ਕੇਰਲਾ ਤੱਟ ਨੇੜੇ ਮਾਲਵਾਹਕ ਜਹਾਜ਼ ’ਚ ਧਮਾਕੇ; ਕੁਝ ਕੰਟੇਨਰ ਸਮੁੰਦਰ ’ਚ ਡਿੱਗੇ
ਕੋਚੀ, 10 ਜੂਨ
ਕੇਰਲਾ ਤੱਟ ਨੇੜੇ ਸਿੰਗਾਪੁਰ ਦੇ ਝੰਡੇ ਵਾਲੇ ਮਾਲਵਾਹਕ ਜਹਾਜ਼ ਐੱਮਵੀ ਵਾਨ ਹਾਈ 503 ’ਤੇ ਅੱਗ ਲੱਗਣ ਮਗਰੋਂ ਲਗਾਤਾਰ ਧਮਾਕੇ ਹੋ ਰਹੇ ਹਨ ਤੇ ਜਹਾਜ਼ ਦੇ ਵਿਚਲੇ ਹਿੱਸੇ ਤੇ ਕੰਟੇਨਰ ਬੇਅ ’ਚੋਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਹਨ। ਭਾਰਤੀ ਤੱਟ ਰੱਖਿਅਕ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਕੋਲੰਬੋ ਤੋਂ ਮੁੰਬਈ ਦੇ ਨਹਾਵਾ ਸ਼ੋਵਾ ਜਾ ਰਹੇ ਇਸ ਜਹਾਜ਼ ’ਚ ਸੋਮਵਾਰ ਨੂੰ ਅੱਗ ਲੱਗ ਗਈ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਐੱਮਵੀ ਵਾਨ ਹਾਈ 503 ਜਹਾਜ਼ ਦੇ ਅਗਲੇ ਹਿੱਸੇ ’ਚੋਂ ਅੱਗ ਬੁਝਾ ਦਿੱਤੀ ਗਈ ਹੈ ਪਰ ਬੇੜੇ ਵਿਚੋਂ ਧੂੰਆਂ ਨਿਕਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਹਾਜ਼ ਬੰਦਰਗਾਹ ਵੱਲ ਲਗਪਗ 10-15 ਡਿਗਰੀ ਝੁਕ ਗਿਆ ਹੈ ਅਤੇ ਉਸ ’ਤੇ ਲੱਦੇ ਕੁਝ ਕੰਟੇਨਰ ਸਮੁੰਦਰ ’ਚ ਡਿੱਗਣ ਦੀ ਸੂਚਨਾ ਹੈ।
ਭਾਰਤੀ ਤੱਟ ਰੱਖਿਅਕ ਜਹਾਜ਼ ‘ਸਮੁੰਦਰ ਪ੍ਰਹਰੀ’ ਅਤੇ ‘ਸਚੇਤ’ ਅੱਗ ਫੈਲਣ ਤੋਂ ਰੋਕਣ ਲਈ ਜੁਟੇ ਹੋਏ ਹਨ। ਇਸੇ ਦੌਰਾਨ ਤੱਟ ਰੱਖਿਅਕ ਬੇੜੇ ‘ਸਮਰੱਥ’ ਨੂੰ ਬਚਾਅ ਕਰਮੀਆਂ ਦੀ ਇੱਕ ਟੀਮ ਨਾਲ ਕੋਚੀ ’ਚ ਤਾਇਨਾਤ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇੱਕ ਰੱਖਿਆ ਤਰਜਮਾਨ ਨੇ ਕਿਹਾ ਕਿ ਸੀ ਕਿ ਭਾਰਤੀ ਜਲ ਸੈਨਾ ਦੇ ਜਹਾਜ਼ ਆਈਐੱਨਐੱਸ ਸੂਰਤ ਨੇ ਸਿੰਗਾਪੁਰ ਦੇ ਝੰਡੇ ਵਾਲੇ ਕੰਟੇਨਰਾਂ ਵਾਲੇ ਜਹਾਜ਼ ’ਤੇ ਸਵਾਰ ਚਾਲਕ ਅਮਲੇ ਦੇ 22 ਮੈਂਬਰਾਂ ਵਿਚੋਂ 18 ਨੂੰ ਉਤਾਰ ਲਿਆ ਤੇ ਉੱਥੇ ਅੱਗ ਬੁਝਾਊ ਅਪਰੇਸ਼ਨ ਸਾਰੀ ਰਾਤ ਜਾਰੀ ਰਿਹਾ। ਚਾਰ ਬਾਰੇ ਹਾਲੇ ਕੋਈ ਪਤਾ ਨਹੀਂ ਹੈ। -ਪੀਟੀਆਈ
ਤੇਲ ਰਿੱਸਣ ਸਬੰਧੀ ਐਡਵਾਈਜ਼ਰੀ ਜਾਰੀ
ਕੋਚੀ: ਭਾਰਤੀ ਕੌਮੀ ਮਹਾਸਾਗਰ ਸੂਚਨਾ ਸੇਵਾ ਕੇਂਦਰ (ਆਈਐੱਨਸੀਓਆਈਐੱਸ) ਨੇ ਕੇਰਲਾ ਤੱਟ ਨੇੜੇ ਸਿੰਗਾਪੁਰ ਦੇ ਝੰਡੇ ਵਾਲੇ ਜਹਾਜ਼ ਐੱਮਵੀ ਵਾਨ ਹਾਈ 503 ’ਤੇ ਅੱਗ ਲੱਗਣ ਮਗਰੋਂ ਕੰਟੇਨਰਾਂ ’ਚੋਂ ਸੰਭਾਵੀ ਤੌਰ ’ਤੇ ਤੇਲ ਰਿਸਣ ਦੀ ਚਿਤਾਵਨੀ ਦਿੰਦਿਆਂ ਐਡਵਾਈਜ਼ਰੀ ਜਾਰੀ ਕੀਤੀ ਹੈ। ਆਈਐੱਨਸੀਓਆਈਐੱਸ ਨੇ ਕੰਟੇਨਰਾਂ ਜਾਂ ਮਲਬੇ ਦੇ ਸੰਭਾਵੀ ਵਹਾਅ ’ਤੇ ਨਜ਼ਰ ਰੱਖਣ ਲਈ ਆਪਣੇ ਸਰਚ ਐਂਡ ਰੈਸਕਿਊ ਏਡ ਟੂਲ (ਐੱਸਏਆਰਏਟੀ) ਵਿੰਗ ਨੂੰ ਅਲਰਟ ਕਰ ਦਿੱਤਾ ਹੈ। ਸੰਭਾਵਨਾ ਹੈ ਕਿ ਰੁੜ੍ਹੀਆਂ ਵਸਤਾਂ ਅਗਲੇ ਤਿੰਨ ਦਿਨਾਂ ’ਚ ਘਟਨਾ ਸਥਾਨ ਤੋਂ ਦੱਖਣ-ਦੱਖਣ-ਪੂਰਬ ਵੱਲ ਵਧ ਸਕਦੀਆਂ ਹਨ। ਹਾਲਾਂਕਿ ਕੋਜ਼ੀਕੋੜ ਤੇ ਕੋਚੀ ’ਚ ਕੁਝ ਕੰਟੇਨਰਾਂ ਦੇ ਸਮੁੰਦਰ ਤੱਟ ’ਤੇ ਆਉਣ ਸਬੰਧੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। -ਪੀਟੀਆਈ