‘ਕੇਸਰੀ ਚੈਪਟਰ 2’ ਨੇ ਤਿੰਨ ਦਿਨਾਂ ’ਚ 29.62 ਕਰੋੜ ਰੁਪਏ ਕਮਾਏ
ਨਵੀਂ ਦਿੱਲੀ:
ਅਦਾਕਾਰ ਅਕਸ਼ੈ ਕੁਮਾਰ ਦੀ ਫ਼ਿਲਮ ‘ਕੇਸਰੀ ਚੈਪਟਰ 2’ ਨੇ ਪਹਿਲੇ ਹਫ਼ਤੇ ਦੌਰਾਨ 29.62 ਕਰੋੜ ਰੁਪਏ ਕਮਾਏ। ਇਹ ਜਾਣਕਾਰੀ ਫ਼ਿਲਮ ਦੇ ਨਿਰਮਾਤਾਵਾਂ ਨੇ ਅੱਜ ਇੱਥੇ ਦਿੱਤੀ। ਪਹਿਲੀ ਵਾਰ ਫ਼ਿਲਮ ਬਣਾ ਰਹੇ ਨਿਰਮਾਤਾ ਕਰਨ ਸਿੰਘ ਤਿਆਗੀ ਨਾਲ ਆਰ. ਮਾਧਵਨ ਅਤੇ ਅਨੰਨਿਆ ਪਾਂਡੇ ਨੇ ਵੀ ਅਦਾਕਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ ਇਹ ਫ਼ਿਲਮ 18 ਅਪਰੈਲ ਨੂੰ ਰਿਲੀਜ਼ ਹੋਈ ਸੀ। ਫ਼ਿਲਮ ‘ਕੇਸਰੀ ਚੈਪਟਰ 2’ ਨੇ ਆਪਣੇ ਪਹਿਲੇ ਦਿਨ 7.84 ਕਰੋੜ ਰੁਪਏ, ਦੂਜੇ ਦਿਨ 10.08 ਕਰੋੜ ਅਤੇ ਤੀਜੇ ਦਿਨ 11.70 ਕਰੋੜ ਰੁਪਏ ਕਮਾਏ। ਫ਼ਿਲਮ ‘ਕੇਸਰੀ ਚੈਪਟਰ 2’ ਜੱਲ੍ਹਿਆਂਵਾਲਾ ਬਾਗ ਹੱਤਿਆਕਾਂਡ ਦੀ ਅਨਕਹੀ ਕਹਾਣੀ ਨੂੰ ਉਜਾਗਰ ਕਰਦੀ ਹੈ। ਇਹ ਫ਼ਿਲਮ ਵਕੀਲ ਸੀ. ਸ਼ੰਕਰਨ ਨਾਇਰ ਸਬੰਧੀ ਹੈ, ਜਿਸ ਨੇ 1920 ਦੇ ਦਹਾਕੇ ਦੌਰਾਨ ਬ੍ਰਿਟਿਸ਼ ਸਾਮਰਾਜ ਦੇ ਖ਼ਿਲਾਫ਼ ਕਾਨੂੰਨੀ ਲੜਾਈ ਲੜੀ ਸੀ। ਇਹ ਫਿਲਮ ਨਾਇਰ ਦੇ ਪੜਪੋਤੇ ਰਘੂ ਪਲਟ ਅਤੇ ਉਸ ਦੀ ਪਤਨੀ ਪੁਸ਼ਪਾ ਪਲਟ ਦੀ ਪੁਸਤਕ ‘ਦਿ ਕੇਸ ਦੈਟ ਸ਼ੂਕ ਦਿ ਐਂਪਾਇਰ’ ਉੱਤੇ ਆਧਾਰਿਤ ਹੈ। ਫ਼ਿਲਮ 1924 ਦੇ ਉਸ ਮਾਣਹਾਨੀ ਮੁਕੱਦਮੇ ਦੀ ਝਲਕ ਦਰਸਾਉਂਦੀ ਹੈ, ਜਿਸ ਵਿੱਚ ਪੰਜਾਬ ਦੇ ਸਾਬਕਾ ਲੈਫਟੀਨੈਂਟ ਗਵਰਨਰ ਅਤੇ ਜੱਲ੍ਹਿਆਂਵਾਲਾ ਬਾਗ ਕਤਲੇਆਮ ਲਈ ਜ਼ਿੰਮੇਵਾਰ ਜਨਰਲ ਡਾਇਰ ਨੇ ਨਾਇਰ ਦੇ ਖ਼ਿਲਾਫ਼ ਅਪੀਲ ਕੀਤੀ ਸੀ। -ਪੀਟੀਆਈ