For the best experience, open
https://m.punjabitribuneonline.com
on your mobile browser.
Advertisement

ਕੇਰਲਾ: ਕੁਦਰਤੀ ਸੁੰਦਰਤਾ ਅਤੇ ਮਾਨਵੀ ਸੂਝ ਦਾ ਸੁਮੇਲ

04:05 AM May 25, 2025 IST
ਕੇਰਲਾ  ਕੁਦਰਤੀ ਸੁੰਦਰਤਾ ਅਤੇ ਮਾਨਵੀ ਸੂਝ ਦਾ ਸੁਮੇਲ
Advertisement

ਡਾ. ਗੁਰਦੀਪ ਸਿੰਘ ਸੰਧੂ

Advertisement

ਸੈਰ-ਸਫ਼ਰ ਮਨੁੱਖੀ ਮਨ ਨੂੰ ਤਰੋਤਾਜ਼ਾ ਕਰਨ ਦੇ ਨਾਲ ਨਾਲ ਨਵੀਂ ਊਰਜਾ ਨਾਲ ਵੀ ਭਰਪੂਰ ਕਰਦਾ ਹੈ। ਯਾਤਰਾ ’ਤੇ ਜਾਣ ਦਾ ਹਰ ਮਨੁੱਖ ਦਾ ਆਪਣਾ ਵਿਸ਼ੇਸ਼ ਉਦੇਸ਼ ਹੁੰਦਾ ਹੈ। ਕਿਸੇ ਲਈ ਇਹ ਮਹਿਜ਼ ਸ਼ੁਗਲ ਹੋ ਸਕਦਾ ਹੈ, ਕਿਸੇ ਦਾ ਇਹ ਜਨੂੰਨ ਹੁੰਦਾ ਹੈ, ਕਿਸੇ ਲਈ ਹਵਾ, ਪਾਣੀ ਅਤੇ ਸਥਾਨ ਬਦਲੀ ਹੋ ਸਕਦਾ ਹੈ ਪਰ ਮੇਰੇ ਲਈ ਇਹ ਮਨ ਦੀ ਮੌਜ ਅਤੇ ਰੂਹ ਦਾ ਰੱਜ ਹੈ। ਹਰ ਸਫ਼ਰ ਦੀ ਆਪਣੀ ਇੱਕ ਕਹਾਣੀ ਹੁੰਦੀ ਹੈ। ਹਰ ਯਾਤਰਾ ਤੋਂ ਬਾਅਦ ਯਾਤਰੀ ਆਪਣੇ ਪਹਿਲਾਂ ਵਾਲੇ ਆਪੇ ਵਿੱਚ ਕੁਝ ਨਵਾਂ ਜੁੜਿਆ ਮਹਿਸੂਸ ਕਰਦਾ ਹੈ। ਨਵੀਂ ਧਰਤੀ, ਨਵੇਂ ਲੋਕ, ਨਵੀਂ ਰਹਿਤਲ, ਨਵੇਂ ਦ੍ਰਿਸ਼ਟੀਕੋਣ ਅਤੇ ਨਵੇਂ ਭੂ-ਦ੍ਰਿਸ਼ ਯਾਤਰੀ ਨੂੰ ਜੀਵਨ ਦੇ ਨਵੇਂ ਅਰਥ ਦਿੰਦੇ ਹਨ। ਮਾਰਚ 2025 ਵਿੱਚ ਮੈਂ ਆਪਣੇ ਪਰਿਵਾਰ ਅਤੇ ਦੋਸਤਾਂ ਵਰਗੇ ਰਿਸ਼ਤੇਦਾਰ ਪਰਿਵਾਰ (ਅੰਟਾਲ ਪਰਿਵਾਰ) ਨਾਲ ਕੇਰਲਾ ਦੀ ਯਾਦਗਾਰੀ ਯਾਤਰਾ ਕੀਤੀ।
ਕੇਰਲਾ ਭਾਰਤ ਦੇ ਦੱਖਣ-ਪੱਛਮੀ ਸਿਰੇ ’ਤੇ ਅਰਬ ਸਾਗਰ ਦੇ ਤੱਟ ਨਾਲ ਲੱਗਦਾ ਖੁਸ਼ਹਾਲ ਸੂਬਾ ਹੈ। ਕੇਰਲਾ ਨੂੰ ਰੱਬ ਦੀ ਧਰਤੀ ਵੀ ਕਿਹਾ ਜਾਂਦਾ ਹੈ। ਵਿਸ਼ਾਲ ਸਮੁੰਦਰ, ਵੱਡਆਕਾਰੀ ਝੀਲਾਂ, ਸੰਘਣੇ ਜੰਗਲ, ਉਪਜਾਊ ਪਰਬਤ, ਨਦੀਆਂ, ਝਰਨੇ, ਵੰਨ-ਸੁਵੰਨੇ ਜੰਗਲੀ ਜੀਵ ਆਦਿ ਦੇਖ ਅਹਿਸਾਸ ਹੁੰਦਾ ਹੈ ਕਿ ਇਸ ਧਰਤੀ ਉੱਪਰ ਕੁਦਰਤ ਬਹੁਤ ਹੀ ਮਿਹਰਬਾਨ ਹੈ। ਸਵੈ-ਅਨੁਸ਼ਾਸਨ ਭਰਪੂਰ ਰੱਜੀਆਂ ਰੂਹਾਂ, ਸੱਚ-ਮੁੱਚ ਪੜ੍ਹੇ ਲਿਖੇ ਤਹਿਜ਼ੀਬਯਾਫ਼ਤਾ ਮਨੁੱਖ ਇਸ ਖ਼ੂਬਸੂਰਤ ਸੂਬੇ ਦੀ ਨਿਵੇਕਲੀ ਪਛਾਣ ਹਨ। ਦਿੱਲੀ ਤੋਂ ਕੋਚੀ ਤੱਕ ਦਾ ਹਵਾਈ ਸਫ਼ਰ ਕਰ ਅਸੀਂ ਸ਼ਾਮ ਢਲਣ ਤੋਂ ਪਹਿਲਾਂ ਕੇਰਲਾ ਪਹੁੰਚ ਗਏ। ਮਾਰਚ ਵਿੱਚ ਕੇਰਲਾ ਦੇ ਮੌਸਮ ਦਾ ਮਿਜਾਜ਼ ਆਮ ਤੌਰ ’ਤੇ ਗਰਮ ਹੋ ਜਾਂਦਾ ਹੈ ਪਰ ਸਾਡੇ ਉੱਥੇ ਪਹੁੰਚਣ ’ਤੇ ਪਈ ਭਰਵੀਂ ਬਰਸਾਤ ਨੇ ਮੌਸਮ ਖੁਸ਼ਗਵਾਰ ਬਣਾ ਦਿੱਤਾ। ਅਸੀਂ ਕੇਰਲਾ ਦਰਸ਼ਨ ਦਾ ਆਗਾਜ਼ ਅਥਰਾਪਲੀ ਵਾਟਰਫਾਲਜ਼ ਤੋਂ ਕੀਤਾ। ਏਅਰਪੋਰਟ ਤੋਂ ਅਥਰਾਪਲੀ ਤੱਕ ਦਾ ਸਫ਼ਰ ਤਿੰਨ ਘੰਟਿਆਂ ਦਾ ਹੈ। ਆਪਣੇ ਸਮੁੱਚੇ ਕੇਰਲਾ ਭਰਮਣ ਲਈ ਅਸੀਂ ਸੈਲਫ ਡਰਾਈਵ ਇਨੋਵਾ ਕਾਰ ਕਿਰਾਏ ’ਤੇ ਲੈ ਲਈ ਸੀ। ਸੜਕ ’ਤੇ ਸਫ਼ਰ ਕਰਦਿਆਂ ਕੇਰਲਾ ਦੇ ਲੋਕਾਂ ਦੀ ਆਵਾਜਾਈ ਨਿਯਮਾਂ ਦੀ ਸਮਝ, ਪਾਲਣਾ ਅਤੇ ਸਲੀਕਾ ਦੇਖ ਕੇ ਹੈਰਾਨੀ ਹੋਈ ਕਿ ਇਹ ਵੀ ਭਾਰਤ ਦਾ ਹੀ ਹਿੱਸਾ ਹੈ। ਹਰ ਰਾਹਗੀਰ ਦੂਸਰੇ ਦੀ ਸਹੂੁਲਤ ਦਾ ਖਿਆਲ ਰੱਖ ਰਿਹਾ ਸੀ। ਸੜਕਾਂ ’ਤੇ ਕੋਈ ਟਰੈਫਿਕ ਜਾਮ ਨਹੀਂ, ਕੋਈ ਹਾਰਨ ਨਹੀਂ ਵਜਾ ਰਿਹਾ ਸੀ। ਇਹ ਸਭ ਕੁਝ ਬਿਨਾਂ ਟਰੈਫਿਕ ਪੁਲੀਸ ਕਰਮੀਆਂ ਤੋਂ ਲੋਕ ਸਹਿਜ ਸੁਭਾਅ ਕਰ ਰਹੇ ਸਨ। ਲੋਕਾਂ ਦੇ ਇਉਂ ਵਿਚਰਨ ਤੋਂ ਸਾਬਿਤ ਹੋਇਆ ਕਿ ਕੇਰਲਾ ਸੱਚਮੁੱਚ ਹੀ ਭਾਰਤ ਦਾ ਸਭ ਤੋਂ ਵੱਧ ਪੜ੍ਹਿਆ-ਲਿਖਿਆ ਸੂਬਾ ਹੈ ਅਤੇ ਉਨ੍ਹਾਂ ਨੇ ਆਪਣੀ ਸਿੱਖਿਆ ਨੂੰ ਜੀਵਨ ਸ਼ੈਲੀ ਵਿੱਚ ਵੀ ਢਾਲਿਆ ਹੋਇਆ ਹੈ। ਪੂਰਾ ਹਫ਼ਤਾ ਕੇਰਲਾ ਦੇ ਵੱਖ-ਵੱਖ ਹਿੱਸਿਆਂ ਵਿੱਚ ਘੁੰਮਦਿਆਂ ਅਸੀਂ ਸੜਕਾਂ ’ਤੇ ਲਗਭਗ 650 ਕਿਲੋਮੀਟਰ ਯਾਤਰਾ ਕੀਤੀ। ਇਸ ਦੌਰਾਨ ਸਾਨੂੰ ਕਿਧਰੇ ਵੀ ਹਾਰਨ ਮਾਰਨ ਦੀ ਲੋੜ ਮਹਿਸੂਸ ਨਹੀਂ ਹੋਈ। ਸੜਕਾਂ ’ਤੇ ਕਿਧਰੇ ਵੀ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ ਆਦਿ ਉੱਤਰੀ ਭਾਰਤ ਵਾਲੀ ਹਫ਼ੜਾ-ਦਫ਼ੜੀ ਨਹੀਂ ਦੇਖੀ। ਹੂਟਰ ਮਾਰਦੀਆਂ ਕਾਰਾਂ ਦੇ ਵੀ.ਆਈ.ਪੀ. ਕਾਫ਼ਲੇ ਆਦਿ ਕਿਤੇ ਨਜ਼ਰ ਨਹੀਂ ਆਏ। ਇਨ੍ਹਾਂ ਸਤਰਾਂ ਨੂੰ ਲਿਖਦਿਆਂ ਮੈਨੂੰ ਪਿਛਲੇ ਦਿਨੀਂ ਮੱਧ ਪ੍ਰਦੇਸ਼ ਵਿੱਚ ਵਾਪਰੀ ਇੱਕ ਅਤਿਅੰਤ ਸੰਵੇਦਨਹੀਣ ਅਤੇ ਦੁਖਦਾਈ ਘਟਨਾ ਯਾਦ ਆਉਂਦੀ ਹੈ, ਜਦੋਂ ਮੁੱਖ ਮੰਤਰੀ ਦੇ ਕਾਫ਼ਲੇ ਨੂੰ ਲੰਘਾਉਣ ਲਈ ਘੰਟਿਆਂਬੱਧੀ ਰੋਕੀ ਆਵਾਜਾਈ ਦੀ ਭੀੜ ਵਿੱਚ ਫਸ ਕੇ 40 ਦੇ ਲਗਭਗ ਵਿਦਿਆਰਥੀਆਂ ਦਾ ਪੇਪਰ ਛੁੱਟ ਗਿਆ। ਇਸ ਪੇਪਰ ਲਈ ਉਨ੍ਹਾਂ ਵਿਦਿਆਰਥੀਆਂ ਨੇ ਸਾਲਾਂਬੱਧੀ ਸਖ਼ਤ ਮਿਹਨਤ ਕੀਤੀ ਸੀ। ਖ਼ੈਰ! ਕੋਚੀ ਸ਼ਹਿਰ ਨੂੰ ਹੁਣ ਕੋਚੀਨ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਸ਼ਹਿਰ ਦੇ ਰਿਹਾਇਸ਼ੀ ਖੇਤਰ ਵਿੱਚੋਂ ਗੁਜ਼ਰਦਿਆਂ ਜਿਸ ਵਰਤਾਰੇ ਨੇ ਮੈਨੂੰ ਬਹੁਤ ਹੈਰਾਨ ਤੇ ਪ੍ਰਭਾਵਿਤ ਕੀਤਾ, ਉਹ ਸੀ ਸਭ ਘਰਾਂ ਦੇ ਮੁੱਖ ਦਰਵਾਜ਼ਿਆਂ ਦਾ ਖੁੱਲ੍ਹਾ ਹੋਣਾ। ਮੈਂ ਕਿਸੇ ਵੀ ਘਰ ਦੇ ਗੇਟ ਨੂੰ ਬੰਦ ਹੋਇਆ ਨਹੀਂ ਦੇਖਿਆ। ਬਹੁਤ ਸਾਰੇ ਘਰਾਂ ਦੀ ਤਾਂ ਚਾਰਦੀਵਾਰੀ ਵੀ ਨਹੀਂ ਕੀਤੀ ਹੋਈ ਸੀ। ਵੱਡਆਕਾਰੀ ਘਰ ਇਨ੍ਹਾਂ ਵਿੱਚ ਵਸਣ ਵਾਲੇ ਲੋਕਾਂ ਦੀ ਆਰਥਿਕ ਖੁਸ਼ਹਾਲੀ ਦੀ ਕਨਸੋਅ ਦੇ ਰਹੇ ਸਨ। ਘਰ ਵੱਡੇ ਹਨ ਪਰ ਘਰਾਂ ਅੰਦਰ ਕਾਰਾਂ ਬਹੁਤ ਸਾਧਾਰਨ ਛੋਟੀਆਂ ਖੜ੍ਹੀਆਂ ਸਨ। ਇਹ ਗਵਾਹੀ ਸੀ ਕਿ ਕੇਰਲਾ ਦੇ ਲੋਕ ਫੋਕੀ ਦਿਖਾਵੇਬਾਜ਼ੀ ਤੋਂ ਬਹੁਤ ਦੂਰ ਹਨ। ਉਹ ਸਾਦਗੀ ਅਤੇ ਸੰਜਮ ਦੇ ਗੁਣਾਂ ਦੇ ਧਾਰਨੀ ਹਨ। ਲੋਕਾਂ ਦਾ ਸਾਦਗੀ ਭਰਪੂਰ ਪਹਿਰਾਵਾ ਵੀ ਉਨ੍ਹਾਂ ਦੇ ਜੀਵਨ ਅਮਲ ਵਿੱਚ ਸਹਿਜ ਹੋਣ ਦੀ ਪੁਸ਼ਟੀ ਕਰ ਰਿਹਾ ਸੀ। ਸ਼ਹਿਰੀ ਖੇਤਰ ਵਿੱਚੋਂ ਬਾਹਰ ਨਿਕਲ ਸੜਕ ਦੇ ਦੋਵੇਂ ਪਾਸੇ ਨਜ਼ਰ ਆਉਂਦੀ ਹਰਿਆਲੀ ਲਗਾਤਾਰ ਅੱਗੇ ਵਧਦਿਆਂ ਸੰਘਣੇ ਜੰਗਲ ਵਿੱਚ ਬਦਲ ਗਈ। ਸੜਕ ਕਿਨਾਰੇ ਨਾਰੀਅਲ ਦੇ ਸੰਘਣੇ ਦਰੱਖਤ, ਉਨ੍ਹਾਂ ਪਿੱਛੇ ਹੋਰ ਅਨੇਕਾਂ ਪ੍ਰਕਾਰ ਦੀਆਂ ਕੁਦਰਤੀ ਨਿਆਮਤਾਂ ਨਾਲ ਭਰਪੂਰ ਹੋਰ ਦਰੱਖਤ ਅਤੇ ਵੇਲਾਂ ਨਜ਼ਰ ਆ ਰਹੀਆਂ ਸਨ ਅਤੇ ਹੋਰ ਪਿੱਛੇ ਨਜ਼ਰ ਆ ਰਹੀ ਸੀ ਵਿਸ਼ਾਲ ਪਰਬਤਮਾਲਾ। ਇਨ੍ਹਾਂ ਪਹਾੜੀ ਜੰਗਲਾਂ ਵਿੱਚ ਵਿਭਿੰਨ ਪ੍ਰਜਾਤੀਆਂ ਦੇ ਛੋਟੇ ਵੱਡੇ ਜੀਵਾਂ ਦਾ ਵਾਸਾ ਹੈ। ਇਸ ਖੇਤਰ ਵਿੱਚ ਜੰਗਲੀ ਹਾਥੀ ਸੜਕ ਦੇ ਦੋਵੇਂ ਪਾਸੇ ਅਕਸਰ ਦੇਖੇ ਜਾ ਸਕਦੇ ਹਨ। ਇਸ ਸਬੰਧੀ ਚੇਤਾਵਨੀ ਬੋਰਡ ਸੜਕ ’ਤੇ ਥੋੜ੍ਹੀ-ਥੋੜ੍ਹੀ ਦੂਰ ਪੜ੍ਹਨ ਨੂੰ ਮਿਲਦੇ ਹਨ। ਅਸੀਂ ਵੀ ਇੱਥੋਂ ਲੰਘਦਿਆਂ ਸੜਕ ਤੋਂ ਥੋੜ੍ਹੀ ਦੂਰ ਘੁੰਮਦਾ ਹਾਥੀ ਦੇਖਿਆ। ਇਸ ਰਸਤੇ ਜਾਂਦਿਆਂ ਮੈਂ ਕੇਰਲਾ ਦੀ ਕੁਦਰਤੀ ਅਮੀਰੀ ਨੂੰ ਭਰਪੂਰ ਮਾਣਿਆ। ਸੱਚਮੁੱਚ ਹੀ ਕੇਰਲਾ ਉੱਪਰ ਕੁਦਰਤ ਬਹੁਤ ਮਿਹਰਬਾਨ ਹੈ। ਹਨੇਰਾ ਹੋਣ ਤੋਂ ਪਹਿਲਾਂ ਅਸੀਂ ਆਪਣੇ ਰਾਤ ਦੇ ਟਿਕਾਣੇ ’ਤੇ ਪਹੁੰਚ ਗਏ।
ਅਗਲੇ ਦਿਨ ਸਵੇਰੇ ਅਸੀਂ ਅਥਰਾਪਲੀ ਵਾਟਰਫਾਲਜ਼ ਦੇਖਣ ਲਈ ਗਏ।ਇਹ ਜਲਧਾਰਾ ਸਾਡੇ ਰਿਜ਼ੋਰਟ ਦੇ ਨੇੜੇ ਹੀ ਸੀ ਅਤੇ ਉੱਥੋਂ ਨਜ਼ਰ ਵੀ ਆ ਰਹੀ ਸੀ। ਇਸ ਝਰਨੇ ਨੂੰ ਸਥਾਨਕ ਲੋਕ ਬਾਹੂਬਲੀ ਵਾਟਰਫਾਲਜ਼ ਵੀ ਕਹਿੰਦੇ ਹਨ। ਪੂਰਾ ਦਰਿਆ ਪਹਾੜ ਤੋਂ ਝਰਨੇ ਦੇ ਰੂਪ ਵਿੱਚ ਚਾਰ ਜਲ ਧਾਰਾਵਾਂ ਬਣ 120 ਮੀਟਰ ਥੱਲੇ ਗਿਰਦਾ ਹੈ ਤਾਂ ਬਹੁਤ ਹੀ ਅਲੌਕਿਕ ਦ੍ਰਿਸ਼ ਬਣਦਾ ਹੈ। ਇੱਥੋਂ ਇਹ ਜਲਧਾਰਾ ਚਿਲਕੁਧੀ ਦਰਿਆ ਬਣ ਜਾਂਦੀ ਹੈ ਅਤੇ ਅਰਬ ਸਾਗਰ ਵਿੱਚ ਜਜ਼ਬ ਹੋਣ ਲਈ 145 ਕਿਲੋਮੀਟਰ ਦਾ ਪੈਂਡਾ ਤੈਅ ਕਰਦੀ ਹੈ। ਇਸ ਖ਼ੂਬਸੂਰਤ ਪ੍ਰਕਿਰਤਕ ਦ੍ਰਿਸ਼ ਨੂੰ ਮਾਣਦਿਆਂ ਮੈਨੂੰ ਅਮਰੀਕਾ ਕੈਨੇਡਾ ਦੇ ਬਾਰਡਰ ’ਤੇ ਵੇਖੇ ਨਿਆਗਰਾ ਫਾਲਜ਼ ਦੀ ਯਾਦ ਆ ਗਈ। ਅਥਰਾਪਾਲੀ ਝਰਨਾ ਕੇਰਲਾ ਦੇ ਇਰਨਾਕੁਲਮ ਜ਼ਿਲ੍ਹੇ ਵਿੱਚ ਪੈਂਦਾ ਹੈ।
ਜੰਗਲ, ਦਰਿਆ, ਪਰਬਤ ਅਤੇ ਝਰਨੇ ਦੇ ਕੁਦਰਤੀ ਹੁਸਨ ਦੇ ਜਲਵਿਆਂ ਨੂੰ ਮਾਨਣ ਉਪਰੰਤ ਅਸੀਂ ਕੇਰਲਾ ਦੀ ਖੁਸ਼ਹਾਲੀ ਦੇ ਇੱਕ ਹੋਰ ਰੂਪ ਚਾਹ ਦੇ ਬਾਗ਼ਾਂ ਨੂੰ ਦੇਖਣ ਲਈ ਅਗਲੀ ਮੰਜ਼ਿਲ ਸੂਰਿਆਨੱਲੀ ਵੱਲ ਤੁਰ ਪਏ। ਇਹ ਸਥਾਨ ਕੇਰਲਾ ਦੇ ਇਡੂਕੀ ਜ਼ਿਲ੍ਹੇ ਦੇ ਇੱਕ ਰਮਣੀਕ ਪਿੰਡ ਚਿੰਨਾਕੁਨਾਲ ਦੀਆਂ ਵਾਦੀਆਂ ਅੰਦਰ ਚਾਹ ਦੇ ਬਾਗ਼ਾਂ ਵਿੱਚ ਬਣਿਆ ਗੁੰਡੂ ਮਿਲਾਈ ਟੀ ਪਲਾਂਟਰ ਬੰਗਲਾ ਸੀ। ਤਿੰਨ ਪਾਸੇ ਉੱਚੇ ਪਰਬਤ ਅਤੇ ਇੱਕ ਪਾਸੇ ਵਿਸ਼ਾਲ ਝੀਲ, ਚਾਰੇ ਪਾਸੇ ਨਜ਼ਰ ਮਾਰਿਆਂ ਪਹਾੜੀ ਢਲਾਣਾਂ ਤੇ ਹਰੀਆਂ ਕਚੂਰ ਚਾਹ ਦੀਆਂ ਪੱਤੀਆਂ ਦੀ ਅਤਿਅੰਤ ਖ਼ੂਬਸੂਰਤ ਤਰਤੀਬ ਮਨਮੋਹਕ ਦ੍ਰਿਸ਼ ਸਿਰਜ ਰਹੀ ਸੀ। ਇੱਥੇ ਪਹੁੰਚਣ ਲਈ ਸਾਨੂੰ ਪੰਜ ਘੰਟਿਆਂ ਦਾ ਸਫ਼ਰ ਕਰਨਾ ਪਿਆ। ਰਸਤਾ ਮੰਜ਼ਿਲ ਨਾਲੋਂ ਵੀ ਵਧੇਰੇ ਆਨੰਦਮਈ, ਖ਼ੂਬਸੂਰਤ ਅਤੇ ਸੁਹਾਵਣਾ ਸੀ। ਸਾਰਾ ਰਸਤਾ ਸੰਘਣੇ, ਖੁਸ਼ਹਾਲੀ ਨਾਲ ਭਰਪੂਰ ਜੰਗਲਾਂ ਵਿਚਦੀ ਗੁਜ਼ਰਦਾ ਹੈ। ਇਸ ਸਮੁੱਚੇ ਰਸਤੇ ਦਾ ਦ੍ਰਿਸ਼ ‘ਰੱਬ ਦੀ ਧਰਤੀ ਕੇਰਲਾ’ ਉੱਪਰ ਕੁਦਰਤ ਦੀ ਅਸੀਮ ਮਿਹਰ ਦਾ ਮੂੰਹ ਬੋਲਦਾ ਪ੍ਰਮਾਣ ਸੀ। ਛੋਟੀ ਇਲਾਇਚੀ, ਲੌਂਗ, ਦਾਲਚੀਨੀ, ਕਾਲੀ ਮਿਰਚ, ਸੁਪਾਰੀ ਆਦਿ ਪੌਦੇ ਅਤੇ ਵੇਲਾਂ ਦੀ ਮੌਜੂਦਗੀ ਚੌਗਿਰਦੇ ਦੀ ਖ਼ੂਬਸੂਰਤੀ ਨੂੰ ਆਪਣੀਆਂ ਮਹਿਕਾਂ ਨਾਲ ਹੋਰ ਵੀ ਰਮਣੀਕ ਬਣਾ ਰਹੀ ਸੀ। ਸੌਂਫ, ਅਜਵੈਣ, ਜੀਰਾ, ਹਲਦੀ ਆਦਿ ਫ਼ਸਲਾਂ ਛੋਟੀ ਇਲਾਚੀ ਦੇ ਪੌਦਿਆਂ ਥੱਲੇ ਭਰਪੂਰ ਮਾਤਰਾ ਵਿੱਚ ਮੌਜੂਦ ਸਨ। ਇਸੇ ਲਈ ਕੇਰਲਾ ਨੂੰ ਗਰਮ- ਮਸਾਲਿਆਂ ਦੀ ਧਰਤੀ ਵੀ ਕਿਹਾ ਜਾਂਦਾ ਹੈ। ਇਨ੍ਹਾਂ ਗਰਮ ਮਸਾਲਿਆਂ ਦੀ ਮਹਿਕ ਹੀ ਪੁਰਤਗਾਲੀ ਅਤੇ ਬ੍ਰਿਟਿਸ਼ ਲੋਕਾਂ ਨੂੰ ਉਨ੍ਹਾਂ ਦੀ ਵਪਾਰਕ ਪ੍ਰਵਿਰਤੀ ਕਾਰਨ ਕੇਰਲਾ ਖਿੱਚ ਲਿਆਈ ਸੀ। ਗੁੰਡੂ ਮਲਾਈ ਟੀ ਪਲਾਂਟਰ ਬੰਗਲਾ, 1920 ਵਿੱਚ ਬ੍ਰਿਟਿਸ਼ ਸਰਕਾਰ ਵੱਲੋਂ ਆਪਣੇ ਉੱਚ ਅਧਿਕਾਰੀਆਂ ਲਈ ਗੈਸਟ ਹਾਊਸ ਵਜੋਂ ਬਣਾਇਆ ਗਿਆ ਆਲੀਸ਼ਾਨ ਟਿਕਾਣਾ ਹੈ। ਇਸ ਇਲਾਕੇ ਵਿੱਚ ਠਹਿਰਨ ਲਈ ਇਹ ਬਹੁਤ ਹੀ ਖ਼ੂਬਸੂਰਤ ਅਤੇ ਆਰਾਮਦਾਇਕ ਟਿਕਾਣਾ ਹੈ। ਇਸ ਦੀ ਪ੍ਰਕਿਰਤਕ ਸੁੰਦਰਤਾ ਮਾਨਣਯੋਗ ਹੈ। ਚਾਹ ਦੇ ਬਾਗ਼ਾਂ ਵਿੱਚ ਸੈਰ ਕਰਨ ਲਈ ਇਸ ਤੋਂ ਬਿਹਤਰ ਸਥਾਨ ਸਾਨੂੰ ਹੋਰ ਕਿਧਰੇ ਵੀ ਆਪਣੀ ਸਮੁੱਚੀ ਕੇਰਲਾ ਯਾਤਰਾ ਦੌਰਾਨ ਨਜ਼ਰ ਨਹੀਂ ਆਇਆ। ਇਸ ਖ਼ੂਬਸੂਰਤ ਸਥਾਨ ਤੋਂ ਵਿਦਾ ਹੋ ਅਗਲੀ ਸਵੇਰ ਅਸੀਂ ਆਪਣੀ ਅਗਲੀ ਮੰਜ਼ਿਲ ਵੈਗਮੋਨ ਲਈ ਚੱਲ ਪਏ ਜੋ ਕੇਰਲਾ ਦੇ ਪ੍ਰਮੁੱਖ ਸੈਲਾਨੀ ਕੇਂਦਰ ਮੁਨਾਰ ਦੇ ਰਸਤੇ ਵਿੱਚ ਮੁਨਾਰ ਤੋਂ ਥੋੜ੍ਹਾ ਪਹਿਲਾਂ ਆਉਂਦਾ ਇੱਕ ਪ੍ਰਮੁੱਖ ਨਗਰ ਹੈ।
ਸੂਰਿਆਨੱਲੀ ਤੋਂ ਵੈਗਮੋਨ ਦੇ ਰਸਤੇ ਵਿੱਚ ਵਪਰਾ ਅਤੇ ਕੱਟਪਣਾ ਨਾਮ ਦੇ ਦੋ ਵੱਡੇ ਸ਼ਹਿਰ ਆਏ। ਬਾਕੀ ਛੋਟੇ ਕਸਬੇ ਅਤੇ ਪਿੰਡ ਕਾਫ਼ੀ ਗਿਣਤੀ ਵਿੱਚ ਆਏ। ਇਸ ਸਮੁੱਚੇ ਖੇਤਰ ਵਿੱਚ ਚਾਹ ਦੀ ਖੇਤੀ ਦੇ ਨਾਲ ਨਾਲ ਛੋਟੀ ਇਲਾਇਚੀ ਦੇ ਪੌਦੇ ਵੱਡੀ ਗਿਣਤੀ ਵਿੱਚ ਦੇਖਣ ਨੂੰ ਮਿਲੇ। ਇਸ ਪਹਾੜੀ ਖੇਤਰ ਨੂੰ ਕਾਰਡਾਮਮ ਹਿਲ/ ਇਲਾਇਚੀ ਪਹਾੜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਇੱਥੇ ਕੇਰਲਾ ਦੀ ਸਭ ਤੋਂ ਵੱਧ ਮਾਤਰਾ ਵਿੱਚ ਇਲਾਇਚੀ ਪੈਦਾਵਾਰ ਹੁੰਦੀ ਹੈ। ਇਸ ਰਸਤੇ ਵਿੱਚ ਸਥਾਨਕ ਅਤੇ ਬਹੁਕੌਮੀ ਟੀ ਪ੍ਰੋਸੈਸਿੰਗ ਪਲਾਂਟ ਕਾਫ਼ੀ ਗਿਣਤੀ ਵਿੱਚ ਹਨ। ਇੱਥੇ ਅਸੀਂ ਚਾਹ ਦੀਆਂ ਪੱਤੀਆਂ ਦੀ ਤੁੜਾਈ ਤੋਂ ਪ੍ਰੋਸੈਸਿੰਗ ਤੱਕ ਦੀ ਪ੍ਰਕਿਰਿਆ ਨੂੰ ਦੇਖਣ ਜਾਣਣ ਲਈ ਸ੍ਰੀਵਾਸੂ ਪ੍ਰਧਾ ਪਲਾਂਟੇਸ਼ਨ ਐਂਡ ਪ੍ਰੋਸੈਸਿੰਗ ਟੀ ਪਲਾਂਟ ’ਚ ਗਏ।
ਇਸ ਖੇਤਰ ਵਿੱਚ ਕੇਰਲਾ ਸਰਕਾਰ ਨੇ ਚੀਨ ਦੀ ਤਰਜ਼ ’ਤੇ ਸ਼ੀਸ਼ੇ ਦਾ ਪੁਲ ਉਸਾਰਿਆ ਹੋਇਆ ਹੈ। ਸ਼ੀਸ਼ੇ ਦਾ ਇਹ ਪੁਲ 40 ਮੀਟਰ ਲੰਬਾ ਹੈ ਜੋ ਇੱਕ ਬਹੁਤ ਹੀ ਡੂੰਘੀ ਪਹਾੜੀ ਖੱਡ ਉੱਪਰ ਬਣਾਇਆ ਹੋਇਆ ਹੈ। ਇਸ ਪੁਲ ਨੂੰ ‘ਵੈਗਮੋਨ ਗਲਾਸ ਬ੍ਰਿਜ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸ਼ੀਸ਼ੇ ਉੱਪਰ ਚਲਦਿਆਂ ਸ਼ੀਸ਼ੇ ਦੇ ਥੱਲੇ ਬੇਹੱਦ ਖ਼ੂਬਸੂਰਤ ਹਰਿਆਲੀ ਨਜ਼ਰ ਪੈਂਦੀ ਹੈ। ਇਸ ਪੁਲ ’ਤੇ ਤੁਰਦਿਆਂ ਸੁਹਾਵਣੇ ਨਜ਼ਾਰਿਆਂ ਦੇ ਬਾਵਜੂਦ ਅਗਲਾ ਪੈਰ ਪੁੱਟਦਿਆਂ ਬਹੁਤ ਡਰ ਲੱਗਦਾ ਹੈ। ਇੱਥੇ ਸਾਨੂੰ ਤਾਮਿਲਨਾਡੂ ਤੋਂ ਟੂਰ ਤੇ ਆਏ ਹੋਏ ਕਾਲਜ ਵਿਦਿਆਰਥੀਆਂ ਦਾ ਇੱਕ ਵੱਡਾ ਗਰੁੱਪ ਮਿਲਿਆ।ਮੁੰਡੇ ਕੁੜੀਆਂ ਦਾ ਇਹ ਗਰੁੱਪ ਤਮਿਲ ਗਾਣਿਆਂ ’ਤੇ ਨੱਚ ਰਿਹਾ ਸੀ। ਉਹ ਆਪਣੇ ਲੋਕ ਨਾਚ ਵਿਲੂ ਪੱਟੂ ਦੀ ਮਸਤੀ ਵਿੱਚ ਸਨ। ਸਾਡੀ ਰਸਮੀ ਜਾਣ ਪਛਾਣ ਨੇ ਮੈਨੂੰ ਉਨ੍ਹਾਂ ਦੇ ਅਧਿਆਪਕਾਂ ਨਾਲ ਮਿਲਣ ਦਾ ਮੌਕਾ ਦਿੱਤਾ। ਮੇਰੇ ਅਧਿਆਪਕ ਹੋਣ ਦਾ ਪਤਾ ਲੱਗਣ ’ਤੇ ਵਿਦਿਆਰਥੀਆਂ ਨੇ ‘ਸਰ’ ‘ਸਰ’ ਕਹਿ ਸਾਨੂੰ ਵੀ ਆਪਣੇ ਨਾਲ ਨਾਚ ਵਿੱਚ ਸ਼ਾਮਿਲ ਕਰ ਲਿਆ। ਫਿਰ ਪੰਜਾਬੀ ਭੰਗੜਾ ਤੇ ਤਮਿਲ ਵਿਲੂ ਪੱਟੂ ਦੇ ਮਿਸ਼ਰਤ-ਨਾਚ ਨੇ ਖ਼ੂਬਸੂਰਤ ਸੱਭਿਆਚਾਰਕ ਰੰਗ ਬੰਨ੍ਹ ਦਿੱਤਾ। ਇਹ ਦ੍ਰਿਸ਼ ਮੇਰੇ ਮਨ ਵਿੱਚ ਇੱਕ ਅਭੁੱਲ ਯਾਦ ਬਣ ਵੱਸ ਗਿਆ।
