ਕੇਆਈਐੱਮਟੀ ਦੀਆਂ ਸਲਾਨਾ ਖੇਡਾਂ: ਹੇਫਜ਼ੀ ਜਸਟਿਨ ਬਣੀ ਸਰਵੋਤਮ ਐਥਲੀਟ
ਸਤਵਿੰਦਰ ਬਸਰਾ
ਲੁਧਿਆਣਾ, 12 ਮਾਰਚ
ਖਾਲਸਾ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਤਕਨਾਲੋਜੀ ਫਾਰ ਵਿਮੈਨ, ਸਿਵਲ ਲਾਈਨਜ਼ ਦੀ ਤੀਜੀ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ। ਇਸ ਸਮਾਗਮ ਵਿੱਚ ਦ੍ਰੋਣਾਚਾਰੀਆ ਐਵਾਰਡੀ ਸੁਖਦੇਵ ਸਿੰਘ ਪੰਨੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਖੇਡਾਂ ਦਾ ਉਦਘਾਟਨ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਮਾਰਚ ਪਾਸਟ ਨਾਲ ਹੋਈ। ਇਨ੍ਹਾਂ ਖੇਡਾਂ ਦੌਰਾਨ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚੋਂ 50 ਮੀਟਰ ਦੌੜ ਵਿੱਚ ਸਮਦੀਸ਼ਾ, ਰਿਧੀਮਾ ਅਤੇ ਮਹਿਕ, 100 ਮੀਟਰ ਵਿੱਚੋਂ ਹੇਫਜ਼ੀ, ਮੁਸਕਾਨ ਅਤੇ ਰਿਧੀਮਾ, ਨਿੰਬੂ ਚਮਚਾ ਦੌੜ ਵਿੱਚ ਹੇਫਜ਼ੀ, ਗਗਨਦੀਪ ਕੌਰ ਅਤੇ ਅੰਜਲੀ, ਬੋਰੀ ਦੌੜ ਵਿੱਚ ਹੇਫਜ਼ੀ, ਰੇਖਾ ਅਤੇ ਤਵਲੀਨ, ਟਗ ਆਫ ਵਾਰ ਵਿੱਚ ਬੀਬੀਏ ਦੂਜਾ ਸਮੈਸਟਰ, ਬੀਬੀਏ ਚੌਥਾ ਸਮੈਸਟਰ ਅਤੇ ਬੀਬੀਏ ਛੇਵਾਂ ਸਮੈਸਟਰ, ਚਾਟੀ ਦੌੜ ਵਿੱਚ ਸਰਿਤਾ, ਅੰਜਲੀ ਅਤੇ ਸੁਹਾਨੀ, ਲੰਬੀ ਛਾਲ ਵਿੱਚ ਹੇਫਜ਼ੀ, ਅੰਜਲੀ ਅਤੇ ਆਂਚਲ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਤਿੰਨ ਟੰਗੀ ਦੌੜ ਵਿੱਚ ਬੀਬੀਏ ਦੂਜਾ ਸਮੈਸਟਰ ਨੇ ਪਹਿਲਾ, ਬੀਬੀਏ ਚੌਥਾ ਸਮੈਸਟਰ ਦੀ ਟੀਮ ਨੇ ਦੂਜਾ ਜਦਕਿ ਬੀਬੀਏ ਛੇਵਾਂ ਸਮੈਸਟਰ ਦੀ ਟੀਮ ਨੂੰ ਤੀਜਾ ਸਥਾਨ ਮਿਲਿਆ। ਇਨ੍ਹਾਂ ਖੇਡਾਂ ਵਿੱਚ ਵਧੀਆ ਐਥਲੀਟ ਦਾ ਇਨਾਮ ਹੇਫਜ਼ੀ ਜਸਟਿਨ ਨੂੰ ਦਿੱਤਾ ਗਿਆ। ਕਾਲਜ ਦੀ ਡਾਇਰੈਕਟਰ ਡਾ. ਹਰਪ੍ਰੀਤ ਕੌਰ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਸਾਰਿਆਂ ਦੇ ਜੀਵਨ ਵਿੱਚ ਖੇਡਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਸਮਾਗਮ ਵਿੱਚ ਬੀ ਕਾਮ ਤੀਜੇ ਸਾਲ ਦੀ ਆਂਚਲ ਨੂੰ ਜ਼ਿਲ੍ਹਾ ’ਤੇ ਤਾਈਕਵਾਂਡੋ, ਕਿੱਕ ਬਾਕਸਿੰਗ ਅਤੇ ਲੰਬੀ ਛਾਲ ਵਿੱਚ ਵਧੀਆ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਬੀਕਾਮ ਪਹਿਲੇ ਸਾਲ ਦੀ ਕ੍ਰਿਤਿਕਾ ਨੂੰ ਵੀ ਤਾਈਕਵਾਂਡੋ ਵਿੱਚ ਉਸਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ।