ਕੇਕੇ ਅਗਰਵਾਲ ਹਲਕਾ ਕੋਆਰਡੀਨੇਟਰ ਨਿਯੁਕਤ
ਪੱਤਰ ਪ੍ਰੇਰਕ
ਜੈਤੋ, 10 ਜੂਨ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਡੈਲੀਗੇਟ ਅਤੇ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਸਾਬਕਾ ਚੇਅਰਮੈਨ ਕੇਕੇ ਅਗਰਵਾਲ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ। ਹੁਣ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਜੈਤੋ ਦੇ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਸ੍ਰੀ ਅਗਰਵਾਲ ਟਕਸਾਲੀ ਕਾਂਗਰਸੀ ਆਗੂ ਹਨ ਅਤੇ ਉਹ ਕਈ ਦਹਾਕਿਆਂ ਤੋਂ ਪਾਰਟੀ ਦੀ ਮਜ਼ਬੂਤੀ ਲਈ ਸੇਵਾ ਕਰਦੇ ਆ ਰਹੇ ਹਨ। ਉਨ੍ਹਾਂ ਦੀ ਤਾਜ਼ਾ ਨਿਯੁਕਤੀ ਨੂੰ ਲੈ ਕੇ ਕਾਂਗਰਸੀ ਸਫ਼ਾਂ ਵਿੱਚ ਖ਼ੁਸ਼ੀ ਦਾ ਆਲਮ ਹੈ ਅਤੇ ਸ਼ੁਭਚਿੰਤਕਾਂ ਵੱਲੋਂ ਉਨ੍ਹਾਂ ਨੂੰ ਮੁਬਾਰਕਬਾਦ ਪੇਸ਼ ਕੀਤੀ ਜਾ ਰਹੀ ਹੈ। ਸ੍ਰੀ ਅਗਰਵਾਲ ਨੇ ਕਿਹਾ ਕਿ ਕਾਂਗਰਸ ਦੀ ਆਹਲਾ ਲੀਡਰਸ਼ਿਪ ਵੱਲੋਂ ਉਨ੍ਹਾਂ ’ਤੇ ਪ੍ਰਗਟਾਏ ਗਏ ਭਰੋਸੇ ਨੂੰ ਸਵਾਇਆ ਕਰ ਕੇ ਪਾਰਟੀ ਦੀ ਝੋਲੀ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਗੌਰਤਲਬ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਰਾਜ ਦੇ ਸਮੁੱਚੇ 117 ਵਿਧਾਨ ਸਭਾ ਹਲਕਿਆਂ ਵਿੱਚ ਪਾਰਟੀ ਨੂੰ ਬਲਾਕ ਤੋਂ ਲੈ ਕੇ ਬੂਥ ਪੱਧਰ ਤੱਕ ਮਜ਼ਬੂਤ ਕਰਨ ਲਈ ਹਲਕਾ ਕੋਆਰਡੀਨੇਟਰਾਂ ਦੀ ਨਿਯੁਕਤੀ ਕੀਤੀ ਗਈ ਹੈ। ਕੋਆਰਡੀਨੇਟਰਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਉਹ ਪਾਰਟੀ ਦੇ ਹਰ ਇੱਕ ਵਰਕਰ ਨਾਲ ਤਾਲਮੇਲ ਕਰਕੇ ਪਾਰਟੀ ਦੇ ਜਨਤਕ ਆਧਾਰ ਨੂੰ ਮਜ਼ਬੂਤ ਬਣਾਉਣ ਲਈ ਕੰਮ ਕਰਨਗੇ।