ਕੇਸ ਰੱਦ ਕਰਵਾਉਣ ਲਈ ਕਿਸਾਨ ਵਫ਼ਦ ਪੁਲੀਸ ਕਪਤਾਨ ਨੂੰ ਮਿਲਿਆ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 9 ਜੂਨ
ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਜ਼ਿਲ੍ਹਾ ਕਮੇਟੀ ਮੈਂਬਰ ਡਾ. ਗੁਰਮੇਲ ਸਿੰਘ ਕੁਲਾਰ ਖ਼ਿਲਾਫ਼ ਦਾਖਾ ਪੁਲੀਸ ਵਲੋਂ ਦਰਜ ਕੀਤੇ ਮਾਮਲੇ ਨੂੰ ਰੱਦ ਕਰਵਾਉਣ ਲਈ ਅੱਜ ਇਥੇ ਇਕ ਭਰਵਾਂ ਵਫ਼ਦ ਪੁਲੀਸ ਕਪਤਾਨ ਨੂੰ ਮਿਲਿਆ। ਵਫ਼ਦ ਵਿੱਚ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪੰਜਾਬ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਕਾਮਾਗਾਟਾਮਾਰੂ ਯਾਦਗਾਰ ਕਮੇਟੀ, ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ), ਕਿਰਤੀ ਕਿਸਾਨ ਯੂਨੀਅਨ ਪੰਜਾਬ, ਪੱਕਾ ਧਰਨਾ ਸਾਂਝੀ ਕਮੇਟੀ, ਦਿਹਾਤੀ ਮਜ਼ਦੂਰ ਸਭਾ, ਸਰਾਭਾ ਪੰਥਕ ਮੋਰਚਾ, ਫਰੀਡਮ ਫਾਈਟਰਜ਼ ਐਂਡ ਸਕਸੈਸਰਜ਼ ਐਸੋਸੀਏਸ਼ਨ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਐਕਸ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਦੇ ਨੁਮਾਇੰਦੇ ਸ਼ਾਮਲ ਸਨ। ਜ਼ਿਲ੍ਹਾ ਪੁਲੀਸ ਮੁਖੀ ਡਾ. ਅੰਕੁਰ ਗੁਪਤਾ ਵੱਲੋਂ ਮਾਮਲੇ ਦੀ ਜਾਂਚ ਐਸਪੀ (ਐਚ) ਰਮਨਇੰਦਰ ਸਿੰਘ ਦਿਓਲ ਨੂੰ ਦੇਣ ’ਤੇ ਵਫ਼ਦ ਨੇ ਇਸ ਪੁਲੀਸ ਅਧਿਕਾਰੀ ਅੱਗੇ ਆਪਣਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਗਿਆਰਾਂ ਫਰਵਰੀ ਨੂੰ ਕਿਸੇ ਵੀ ਕਿਸਾਨ ਮੋਰਚੇ ਵਲੋਂ ਜਾਂ ਕਿਸੇ ਵੱਖਰੀ ਕਿਸਾਨ ਜਥੇਬੰਦੀ ਵਲੋਂ ਸੜਕ ਜਾਮ ਦਾ ਕੋਈ ਵੀ ਸੱਦਾ ਨਹੀਂ ਸੀ। ਨਾ ਹੀ ਅਜਿਹਾ ਕੋਈ ਜਾਮ ਹੋਇਆ। ਇਸ ਦੇ ਬਾਵਜੂਦ ਥਾਣਾ ਦਾਖਾ ਦੀ ਪੁਲੀਸ ਨੇ ਉਕਤ ਦੋ ਆਗੂਆਂ ਖ਼ਿਲਾਫ਼ ਟ੍ਰੈਫਿਕ ਜਾਮ ਕਰਨ ਤੇ ਲੋਕਾਂ ਨੂੰ ਖੁਆਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ। ਇਸ ਮਾਮਲੇ ਨੂੰ ਮਨਘੜਤ ਤੇ ਝੂਠਾ ਦੱਸਦੇ ਹੋਏ ਵਫ਼ਦ ਨੇ ਇਸ ਨੂੰ ਰੱਦ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿਰਫ ਆਗੂਆਂ ਤੇ ਜਥੇਬੰਦੀ ਨੂੰ ਡਰਾਉਣ ਤੇ ਦਬਾਉਣ ਦੇ ਮਕਸਦ ਨਾਲ ਦਰਜ ਕੀਤਾ ਗਿਆ ਤਾਂ ਜੋ ਅਜਿਹੇ ਮਾਮਲੇ ਦਰਜ ਹੋਣ ਨਾਲ ਕਿਸਾਨ ਲਹਿਰ ਕਮਜ਼ੋਰ ਪੈ ਜਾਵੇ। ਉਨ੍ਹਾਂ ਕਿਹਾ ਕਿ ਇਹ ਪੁਲੀਸ ਪ੍ਰਸ਼ਾਸਨ ਨੂੰ ਭਰਮ ਹੈ ਕਿਉਂਕਿ ਅਜਿਹੇ ਹੱਥਕੰਡੇ ਅਪਨਾਉਣ ਨਾਲ ਸੰਘਰਸ਼ ਹੋਰ ਮਜਬੂਤ ਹੋਵੇਗਾ। ਪੁਲੀਸ ਕਪਤਾਨ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ ਜਲਦੀ ਹੀ ਉਪਰੋਕਤ ਮਾਮਲੇ ਦੀ ਮੁਕੰਮਲ ਪੜਤਾਲ ਕਰਕੇ ਆਪਣੀ ਰਿਪੋਰਟ ਦੇਣਗੇ। ਵਫ਼ਦ ਵਿੱਚ ਬਲਦੇਵ ਸਿੰਘ ਜ਼ੀਰਾ, ਗੁਰਦਿਆਲ ਸਿੰਘ ਤਲਵੰਡੀ, ਬਲਦੇਵ ਸਿੰਘ ਸਰਾਭਾ, ਜਸਦੇਵ ਸਿੰਘ ਲਲਤੋਂ, ਕਰਮਜੀਤ ਸਿੰਘ ਕਾਉਂਕੇ, ਰਾਮ ਸ਼ਰਨ ਗੁਪਤਾ, ਗੁਰਮੀਤ ਸਿੰਘ ਮੋਹੀ, ਜਸਪ੍ਰੀਤ ਸਿੰਘ ਢੋਲਣ, ਕੈਪਟਨ ਦੇਵੀ ਦਿਆਲ, ਭਰਪੂਰ ਸਿੰਘ ਛੱਜਾਵਾਲ, ਨਿਰਮਲ ਸਿੰਘ ਧਾਲੀਵਾਲ, ਉਜਾਗਰ ਸਿੰਘ ਬੱਦੋਵਾਲ ਤੇ ਹੋਰ ਸ਼ਾਮਲ ਸਨ।