ਵੈਗਮੋਨ ਦੀ ਖ਼ੂਬਸੂਰਤੀ ਨੇ ਸਾਨੂੰ ਮੁਨਾਰ ਜਾਣ ਤੋਂ ਰਾਹ ਵਿੱਚ ਹੀ ਰੋਕ ਲਿਆ ਅਤੇ ਸਾਨੂੰ ਇੱਕ ਦਿਨ ਇੱਥੇ ਹੀ ਬਤੀਤ ਕਰਨ ਦਾ ਫ਼ੈਸਲਾ ਲੈਣ ਲਈ ਮਜਬੂਰ ਕਰ ਦਿੱਤਾ। ਇੱਥੇ ਅਸੀਂ ਮਾਊਂਟ-ਟੇਲ ਨਾਂ ਦੇ ਰਿਜ਼ੋਰਟ ਵਿੱਚ ਰਹੇ। ਉੱਥੋਂ ਦੇ ਕੇਅਰਟੇਕਰ ਨੇ ਮੇਰੇ ਮਨ ਵਿੱਚ ਕੇਰਲਾ ਦੇ ਲੋਕਾਂ ਬਾਰੇ ਬਣੀ ਸਾਕਾਰਾਤਮਕ ਧਾਰਨਾ ਨੂੰ ਥੋੜ੍ਹਾ ਖੰਡਿਤ ਕੀਤਾ। ਉਸ ਦੀ ਦਿੱਖ ਅਤੇ ਸ਼ਖਸ਼ੀਅਤ ਉਸ ਦੇ ਕਿੱਤੇ ਨਾਲ ਬਿਲਕੁਲ ਵੀ ਨਹੀਂ ਮਿਲਦੀ ਸੀ। ਮਹਿਮਾਨਨਿਵਾਜ਼ੀ ਦੇ ਬੁਨਿਆਦੀ ਅਸੂਲਾਂ ਤੋਂ ਉਹ ਕੋਰਾ ਸੀ। ਖ਼ੈਰ, ਅਸੀਂ ਉਸ ਨੂੰ ਨਜ਼ਰਅੰਦਾਜ਼ ਕਰ ਰਿਜ਼ੋਰਟ ਦੇ ਹੋਰ ਕਰਮਚਾਰੀਆਂ ਨਾਲ ਰਾਬਤਾ ਬਣਾ ਆਪਣੀ ਠਹਿਰ ਨੂੰ ਸੁਹਾਵਣਾ ਬਣਾ ਹੀ ਲਿਆ। ਕੇਰਲਾ ਦਰਸ਼ਨ ਲਈ ਆਰੰਭੀ ਇਸ ਯਾਤਰਾ ਦੀ ਸਾਡੀ ਅਗਲੀ ਮੰਜ਼ਿਲ ਐਲਪੀ ਸੀ। ਇਸ ਸਫ਼ਰ ਲਈ ਨਿਕਲਣ ਤੋਂ ਪਹਿਲਾਂ ਅਸੀਂ ਵੇਗਮੋਨ ਦੇ ਸੁੰਦਰ ਪ੍ਰਾਕਿਰਤਕ ਨਜ਼ਾਰਿਆਂ ਨੂੰ ਮਾਨਣ ਲਈ ਚਾਹ ਦੇ ਖੇਤਾਂ ਵਿੱਚ ਲੰਮੀ ਸੈਰ ਕੀਤੀ। ਸ਼ੁੱਧ ਕੇਰਲਾਈ ਨਾਸ਼ਤਾ (ਆਪਮ, ਪੁੱਟੂ, ਇਡਲੀ, ਸਾਂਬਰ ਅਤੇ ਫਿਸ਼ ਕਰੀ) ਕਰ ਐਲਪੀ ਲਈ ਰਵਾਨਾ ਹੋਏ। ਕੇਰਲਾ ਦੀ ਅਸਲੀ ਖ਼ੂਬਸੂਰਤੀ ਅਸੀਂ ਰਾਹਾਂ ਵਿੱਚ ਮਾਣੀ। ਸਾਰੇ ਹੀ ਰਸਤੇ ਬਹੁਤ ਰਮਣੀਕ ਸਨ। ਸੜਕ ’ਤੇ ਸਫ਼ਰ ਦੀ ਰਵਾਨੀ ਅਤੇ ਸਹਿਜ ਦੇਖ ਮਨ ਵਾਰ ਵਾਰ ਅਚੰਭਿਤ ਹੋ ਰਿਹਾ ਸੀ। ਕਿਧਰੇ ਵੀ ਸੜਕ ਟੁੱਟੀ-ਵੱਢੀ ਨਹੀਂ ਸੀ। ਨਾ ਹੀ ਸੜਕਾਂ ਕਿਨਾਰੇ ਸ਼ਰਾਬ ਦੇ ਠੇਕਿਆਂ ਦੇ ਬੋਰਡ ਨਜ਼ਰ ਪਏ। ਅਜਿਹੀ ਗੱਲ ਨਹੀਂ ਕਿ ਇੱਥੇ ਲੋਕ ਸ਼ਰਾਬ ਪੀਂਦੇ ਨਹੀਂ ਹਨ। ਸਰਕਾਰ ਦਾ ਨਜ਼ਰੀਆ ਉੱਤਰੀ ਭਾਰਤ ਦੀਆਂ ਰਾਜ ਸਰਕਾਰਾਂ ਨਾਲੋਂ ਵੱਖਰਾ ਹੈ। ਉੱਥੇ ਸਰਕਾਰ ਸ਼ਰਾਬ ਨੂੰ ਆਪਣੀ ਆਮਦਨੀ ਦੇ ਮੁੱਖ ਸਰੋਤ ਵਜੋਂ ਨਹੀਂ ਉਭਾਰਦੀ। ਇਸ ਦਾ ਪ੍ਰਮਾਣ ਸਾਨੂੰ ਕਈ ਵੱਡੇ-ਵੱਡੇ ਪੰਜ-ਤਾਰਾ ਹੋਟਲਾਂ ਵਿੱਚ ਵੀ ਬਾਰ ਨਾ ਹੋਣ ਤੋਂ ਮਿਲਿਆ। ਸ਼ਰਾਬ ਦੀ ਵਿਕਰੀ ਸਰਕਾਰੀ ਦੁਕਾਨਾਂ ’ਤੇ ਹੁੰਦੀ ਹੈ ਅਤੇ ਇਹ ਦੁਕਾਨਾਂ/ ਠੇਕੇ ਮੁੱਖ ਸੜਕਾਂ ਅਤੇ ਰਿਹਾਇਸ਼ੀ ਖੇਤਰਾਂ ਤੋਂ ਦੂਰ ਅਜਿਹੇ ਸਥਾਨਾਂ ’ਤੇ ਹਨ ਜੋ ਆਪ ਤੁਹਾਡੀ ਨਜ਼ਰ ਵਿੱਚ ਨਹੀਂ ਆਉਂਦੇ, ਤੁਹਾਨੂੰ ਉੱਥੇ ਪਹੁੰਚਣ ਲਈ ਤਰੱਦਦ ਕਰਨਾ ਪੈਂਦਾ ਹੈ। ਕੇਰਲਾ ਦੇ ਰਸਤਿਆਂ ’ਤੇ ਵਿਚਰਦਿਆਂ ਕਿਧਰੇ ਵੀ ਡਿੱਗਦੇ ਢਹਿੰਦੇ ਨਸ਼ੇੜੀ ਨਜ਼ਰ ਨਹੀਂ ਆਏ, ਨਾ ਹੀ ਤੀਰਥਾਂ ਨੂੰ ਤੁਰੀਆਂ ਵਹੀਰਾਂ, ਕਾਫ਼ਲੇ ਸੜਕਾਂ ’ਤੇ ਹੁੜਦੰਗ ਮਚਾਉਂਦੇ ਨਜ਼ਰ ਆਏ। ਮੈਨੂੰ ਕੇਰਲਾ ਭਾਰਤ ਵਿੱਚ ਇੱਕ ਵਧੀਆ ਅਤੇ ਅਸਲੋਂ ਵੱਖਰਾ ਸੂਬਾ ਜਾਪਿਆ। ਐਲਪੀ ਪਹੁੰਚਣ ਲਈ ਅਸੀਂ ਕਿਡਨੂਰ, ਨੀਨਡੂਰ ਮੁਹਾਮਾ, ਅਲਾਪੁੜਾ, ਭਲਾਈ ਅਤੇ ਕੋਟਿਯਮ ਆਦਿ ਨਗਰਾਂ ਵਿਚਦੀ ਲੰਘੇ। ਇਸ ਰਸਤੇ ਦੌਰਾਨ ਸਾਨੂੰ ਕੇਰਲਾਈ ਸ਼ੈਲੀ ਦੇ ਫਰਨੀਚਰ ਦੀਆਂ ਬਹੁਤ ਖ਼ੂਬਸੂਰਤ ਵੰਨਗੀਆਂ ਦੇਖਣ ਨੂੰ ਮਿਲੀਆਂ।
