ਕੇਜਰੀਵਾਲ ਸਰਕਾਰ ਵੇਲੇ ਬਣੇ ਤਿੰਨ ਸਕੂਲ ਸ਼ੁਰੂ ਕਰਨ ਦੀ ਮੰਗ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 7 ਜੂਨ
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਹੁਣ ਵਿਰੋਧੀ ਧਿਰ ਦੀ ਆਗ ਆਤਿਸ਼ੀ ਨੇ ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਵਾਲੀ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿ ਕੇਜਰੀਵਾਲ ਸਰਕਾਰ ਵੇਲੇ ਦਿੱਲੀ ਦੇ ਵੱਖ-ਵੱਖ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿੱਚ ਬਣਾਏ ਗਏ ਤਿੰਨ ਸਕੂਲਾਂ ਨੂੰ ਸ਼ੁਰੂ ਕੀਤਾ ਜਾਵੇ ਅਤੇ ਉੱਥੇ ਬੱਚਿਆਂ ਦੇ ਦਾਖ਼ਲੇ ਕਰਵਾਏ ਜਾਣ। ਆਤਿਸ਼ੀ ਨੇ ਦੋਸ਼ ਲਾਇਆ ਇਹ ਭਾਜਪਾ ਸਰਕਾਰ ਪ੍ਰਾਈਵੇਟ ਸਕੂਲਾਂ ਨੂੰ ਲਾਹਾ ਦੇਣ ਲਈ ਇਨ੍ਹਾਂ ਤਿੰਨਾਂ ਸਕੂਲਾਂ ਵਿੱਚ ਬੱਚਿਆਂ ਨੂੰ ਦਾਖ਼ਲਾ ਨਹੀਂ ਦੇ ਰਹੀ।
ਇਸ ਬਾਬਤ ਉਨ੍ਹਾਂ ਦਿੱਲੀ ਦੇ ਸਿੱਖਿਆ ਮੰਤਰੀ ਨੂੰ ਪੱਤਰ ਵੀ ਲਿਖਿਆ ਹੈ ਅਤੇ ਉਨਾਂ ਤਿੰਨਾਂ ਸਕੂਲਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਪੋਸਟ ਕੀਤੀਆਂ ਹਨ, ਨਾਲ ਹੀ ਪੱਤਰ ਵੀ ਨੱਥੀ ਕੀਤਾ ਹੈ। ਆਤਿਸ਼ੀ ਨੇ ਲਿਖਿਆ ਕਿ ਦਿੱਲੀ ਦੇ ਤਿੰਨ ਸੰਘਣੀ ਆਬਾਦੀ ਵਾਲੇ ਇਲਾਕਿਆਂ ਸੁੰਦਰ ਨਗਰੀ, ਕਿਰਾੜੀ ਅਤੇ ਰੋਹਿਣੀ ਸੈਕਟਰ 27 ਵਿੱਚ ਸ਼ਾਨਦਾਰ ਸਕੂਲ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਣਾਏ ਸਨ। ਤਿੰਨੋਂ ਸਕੂਲ ਨਵੰਬਰ 2024 ਅਤੇ ਜਨਵਰੀ 2025 ਦੇ ਵਿਚਕਾਰ ਪੂਰੇ ਹੋ ਗਏ ਸਨ ਪਰ ਸਿੱਖਿਆ ਵਿਰੋਧੀ ਭਾਜਪਾ ਸਰਕਾਰ ਨੇ ਇਨ੍ਹਾਂ ਸਕੂਲਾਂ ਵਿੱਚ ਦਾਖ਼ਲਾ ਸ਼ੁਰੂ ਨਹੀਂ ਕਰਵਾਇਆ। ਇਨ੍ਹਾਂ ਸਕੂਲਾਂ ਦੀਆਂ ਇਮਾਰਤਾਂ ਨੂੰ ਤਾਲਾ ਲੱਗਿਆ ਹੋਇਆ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਭਾਜਪਾ ਚਾਹੁੰਦੀ ਹੈ ਕਿ ਇਨ੍ਹਾਂ ਇਲਾਕਿਆਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਨ।
ਉਨ੍ਹਾਂ ਦਿੱਲੀ ਦੇ ਸਿੱਖਿਆ ਮੰਤਰੀ ਆਸ਼ੀਸ਼ ਸੂਦ ਨੂੰ ਪੱਤਰ ਲਿਖ ਕੇ ਤਿੰਨਾਂ ਸਕੂਲਾਂ ਨੂੰ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਦੇ ਸ਼ੁਰੂ ਕਰਨ ਵਿੱਚ ਬਿਜਲੀ ਅਤੇ ਪਾਣੀ ਦੇ ਬਹੁਤ ਮਾਮੂਲੀ ਜਿਹੇ ਮੁੱਦੇ ਰੁਕਾਵਟ ਬਣੇ ਹੋਏ ਹਨ ਜੋ ਸਰਕਾਰ ਹੱਲ ਕਰਵਾ ਕੇ ਇਨ੍ਹਾਂ ਨੂੰ ਸ਼ੁਰੂ ਕਰਵਾ ਸਕਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਾਪਦਾ ਹੈ ਦਿੱਲੀ ਸਰਕਾਰ ਜਿਵੇਂ ਪ੍ਰਾਈਵੇਟ ਸਕੂਲਾਂ ਨੂੰ ਲਾਹਾ ਦੇਣਾ ਚਾਹੁੰਦੀ ਹੈ।