ਕੇਂਦਰ ਤੋਂ ਕਿਸਾਨਾਂ ਦੀ ਆਬਾਦੀ ਮੁਤਾਬਕ ਬਜਟ ਅਲਾਟ ਕਰਨ ਦੀ ਮੰਗ
ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਚੌਹਾਨ
ਪਟਿਆਲਾ/ਪਾਤੜਾਂ, 31 ਜਨਵਰੀ
ਕਿਸਾਨੀ ਮੰਗਾਂ ਦੀ ਪੂਰਤੀ ਲਈ ਕਿਸਾਨ ਅੰਦੋਲਨ- 2 ਦੇ ਬੈਨਰ ਹੇਠਾਂ ਸ਼ੰਭੂ ਅਤੇ ਢਾਬੀਗੁੱਜਰਾਂ ਬਾਰਡਰਾਂ ’ਤੇ ਸਾਲ ਭਰ ਤੋਂ ਜਾਰੀ ਕਿਸਾਨ ਮੋਰਚਿਆਂ ਦੀ ਅਗਵਾਈ ਕਰ ਰਹੀਆਂ ਕਿਸਾਨ ਫੋਰਮ- ‘ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਪੇਸ਼ ਹੋਣ ਵਾਲੇ ਕੇਂਦਰੀ ਬਜਟ ਦੇ ਹਵਾਲੇ ਨਾਲ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਬਜਟ ’ਚ ਖੇਤੀਬਾੜੀ ਸਬੰਧੀ ਫੰਡ ਰਾਖਵੇਂ ਰੱਖੇ ਤੇ ਕਿਸਾਨਾਂ ਦੀ ਆਬਾਦੀ ਦੇ ਹਿਸਾਬ ਨਾਲ ਬਜਟ ਅਲਾਟ ਕੀਤਾ ਜਾਵੇ। ਉਧਰ, 26 ਨਵੰਬਰ ਤੋਂ ਸ਼ੁਰੂ ਹੋਇਆ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਅੱਜ ਵੀ ਜਾਰੀ ਰਿਹਾ। ਦੂਜੇ ਬੰਨ੍ਹੇ ਇਸ ਅੰਦੋਲਨ ਨੂੰ ਸਾਲ ਪੂਰਾ ਹੋਣ ’ਤੇ 12 ਫਰਵਰੀ ਨੂੰ ਢਾਬੀਗੁੱਜਰਾਂ ਅਤੇ 13 ਫਰਵਰੀ ਨੂੰ ਸ਼ੰਭੂ ਵਿੱਚ ਕੀਤੀਆਂ ਜਾਣ ਵਾਲੀਆਂ ਮਹਾਪੰਚਾਇਤਾਂ ਦੀਆਂ ਤਿਆਰੀਆਂ ਜਾਰੀ ਹਨ। ਦੋਵਾਂ ਮੋਰਚਿਆਂ ਤੋਂ ਕਿਸਾਨ ਆਗੂਆਂ ਸਰਵਣ ਪੰਧੇਰ, ਜਗਜੀਤ ਡੱਲੇਵਾਲ, ਸੁਖਜੀਤ ਹਰਦੋਝੰਡੇ, ਲਖਵਿੰਦਰ ਔਲਖ, ਅਭਿਮੰਨਿਊ ਕੋਹਾੜ, ਇੰਦਰਜੀਤ ਕੋਟਬੁੱਢਾ, ਦਿਲਬਾਗ ਹਰੀਗੜ੍ਹ, ਗੁਰਮਨਮੀਤ ਮਾਂਗਟ, ਮਨਜੀਤ ਰਾਏ, ਜਸਵਿੰਦਰ ਲੌਂਗੋਵਾਲ, ਮਨਜੀਤ ਨਿਆਲ, ਗੁਰਧਿਆਨ ਸਿਓਣਾ ਤੇ ਹੋਰਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨ ਕਰਕੇ ਕੇਂਦਰੀ ਬਜਟਾਂ ’ਚ ਹੁਣ ਤੱਕ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਮੁਆਫ਼ ਹੁੰਦੇ ਹੀ ਨਜ਼ਰ ਆਏ ਹਨ ਪਰ ਕਿਸਾਨਾਂ ਬਾਰੇ ਕਦੇ ਵੀ ਸੰਜੀਦਗੀ ਨਾਲ ਨਹੀਂ ਸੋਚਿਆ ਗਿਆ। ਇਸ ਮੌਕੇ ਤਰਕ ਦਿੱਤਾ ਗਿਆ ਕਿ 14 ਫਰਵਰੀ ਨੂੰ ਗੱਲਬਾਤ ਲਈ ਮੀਟਿੰਗ ਸੱਦ ਕੇ ਸਰਕਾਰ ਕਿਸਾਨ ਮਸਲਿਆਂ ਦੇ ਹੱਲ ਲਈ ਗੰਭੀਰ ਹੋਣ ਦਾ ਰਾਗ ਅਲਾਪ ਰਹੀ ਹੈ, ਪਰ ਜੇਕਰ ਕੇਂਦਰ ਸਰਕਾਰ ਸੱਚਮੁੱਚ ਹੀ ਕਿਸਾਨਾਂ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਹੱਲ ਕਰਨਾ ਚਾਹੁੰਦੀ ਹੈ ਤਾਂ ਅਜਿਹੀ ਸੰਜੀਦਗੀ ਇਸ ਬਜਟ ’ਚ ਵੀ ਝਲਕਣੀ ਚਾਹੀਦੀ ਹੈ। ਕਿਸਾਨ ਆਗੂਆਂ ਨੇ ਅਮਰੀਕਨ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ ਦੇ ਲਗਾਤਾਰ ਡਿੱਗਣ ਬਾਰੇ ਵਿੱਤ ਮੰਤਰੀ ਨੂੰ ਸਵਾਲ ਵੀ ਕੀਤਾ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਹੱਕ ਵਿੱਚ ਕੁਝ ਸਕਾਰਾਤਮਕ ਬਦਲਾਅ ਲਿਆਵੇ ਤਾਂ ਹੀ ਕਿਸਾਨਾਂ ਨੂੰ ਫਾਇਦਾ ਹੋਵੇਗਾ। ਸਰਕਾਰ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ, ਕਰਜ਼ਾ ਮੁਆਫ਼ੀ, ਮਜ਼ਦੂਰਾਂ ਲਈ ਰੁਜ਼ਗਾਰ ਤੇ ਬਜ਼ੁਰਗ ਕਿਸਾਨਾਂ ਨੂੰ ਪੈਨਸ਼ਨ ਆਦਿ ਮੰਗਾਂ ਦੀ ਪੂਰਤੀ ਕਰੇ।
ਸਰਵਣ ਪੰਧੇਰ ਨੇ ਕਿਹਾ ਕਿ ਫੌਜੀਆਂ ਦੀ ਜਿੱਤ ਦੀ ਤਰ੍ਹਾਂ ਮੰਗਾਂ ਦੀ ਪੂਰਤੀ ’ਤੇ ਹੀ ਕਿਸਾਨ ਬਾਰਡਰਾਂ ਤੋਂ ਘਰਾਂ ਨੂੰ ਪਰਤਣਗੇ। ਪੰਜਾਬ ਸਰਕਾਰ ਦੀ ਦਿੱਲੀ ਚੋਣਾਂ ਦੀ ਚਿੰਤਾ ਨੇ ਸੂਬਾ ਅਣਗੌਲਿਆ ਕੀਤਾ ਹੋਇਆ ਹੈ। ਉਨ੍ਹਾਂ ਮਹਾਕੁੰਭ ਦੌਰਾਨ ਪ੍ਰਯਾਗਰਾਜ ਵਿੱਚ ਭਗਦੜ ਦੌਰਾਨ ਮਰਨ ਵਾਲੇ ਲੋਕਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਿਆਂ ਜਿੱਥੇ ਜਾਂਚ ਦੀ ਮੰਗ ਕੀਤੀ, ਉੱਥੇ ਹੀ ਮ੍ਰਿਤਕਾਂ ਦੀ ਸਹੀ ਗਿਣਤੀ ਦੱਸਣ ’ਤੇ ਵੀ ਜ਼ੋਰ ਦਿੱਤਾ।
ਅਸੀਂ ਏਕਤਾ ਤੋਂ ਕਦੇ ਨਹੀਂ ਭੱਜੇ: ਕਿਸਾਨ ਆਗੂ
ਐੱਸਕੇਐੱਮ ਵੱਲੋਂ ਏਕਤਾ ਦੇ ਮੁੱਦੇ ’ਤੇ ਤੀਜੇ ਗੇੜ ਵਜੋਂ ਰੱਖੀ 12 ਫਰਵਰੀ ਦੀ ਮੀਟਿੰਗ ਸਬੰਧੀ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ 12 ਨੂੰ ਢਾਬੀਗੁੱਜਰਾਂ ਬਾਰਡਰ ’ਤੇ ਮਹਾਪੰਚਾਇਤ ਹੈ ਪਰ ਫੇਰ ਵੀ ਦੋਵਾਂ ਫੋਰਮਾਂ ਵੱਲੋਂ ਆਪਸੀ ਮੀਟਿੰਗ ਕਰ ਕੇ ਰਣਨੀਤੀ ਘੜੀ ਜਾਣੀ ਹੈ। ਆਗੂਆਂ ਦਾ ਇਹ ਵੀ ਕਹਿਣਾ ਸੀ ਕਿ ਉਹ ਏਕਤਾ ਤੋਂ ਕਦੇ ਵੀ ਨਹੀਂ ਭੁੱਜੇ। ਕਿਉਂਕਿ ਉਨ੍ਹਾਂ ਸਾਰਿਆਂ ਦੀਆਂ ਮੰਗਾਂ, ਟੀਚੇ ਅਤੇ ਨਿਸ਼ਾਨੇ ਇੱਕ ਹਨ, ਜਿਸ ਕਰਕੇ ਇਹ ਲੜਾਈ ਰਲ ਕੇ ਸੌਖਿਆਂ ਜਿੱਤੀ ਜਾ ਸਕਦੀ ਹੈ ਪਰ ਇਹ ਸਮਾਂ ਸ਼ਰਤਾਂ ਨਾਲ ਏਕਤਾ ਕਰਨ ਦਾ ਨਹੀਂ ਬਲਕਿ ਰਲ-ਮਿਲ ਕੇ ਲੜਾਈ ਜਿੱਤਣ ਦਾ ਹੈ।