜ਼ਮ ਆਮ ਆਦਮੀ ਪਾਰਟੀ ਦੇ ਕਾਰਕੁਨ ਹਨ ਜਿਸ ਕਾਰਨ ਬਾਅਦ ਵਿੱਚ ਸੱਤਾਧਾਰੀ ਧਿਰ ਦੇ ਦਬਾਅ ਹੇਠ ਦੂਜੀ ਐਫਆਈਆਰ ਦਰਜ ਕੀਤੀ ਗਈ। ਖਨੌੜਾ ਪਿੰਡ ਵਿੱਚ ਕੁਝ ਮਨਰੇਗਾ ‘ਚ ਕੰਮ ਕਰ ਰਹੀਆਂ ਮਹਿਲਾਵਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਜਦੋਂ ਉਹ ਟੋਭੇ ’ਤੇ ਕੰਮ ਕਰ ਰਹੇ ਸਨ ਤਾਂ ‘ਆਪ’ ਦੇ ਚਾਰ ਕਾਰਕੁਨਾਂ ਵੱਲੋਂ ਉਥੇ ਆ ਕੇ ਕੰਮ ‘ਚ ਨੁਕਤਾਚੀਨੀ ਕਰਦੇ ਹੋਏ ਬਦਸਲੂਕੀ ਕੀਤੀ ਗਈ ਤੇ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਉਨ੍ਹਾਂ ਦੀ ਵੀਡੀਓ ਬਣਾਈ ਗਈ। ਪੁਲੀਸ ਉੱਪਰ ਸੁਣਵਾਈ ਨਾ ਕਰਨ ਦਾ ਦੋਸ਼ ਲਾਉਂਦੇ ਹੋਏ ਪੰਚਾਇਤ ਮੈਂਬਰਾਂ ਸਮੇਤ ਪਿੰਡ ਵਾਸੀਆਂ ਨੇ ਰਾਤ ਨੂੰ ਥਾਣੇ ਦੇ ਬਾਹਰ ਧਰਨਾ ਲਗਾ ਦਿੱਤਾ ਜਿਸ ਕਾਰਨ ਪੁਲੀਸ ਨੇ ਚਾਰਾਂ ਖਿਲਾਫ ਕੇਸ ਦਰਜ ਕਰ ਲਿਆ ਪਰ ਕੁਝ ਹੀ ਘੰਟਿਆਂ ਬਾਅਦ ਪੁਲੀਸ ਨੇ ਪੰਜ ਪੰਚਾਇਤ ਮੈਂਬਰਾਂ ਸਮੇਤ 12 ਧਰਨਾਕਾਰੀਆਂ ਖਿਲਾਫ ਵੀ ਇੱਕ ਵੱਖਰਾ ਕੇਸ ਦਰਜ ਕਰ ਲਿਆ। ਥਾਣਾ ਮੁਖੀ ਗੁਰਪ੍ਰੀਤ ਸਿੰਘ ਹਾਂਡਾ ਨੇ ਦੱਸਿਆ ਕਿ ਧਰਨਾਕਾਰੀਆਂ ਨੇ ਪੁਲੀਸ ਥਾਣੇ ਦਾ ਘਿਰਾਓ ਕਰਕੇ ਪੁਲੀਸ ਨੂੰ ਗਸ਼ਤ ‘ਤੇ ਜਾਣ ਤੋਂ ਰੋਕਿਆ ਤੇ ਪੁਲੀਸ ਨੂੰ ਧਮਕੀਆਂ ਵੀ ਦਿੱਤੀਆਂ। ਕਾਂਗਰਸੀ ਆਗੂਆਂ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਨਾ ਮੁੜ ਸੰਘਰਸ਼ ਕੀਤਾ ਜਾਵੇਗਾ।
ਧਰਮਸੋਤ ਤੇ ਗਾਂਧੀ ਨੇ ਧੱਕੇਸ਼ਾਹੀ ਦੇ ਦੋਸ਼ ਲਾਏ
ਪੁਲੀਸ ਦੀ ਇਸ ਕਾਰਵਾਈ ਤੋਂ ਬਾਅਦ ਪਿੰਡ ਦੀ ਸਰਪੰਚ ਦੇ ਪਤੀ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਖਨੌੜਾ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਨੇ ਐਤਵਾਰ ਸਵੇਰ ਤੋਂ ਨਾਭਾ ਅਮਲੋਹ ਸੜਕ ‘ਤੇ ਚੱਕਾ ਜਾਮ ਕਰ ਰੱਖਿਆ ਹੈ। ਕੇਵਲ ਰਾਤ ਨੂੰ ਕੁਝ ਸਮੇ ਲਈ ਟ੍ਰੈਫਿਕ ਲੰਘਾ ਦਿੱਤਾ ਗਿਆ ਸੀ ਤੇ ਅੱਜ ਸਵੇਰ ਤੋਂ ਦੂਜਾ ਕੇਸ ਰੱਦ ਕਰਨ ਦੀ ਮੰਗ ਨੂੰ ਲੈ ਕੇ ਫਿਰ ਚੱਕਾ ਜਾਮ ਜਾਰੀ ਰਿਹਾ। ਧਰਨੇ ਵਿੱਚ ਸ਼ਾਮਲ ਹੋਏ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਪੰਜਾਬ ਸਰਕਾਰ ਉੱਪਰ ਧੱਕੇਸ਼ਾਹੀ ਦੇ ਦੋਸ਼ ਲਗਾਏ। ਅੱਜ ਸ਼ਾਮ ਨੂੰ ਨਾਭਾ ਦੀ ਡੀਐਸਪੀ ਮਨਦੀਪ ਕੌਰ ਨੇ ਧਰਨੇ ‘ਚ ਪਹੁੰਚ ਕੇ ਲੋਕਾਂ ਨੂੰ ਦੱਸਿਆ ਕਿ ਪਟਿਆਲਾ ਐਸਐਸਪੀ ਨੇ ਇੱਕ ਆਈਪੀਐਸ ਅਧਿਕਾਰੀ ਨੂੰ ਪੜਤਾਲ ਸੌਂਪ ਦਿੱਤੀ ਹੈ ਤੇ ਇਤਰਾਜ਼ਯੋਗ ਕੇਸ ਵਿੱਚ ਪੰਜ ਦਿਨ ਅੰਦਰ ਮੈਰਿਟ ‘ਤੇ ਤਫਤੀਸ਼ ਮੁਕੰਮਲ ਕਰਕੇ ਦੇਣ ਦਾ ਭਰੋਸਾ ਦਿੱਤਾ। ਇਸ ਮਗਰੋਂ ਪੰਜ ਦਿਨ ਦਾ ਅਲਟੀਮੇਟਮ ਦੇਕੇ ਧਰਨਾ ਸਮਾਪਤ ਕੀਤਾ ਗਿਆ।