ਐਲਪੀ ਕੇਰਲਾ ਦਾ ਪ੍ਰਮੁੱਖ ਸੈਲਾਨੀ ਕੇਂਦਰ ਹੈ ਜੋ ਬੈਕਵਾਟਰਜ਼ (ਖੜ੍ਹੇ ਪਾਣੀ ਦੀਆਂ ਸਾਫ਼ ਝੀਲਾਂ) ਕਰਕੇ ਪ੍ਰਸਿੱਧ ਹੈ। ਇਹ ਬੈਕਵਾਟਰਜ਼ ਬਹੁਤ ਵਿਸ਼ਾਲ ਖੇਤਰ ਵਿੱਚ ਫੈਲੇ ਹਨ। ਸਥਾਨਕ ਲੋਕਾਂ ਨੇ ਇਸ ਨੂੰ ‘ਵਾਡਨੈਡ ਝੀਲ’ ਦਾ ਨਾਮ ਦਿੱਤਾ ਹੋਇਆ ਹੈ। ਇਹ ਝੀਲ ਏਸ਼ੀਆ ਦੀ ਦੂਸਰੀ ਸਭ ਤੋਂ ਵਿਸ਼ਾਲ ਝੀਲ ਹੈ ਜੋ ਲਗਭਗ 192 ਕਿਲੋਮੀਟਰ ਤੱਕ ਦੇ ਖੇਤਰ ਵਿੱਚ ਫੈਲੀ ਹੋਈ ਹੈ। ਅਸੀਂ ਇਸ ਝੀਲ ਵਿੱਚ ਘੁੰਮਣ ਲਈ ਹਾਊਸਬੋਟ ਬੁੱਕ ਕੀਤੀ ਹੋਈ ਸੀ। ਇਸ ਹਾਊਸਬੋਟ ਵਿੱਚ ਬੈੱਡਰੂਮ, ਡਰਾਇੰਗ ਰੂਮ, ਡਾਇਨਿੰਗ ਰੂਮ ਅਤੇ ਬਾਥਰੂਮ ਆਦਿ ਸਭ ਸਹੂਲਤਾਂ ਮੌਜੂਦ ਸਨ। ਮਲਾਹ ਦੇ ਨਾਲ ਕੁੱਕ ਅਤੇ ਹੈਲਪਰ ਵੀ ਮੌਜੂਦ ਸਨ। ਇਸ ਹਾਊਸਬੋਟ ਦੇ ਮਲਾਹ ਦਾ ਨਾਮ ਪੀਟਰ ਡਿਸੂਜਾ ਸੀ। ਉਸ ਦੀ ਸੰਗਤ ਵਿੱਚ ਗੁਜ਼ਾਰੇ ਪੰਜ-ਛੇ ਘੰਟੇ ਸਾਡੇ ਲਈ ਯਾਦਗਾਰੀ ਬਣ ਗਏ। ਉਸ ਮਲਾਹ ਨਾਲ ਕੀਤੀ ਗੱਲਬਾਤ ਰਾਹੀਂ ਮੈਨੂੰ ਕੇਰਲਾ ਸਬੰਧੀ ਬਹੁਪੱਖੀ ਜਾਣਕਾਰੀ ਪ੍ਰਾਪਤ ਹੋਈ। ਸਾਧਾਰਨ ਜਿਹਾ ਲੱਗਦਾ ਇਹ ਇਨਸਾਨ ਕੇਰਲਾ ਦੇ ਕਿਸਾਨਾਂ, ਮੁਲਾਜ਼ਮਾਂ, ਵਿਦਿਆਰਥੀਆਂ, ਵਪਾਰੀਆਂ, ਰਾਜਨੇਤਾਵਾਂ ਅਤੇ ਧਰਮਾਂ ਬਾਰੇ ਜੋ ਜਾਣਕਾਰੀ ਦੇ ਰਿਹਾ ਸੀ ਉਹ ਬਹੁਤ ਹੀ ਪੁਖਤਾ, ਸੰਤੁਲਿਤ ਅਤੇ ਯਥਾਰਥਕ ਸੀ। ਉਸ ਅੰਦਰਲੇ ਚੇਤਨ ਮਨੁੱਖ ਨੇ ਮੇਰੇ ਮਨ ਵਿੱਚ ਕੇਰਲਾ ਦੇ ਭਾਰਤ ਵਿੱਚ ਸਭ ਤੋਂ ਜਾਗ੍ਰਿਤ, ਚੇਤਨ ਅਤੇ ਪੜ੍ਹੇ-ਲਿਖੇ ਲੋਕਾਂ ਦਾ ਸੂਬਾ ਹੋਣ ਸਬੰਧੀ ਬਣੀ ਧਾਰਨਾ ਨੂੰ ਹੋਰ ਪੱਕੀ ਕੀਤਾ। ਅਸੀਂ ਝੀਲ ਵਿੱਚ ਬਹੁਤ ਲੰਮੀ ਸੈਰ ਕੀਤੀ। ਵਿਸ਼ਾਲ ਝੀਲ ਅੰਦਰ ਵੱਸੇ ਹੋਏ ਅਨੇਕਾਂ ਟਾਪੂ ਅਤੇ ਇਨ੍ਹਾਂ ਟਾਪੂਆਂ ’ਤੇ ਵੱਸੇ ਪਿੰਡ ਦੇਖੇ। ਕਿਨਾਰਿਆਂ ’ਤੇ ਦੂਰ ਤੱਕ ਨਜ਼ਰ ਆਉਂਦੇ ਖੇਤਾਂ ਵਿੱਚ ਇਨ੍ਹੀਂ ਦਿਨੀਂ ਕੰਬਾਈਨਾਂ ਝੋਨਾ ਕੱਟਦੀਆਂ ਨਜ਼ਰ ਆ ਰਹੀਆਂ ਸਨ। ਕੇਰਲਾ ਦੇ ਇਸ ਖੇਤਰ ਵਿੱਚ ਝੋਨੇ ਦੀ ਫ਼ਸਲ ਸਾਲ ਵਿੱਚ ਤਿੰਨ ਵਾਰ ਹੁੰਦੀ ਹੈ। ਦੂਰ ਦੂਰ ਤੱਕ ਝੋਨੇ ਦੇ ਖੇਤ ਹੀ ਨਜ਼ਰ ਆ ਰਹੇ ਸਨ। ਪਾਣੀ ਦੀ ਬਹੁਤਾਤ ਕਾਰਨ ਇੱਥੋਂ ਦੀ ਪ੍ਰਮੁੱਖ ਫ਼ਸਲ ਝੋਨਾ ਹੀ ਹੈ। ਮਲਾਹ ਪੀਟਰ ਡਿਸੂਜਾ ਦੇ ਦੱਸਣ ਅਨੁਸਾਰ ਫ਼ਸਲਾਂ ਦਾ ਘੱਟੋਘੱਟ ਸਮਰਥਨ ਮੁੱਲ ਨਾ ਹੋਣ ਕਾਰਨ ਕਿਸਾਨਾਂ ਦਾ ਇੱਥੇ ਵੀ ਸ਼ੋਸ਼ਣ ਹੁੰਦਾ ਹੈ। ਵਪਾਰੀ ਘੱਟ ਰੇਟ ’ਤੇ ਫ਼ਸਲਾਂ ਲੈ ਕੇ ਮਹਿੰਗੇ ਰੇਟ ਚਾਵਲ ਵੇਚ ਮੋਟਾ ਮੁਨਾਫ਼ਾ ਕਮਾ ਰਹੇ ਹਨ। ਇਸ ਝੀਲ ਵਿੱਚ ਲਗਭਗ 2000 ਹਾਊਸਬੋਟਸ ਸੈਲਾਨੀਆਂ ਲਈ ਮੌਜੂਦ ਹਨ। ਹਾਊਸਬੋਟ ਅਤੇ ਮਛੇਰਿਆਂ ਦੀ ਰੋਜ਼ੀ-ਰੋਟੀ ਦਾ ਸਰੋਤ ਇਹ ਝੀਲ ਹੀ ਹੈ। ਦੋਹਾਂ ਧਿਰਾਂ ਨੇ ਇੱਕ ਬਹੁਤ ਖ਼ੂਬਸੂਰਤ ਆਪਸੀ ਸਮਝੌਤਾ ਕੀਤਾ ਹੋਇਆ ਹੈ ਕਿ ਸ਼ਾਮ ਦੇ 5 ਵਜੇ ਤੋਂ ਸਵੇਰ ਦੇ 8 ਵਜੇ ਤੱਕ ਹਾਊਸ ਬੋਟ ਕਿਨਾਰਿਆਂ ’ਤੇ ਆ ਜਾਣਗੀਆਂ ਤੇ ਮਛੇਰੇ ਆਪਣੀਆਂ ਬੇੜੀਆਂ, ਜਾਲ ਲੈ ਮੱਛੀਆਂ ਫੜਨ ਲਈ ਇਸ ਸਮੇਂ ਦੌਰਾਨ ਝੀਲ ’ਤੇ ਪੂਰਨ ਕਬਜ਼ਾ ਕਰ ਲੈਣਗੇ। ਦਿਨ ਸਮੇਂ ਕੋਈ ਮਛੇਰਾ ਝੀਲ ਵਿੱਚ ਦਾਖਲ ਨਹੀਂ ਹੋਵੇਗਾ। ਕਮਾਲ ਦੀ ਸੂਝ ਅਤੇ ਸਵੈ-ਅਨੁਸ਼ਾਸਨ ਦੇਖਣ ਨੂੰ ਮਿਲਿਆ ਇਨ੍ਹਾਂ ਦੋਹਾਂ ਧਿਰਾਂ ਦਰਮਿਆਨ।
ਸਾਡੀ ਕੇਰਲਾ ਯਾਤਰਾ ਦਾ ਅੰਤਿਮ ਪੜਾਅ ਕੇਰਲਾ ਦਾ ਮਹਾਂਨਗਰ ਕੋਚੀ ਸੀ, ਜਿੱਥੋਂ ਅਸੀਂ ਆਪਣੀ ਯਾਤਰਾ ਦਾ ਆਗਾਜ਼ ਕੀਤਾ ਸੀ। ਕੋਚੀ ਨੂੰ ਭਾਰਤ ਦੀ ਪ੍ਰਮੁੱਖ ਬੰਦਰਗਾਹ ਹੋਣ ਦਾ ਮਾਣ ਹਾਸਲ ਹੈ। ਐਲਪੀ ਤੋਂ ਕੋਚੀ ਤੱਕ ਦੇ ਸਫ਼ਰ ਦਾ ਆਪਣਾ ਵੱਖਰਾ ਹੀ ਰੰਗ ਹੈ। ਇਸ ਸਫ਼ਰ ਦੌਰਾਨ ਖੱਬੇ ਹੱਥ ਵਿਸ਼ਾਲ ਅਰਬ ਸਾਗਰ ਦੀਆਂ ਮਨ ਨੂੰ ਮੋਹ ਲੈਣ ਵਾਲੀਆਂ ਲਹਿਰਾਂ ਅਤੇ ਖ਼ੂਬਸੂਰਤ ਸਮੁੰਦਰੀ ਤੱਟ ਰਾਹਗੀਰਾਂ ਨੂੰ ਰੁਕਣ ਲਈ ਮਜਬੂਰ ਕਰ ਲੈਂਦੇ ਹਨ। ਸਮੁੰਦਰ ਦੀ ਖ਼ੂਬਸੂਰਤੀ ਸੈਨਤਾਂ ਮਾਰ ਤੁਹਾਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਅਸੀਂ ਵੀ ਨਾਰੀਅਲ ਪਾਣੀ ਪੀਣ ਬਹਾਨੇ ਰੁਕ ਕੇ ਅਰਬ ਸਾਗਰ ਦੀਆਂ ਲਹਿਰਾਂ ਦੀ ਮਸਤੀ ਨੂੰ ਮਾਣਿਆ। ਇਸ ਰਸਤੇ ਤੋਂ ਗੁਜ਼ਰਦਿਆਂ ਮੇਰੇ ਮਨ ਵਿੱਚ ਕਈ ਸਾਲ ਪਹਿਲਾਂ ਪੁਡੂਚੇਰੀ ਦੀ ਕੀਤੀ ਯਾਤਰਾ ਦਾ ਦ੍ਰਿਸ਼ ਤਾਜ਼ਾ ਹੋ ਗਿਆ। ਉਸ ਸਫ਼ਰ ’ਤੇ ਮਹਾਂਬਲੀਪੁਰਮ ਤੋਂ ਪੁਡੂਚੇਰੀ ਦੇ ਰਸਤੇ ਦਰਮਿਆਨ ਵੀ ਅਰਬ ਸਾਗਰ ਕਦੇ ਸੜਕ ਦੇ ਖੱਬੇ ਪਾਸੇ, ਕਦੇ ਸੱਜੇ ਪਾਸੇ ਤੇ ਕਦੇ ਦੋਵੇਂ ਪਾਸੇ ਨਜ਼ਰ ਆਉਂਦਾ ਹੈ। ਉਹ ਦ੍ਰਿਸ਼ ਵੀ ਯਾਤਰੀ ਨੂੰ ਰੁਕ ਕੇ ਸਮੁੰਦਰ ਦੀ ਖ਼ੂਬਸੂਰਤੀ ਮਾਨਣ ਲਈ ਮਜਬੂਰ ਕਰਦਾ ਹੈ। ਕੋਚੀ ਸ਼ਹਿਰ ਵਿੱਚ ਦਾਖਲ ਹੁੰਦਿਆਂ ਸਾਡੀ ਸਭ ਤੋਂ ਪਹਿਲਾਂ ਨਜ਼ਰ ਕੋਚੀ ਸ਼ਿਪਯਾਰਡ ’ਤੇ ਪਈ ਜਿਸ ਨੂੰ ਅਣਦੇਖਿਆ ਕਰ ਅੱਗੇ ਲੰਘਣਾ ਅਸੰਭਵ ਹੈ। ਇੱਥੇ ਵੱਡੀ ਗਿਣਤੀ ਵਿੱਚ ਵਿਸ਼ਾਲ ਸਮੁੰਦਰੀ ਜਹਾਜ਼ ਆਪਣਾ ਲੰਮਾ ਸਫ਼ਰ ਤੈਅ ਕਰ ਕਿਨਾਰੇ ਲੱਗ ਰਹੇ ਸਨ ਤੇ ਕਈ ਜਹਾਜ਼ ਆਪਣੀ ਮਹੀਨਿਆਂਬੱਧੀ ਲੰਮੀ ਸਮੁੰਦਰੀ ਯਾਤਰਾ ’ਤੇ ਨਿਕਲਣ ਦੀ ਤਿਆਰੀ ਕਰ ਰਹੇ ਸਨ। ਵਿਸ਼ਾਲਤਾ ਦਾ ਅਸਲ ਅਹਿਸਾਸ ਸਮੁੰਦਰ ਹੀ ਕਰਵਾਉਂਦਾ ਹੈ ਤੇ ਉਸ ਨੂੰ ਸਰ ਕਰਨ ਵਾਲੇ ਸਮੁੰਦਰੀ ਜਹਾਜ਼ ਵੀ ਵਿਸ਼ਾਲਤਾ ਦੀ ਝਲਕ ਹੀ ਹੁੰਦੇ ਹਨ। ਕੋਚੀ ਮਹਾਨਗਰ ਵਿੱਚ ਅਨੇਕਾਂ ਵੇਖਣ ਯੋਗ ਸਥਾਨ ਹਨ। ਕੋਚੀ ਫੋਰਟ ਇਸ ਸ਼ਹਿਰ ਦੇ ਦਿਲ ਵਜੋਂ ਜਾਣਿਆ ਜਾਂਦਾ ਹੈ। ਇਹ ਆਪਣੇ ਅੰਦਰ ਬਹੁਤ ਖ਼ੂਬਸੂਰਤ ਵਿਰਾਸਤ ਸਾਂਭੀ ਬੈਠਾ ਹੈ। ਇਹ ਕਿਲ੍ਹਾ ਇਸ ਸ਼ਹਿਰ ਦੀ ਇੱਕ ਨਿਵੇਕਲੀ ਪਛਾਣ ਬਣ ਚੁੱਕਿਆ ਹੈ। ਜੀਊ-ਟਾਉਨ ਵੀ ਵੇਖਣ ਯੋਗ ਸਥਾਨ ਹੈ। ਖ਼ੂਬਸੂਰਤ ਸਮੁੰਦਰੀ ਤੱਟ ਅਤੇ ਬੈਕਵਾਟਰਜ਼ ਇਸ ਸ਼ਹਿਰ ਦੀ ਦ ਵੇਖਣ ਯੋਗ ਸਥਾਨ ਹਨ। ਇਸ ਖ਼ੂਬਸੂਰਤੀ ਨੂੰ ਅਸੀਂ ਜੀਅ ਭਰ ਕੇ ਮਾਣਿਆ। ਦੱਖਣੀ ਸ਼ੈਲੀ ਦੀ ਭਵਨ ਕਲਾ ਦੇ ਖ਼ੂਬਸੂਰਤ ਨਮੂਨੇ ਤੁਸੀਂ ਇੱਥੋਂ ਦੇ ਪ੍ਰਸਿੱਧ ਮੰਦਰਾਂ ਦੇ ਦਰਸ਼ਨਾਂ ਰਾਹੀਂ ਦੇਖ ਸਕਦੇ ਹੋ। ਅਸੀਂ ਇੱਥੋਂ ਦਾ ਪ੍ਰਸਿੱਧ ਚੋਟੀਨੀਕਰਾ ਮੰਦਰ ਦੇਖਿਆ। ਕੇਰਲਾ ਫੋਕਲੋਰ ਮਿਊਜ਼ੀਅਮ ਦੇਖ ਕੇ ਅਸੀਂ ਕੇਰਲਾ ਦੀ ਸੰਸਕ੍ਰਿਤੀ, ਧਰਮ ਅਤੇ ਇਤਿਹਾਸ ਸਬੰਧੀ ਭਰਪੂਰ ਜਾਣਕਾਰੀ ਗ੍ਰਹਿਣ ਕੀਤੀ। ਕੋਚੀ ਨੂੰ ਨਿੱਠ ਕੇ ਦੇਖਣ ਅਤੇ ਮਾਨਣ ਲਈ ਘੱਟੋ ਘੱਟ ਇੱਕ ਹਫ਼ਤਾ ਚਾਹੀਦਾ ਹੈ ਪਰ ਸਾਡੇ ਕੋਲ ਸਮੇਂ ਦੀ ਘਾਟ ਹੋਣ ਕਾਰਨ ਅਸੀਂ ਇਸ ਸ਼ਹਿਰ ਨੂੰ ਸਮੁੱਚਤਾ ਵਿੱਚ ਨਹੀਂ ਦੇਖ ਸਕੇ। ਅਸੀਂ ਇਸ ਸ਼ਹਿਰ ਦੀਆਂ ਕੇਵਲ ਚੋਣਵੀਆਂ ਪ੍ਰਮੁੱਖ ਸੈਰਗਾਹਾਂ, ਸੱਭਿਆਚਾਰਕ ਵਿਰਾਸਤਾਂ, ਧਾਰਮਿਕ ਸਥਾਨਾਂ ਅਤੇ ਕੁਝ ਵਿਦਿਅਕ ਕੇਂਦਰਾਂ ਨੂੰ ਹੀ ਦੇਖਣ ਤੱਕ ਆਪਣੇ ਆਪ ਨੂੰ ਸੀਮਤ ਰੱਖਿਆ। ਕੋਚੀ ਯੂਨੀਵਰਸਿਟੀ, ਸੇਕਰਡ ਹਾਰਟ ਕਾਲਜ, ਭਾਰਤ ਮਾਤਾ ਕਾਲਜ, ਸਰਕਾਰੀ ਲਾਅ ਕਾਲਜ, ਇਰਨਾਕੁਲਮ ਗਵਰਨਮੈਂਟ ਸੰਸਕ੍ਰਿਤ ਕਾਲਜ ਆਦਿ ਇਸ ਸ਼ਹਿਰ ਦੀਆਂ ਪ੍ਰਮੁੱਖ ਵਿਦਿਅਕ ਸੰਸਥਾਵਾਂ ਹਨ। ਆਧੁਨਿਕ ਜੀਵਨ ਦੀ ਚਕਾਚੌਂਧ ਨੂੰ ਪੇਸ਼ ਕਰਦਾ ਵਿਸ਼ਾਲ ਲੁਲੂ ਮਾਲ ਵੀ ਇਸ ਸ਼ਹਿਰ ਦੀ ਵਿਸ਼ੇਸ਼ ਪਛਾਣ ਹੈ। ਇਹ ਮਾਲ ਮੇਰੇ ਦੁਆਰਾ ਹੁਣ ਤੱਕ ਦੇਖੇ ਮਾਲਜ਼ ਵਿੱਚੋਂ ਸਭ ਤੋਂ ਵੱਡਾ ਸੀ। ਕੋਚੀ ਏਅਰਪੋਰਟ ਵੀ ਇਸ ਸ਼ਹਿਰ ਦੀ ਦਿੱਖ ਨੂੰ ਸੰਵਾਰਨ ਅਤੇ ਉਭਾਰਨ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ। ਕੋਚੀ ਏਅਰਪੋਰਟ ਵਿਸ਼ਵ ਦਾ ਇਕਲੌਤਾ ਅਜਿਹਾ ਏਅਰਪੋਰਟ ਹੈ ਜੋ ਆਪਣੀਆਂ ਸਮੁੱਚੀਆਂ ਬਿਜਲਈ ਊਰਜਾ ਦੀਆਂ ਲੋੜਾਂ ਨੂੰ ਆਪਣੇ ਦੁਆਰਾ ਪੈਦਾ ਕੀਤੀ ਸੂਰਜੀ ਊਰਜਾ ਰਾਹੀਂ ਪੂਰਿਆਂ ਕਰਦਾ ਹੈ। ਏਅਰਪੋਰਟ ਲਈ ਬਾਹਰੋਂ ਬਿਜਲੀ ਨਹੀਂ ਲਈ ਜਾਂਦੀ। ਸਾਫ਼-ਸਫ਼ਾਈ ਅਤੇ ਖ਼ੂਬਸੂਰਤੀ ਪੱਖੋਂ ਵੀ ਇਹ ਏਅਰਪੋਰਟ ਬਹੁਤ ਪ੍ਰਭਾਵਸ਼ਾਲੀ ਕੇਂਦਰ ਹੈ। ਯਾਤਰੀਆਂ ਨੂੰ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਵੀ ਸਲਾਹੁਣਯੋਗ ਹਨ। ਇਸੇ ਏਅਰਪੋਰਟ ਤੋਂ ਜਹਾਜ਼ ਲੈ ਅਸੀਂ ਘਰ ਵਾਪਸੀ ਕੀਤੀ।
ਇਹ ਸਫ਼ਰ ਮੇਰੇ ਲਈ ਬਹੁਤ ਹੀ ਆਨੰਦਮਈ ਅਤੇ ਜਾਣਕਾਰੀ ਭਰਪੂਰ ਅਨੁਭਵ ਬਣਿਆ। ਇਸ ਯਾਤਰਾ ਨੇ ਮੇਰੇ ਮਨ ਵਿੱਚ ਅਨੇਕਾਂ ਨਵੇਂ ਵਿਚਾਰ, ਅਤੇ ਜੀਵਨ ਪ੍ਰਤੀ ਨਵੇਂ ਦ੍ਰਿਸ਼ਟੀਕੋਣ ਪੈਦਾ ਕੀਤੇ। ਭਾਰਤ ਦੇ ਇਸ ਖੇਤਰ ਵਿੱਚ ਘੁੰਮਦਿਆਂ ਇਸ ਸੋਹਣੀ ਧਰਤੀ ਅਤੇ ਸਿਆਣੇ ਭਾਰਤੀ ਲੋਕਾਂ ਨੂੰ ਦੇਖਦਿਆਂ ਮਿਲਦਿਆਂ ਮੇਰੇ ਮਨ ਵਿੱਚ ਇਹ ਧਾਰਨਾ ਹੋਰ ਵੀ ਸਪਸ਼ਟ ਰੂਪ ਵਿੱਚ ਦ੍ਰਿੜ੍ਹ ਹੋ ਗਈ ਕਿ ਸਿੱਖਿਆ ਹੀ ਜੀਵਨ ਦੀ ਕਾਇਆ ਕਲਪ ਕਰ ਸਕਦੀ ਹੈ। ਕੁਦਰਤ ਵੱਲੋਂ ਬਖ਼ਸ਼ੀਆਂ ਨਿਆਮਤਾਂ ਨੂੰ ਮਾਨਣ ਅਤੇ ਸੰਭਾਲਣ ਲਈ ਜਾਗ੍ਰਿਤ-ਚੇਤਨਾ ਅਤਿਅੰਤ ਜ਼ਰੂਰੀ ਹੈ।
* ਸਾਬਕਾ ਮੁਖੀ, ਪੰਜਾਬੀ ਵਿਭਾਗ, ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ।
ਸੰਪਰਕ: 94173-75266

Advertisement
Advertisement

Advertisement
Author Image

Ravneet Kaur

View all posts

Advertisement