For the best experience, open
https://m.punjabitribuneonline.com
on your mobile browser.
Advertisement

ਕੇਂਦਰੀ ਬਜਟ ਨੂੰ ਲੋਕਾਂ ਦਾ ਰਲਵਾਂ-ਮਿਲਵਾਂ ਹੁੰਗਾਰਾ

05:51 AM Feb 02, 2025 IST
ਕੇਂਦਰੀ ਬਜਟ ਨੂੰ ਲੋਕਾਂ ਦਾ ਰਲਵਾਂ ਮਿਲਵਾਂ ਹੁੰਗਾਰਾ
Advertisement

ਸ਼ਗਨ ਕਟਾਰੀਆ
ਬਠਿੰਡਾ, 1 ਫਰਵਰੀ
ਸੰਸਦ ’ਚ ਅੱਜ ਪੇਸ਼ ਹੋਏ ਕੇਂਦਰੀ ਬਜਟ ਸਬੰਧੀ ਰਲਵੇਂ-ਮਿਲਵੇਂ ਪ੍ਰਤੀਕਰਮ ਸਾਹਮਣੇ ਆਏ ਹਨ। ਭਾਜਪਾ ਆਗੂ ਸੰਦੀਪ ਅਗਰਵਾਲ ਨੇ ਬਜਟ ਨੂੰ ‘ਵਿਕਾਸ ’ਤੇ ਫੋੋਕਸ’ ਕਹਿ ਕੇ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਮਿਡਲ ਕਲਾਸ ਲਈ 12 ਲੱਖ ਤੱਕ ਦੀ ਕਰ ਵਿਵਸਥਾ ਵਿੱਚ ਛੋਟ ਦੇਣਾ ਅਤੇ 4 ਸਾਲ ਦਾ ਰਿਟਰਨ ਇੱਕੋ ਵਾਰ ਭਰਨਾ, ਇੱਕ ਵੱਡਾ ਕਦਮ ਹੈ। ਇਸ ਨਾਲ ਵਪਾਰ ’ਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਕਰੈਡਿਟ ਕਾਰਡ ਦੀ ਸੀਮਾ 3 ਤੋਂ 5 ਲੱਖ ਕਰਨਾ ਕਿਸਾਨਾਂ ਦੇ ਵਿਕਾਸ ਵਿੱਚ ਸਹਾਈ ਹੋਵੇਗੀ। ਉਨ੍ਹਾਂ ਕਿਹਾ ਕਿ ਕਪਾਹ ਦੀ ਖੇਤੀ ਦੇ ਉਤਪਾਦਨ ਨੂੰ ਵਧਾਉਣ ਲਈ 5 ਲੱਖ ਤੱਕ ਦਾ ਪੈਕੇਜ ਅਤੇ ਖੇਤੀ ਲਈ ਉਚਿਤ ਮੁਆਵਜ਼ਾ, ਕਿਸਾਨਾਂ ਦੇ ਉਤਸ਼ਾਹ ਅਤੇ ਆਮਦਨ ਨੂੰ ਵਧਾਉਣ ਵਿੱਚ ਮੱਦਦਗਾਰ ਹੋਣਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਦਵਾਈਆਂ ਤੇ ਟੈਕਸ ਘਟਾਉਣਾ ਅਤੇ ਕੈਂਸਰ ਦੀਆਂ ਦਵਾਈਆਂ ਸਸਤੀਆਂ ਕਰਨਾ, ਇਕ ਵੱਡੀ ਰਾਹਤ ਹੋਵੇਗੀ। ਇਸੇ ਤਰ੍ਹਾਂ ਮੈਡੀਕਲ ਵਿੱਚ ਸੀਟਾਂ ਵਧਾਉਣ ਨਾਲ ਦੇਸ਼ ਦੇ ਨੌਜਵਾਨ ਡਾਕਟਰ ਬਣ ਕੇ ਦੇਸ਼ ਦੀ ਸੇਵਾ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸਵਨਿਧਿ ਯੋਜਨਾ ਤਹਿਤ 68 ਲੱਖ ਲੋਕਾਂ ਨੂੰ ਲਾਭ ਮਿਲਿਆ ਹੈ। ਹੁਣ ਪੀਐਮ ਸਵਨਿਧਿ ਯੋਜਨਾ ਤਹਿਤ ਸਟਰੀਟ ਵੈਂਡਰਜ਼ ਲਈ ਕਰਜ਼ੇ ਦੀ ਰਕਮ 30 ਹਜ਼ਾਰ ਰੁਪਏ ਹੋਵੇਗੀ, ਜਿਸ ਨਾਲ ਸ਼ਹਿਰੀ ਗਰੀਬਾਂ ਦੀ ਹਾਲਤ ਵਿੱਚ ਸੁਧਾਰ ਆਵੇਗਾ ਅਤੇ ਲੋਕਾਂ ਦੀ ਤਰੱਕੀ ਹੋਵੇਗੀ। ਉਨ੍ਹਾਂ ਕਿਹਾ ਕਿ ਵਿਰੋਧੀਆਂ ਨੂੰ ਨਾਕਾਰਾਤਮਕਤਾ ਛੱਡ ਕੇ ਦੇਸ਼ ਦੇ ਵਿਕਾਸ ਲਈ ਭਾਜਪਾ ਦਾ ਸਾਥ ਦੇਣਾ ਚਾਹੀਦਾ ਹੈ। ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾ. ਅਜੀਤਪਾਲ ਸਿੰਘ ਨੇ ਕੇਂਦਰੀ ਬਜਟ ਨੂੰ ਨਿਰਾਸ਼ਾਜਨਕ ਤੇ ਬਾਜ਼ਾਰ ਮੁਖੀ ਕਰਾਰ ਦਿੰਦਿਆਂ ਵਿਰੋਧ ਦਰਜ ਕਰਵਾਇਆ। ਉਨ੍ਹਾਂ ਕਰਮਚਾਰੀ ਵਰਗ ਨੂੰ ਆਮਦਨ ਕਰ ਵਿੱਚ ਮਾਮੂਲੀ ਛੋਟ ਦੇਣ ਤੋਂ ਬਗ਼ੈਰ ਬਾਕੀ ਬਜਟ ਨੂੰ ਨਿਰਾਸ਼ਾਜਨਕ ਦੱਸਿਆ। ਉਨ੍ਹਾਂ ਛੋਟੇ ਵਪਾਰੀਆਂ ਨੂੰ ਟੈਕਸ ’ਚ ਕੋਈ ਰਾਹਤ ਨਾ ਦੇਣ ’ਤੇ ਵੀ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਸੀ ਕਿ ਬਜਟ ’ਚ ਹੀ ਫ਼ਸਲਾਂ ’ਤੇ ਐੱਮਐੱਸਪੀ ਦੇਣ ਅਤੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦਾ ਜ਼ਿਕਰ ਹੁੰਦਾ। ਉਨ੍ਹਾਂ ਕਿਹਾ ਕਿ ਬਜਟ ’ਚ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਸਰਕਾਰੀ ਅਦਾਰਿਆਂ ’ਚ ਠੇਕੇਦਾਰੀ ਸਿਸਟਮ ਦੀ ਥਾਂ ਰੈਗੂਲਰ ਭਰਤੀ ਸ਼ੁਰੂ ਕਰਨ ਦੀ ਉਮੀਦ ਨੂੰ ਵੀ ਬੂਰ ਨਹੀਂ ਪਿਆ।
ਉਨ੍ਹਾਂ ਕਿਹਾ ਕਿ ਬਜਟ ਪਬਲਿਕ ਸੈਕਟਰ ਅਧਾਰਿਤ ਰੁਜ਼ਗਾਰ-ਮੁਖੀ ਨਹੀਂ ਹੈ ਅਤੇ ਨਾ ਹੀ ਇਸ ਵਿੱਚ ਮਹਿੰਗਾਈ, ਭੁੱਖਮਰੀ ਤੇ ਗਰੀਬੀ ਘਟਾਉਣ ਦਾ ਕੋਈ ਠੋਸ ਨਕਸ਼ਾ ਹੈ। ਉਨ੍ਹਾਂ ਕਿਹਾ ਕਿ ਬਜਟ ’ਚ ਕੋਈ ਲੋਕ ਪੱਖੀ ਸਿੱਖਿਆ ਤੇ ਸਿਹਤ ਨੀਤੀ ਦਾ ਮਾਡਲ ਨਹੀਂ। ਵੱਡੇ ਘਰਾਣਿਆਂ ਤੋਂ ਕਈ ਲੱਖ ਕਰੋੜ ਦੇ ਕਰਜ਼ਿਆਂ ਦੀ ਵਸੂਲੀ ਕਰਨ ਦੀ ਕੋਈ ਯੋਜਨਾਬੰਦੀ ਨਹੀਂ। ਉਨ੍ਹਾਂ ਕਿਹਾ ਕਿ ਹੁਣ ਜ਼ਰਈ ਸੰਕਟ ਹੋਰ ਵਧੇਗਾ, ਕਿਉਂਕਿ ਬਜਟ ਬਾਜ਼ਾਰ ਮੁਖੀ ਹੈ ਅਤੇ ਖਪਤਵਾਦ ਨੂੰ ਵਧਾਉਣ ਵਾਲਾ ਹੈ।

Advertisement

ਫਤਹਿ ਸਿੰਘ ਬਾਦਲ

ਬਜਟ ’ਚ ਪੰਜਾਬ ਨੂੰ ਅਣਗੌਲਿਆ ਕੀਤਾ: ਫਤਹਿ ਬਾਦਲ

ਲੰਬੀ (ਪੱਤਰ ਪ੍ਰੇਰਕ): ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਫਤਹਿ ਸਿੰਘ ਬਾਦਲ ਨੇ ਕਿਹਾ ਕਿ ਕੇਂਦਰੀ ਬਜਟ ਵਿੱਚ ਆਰਥਿਕ ਅਤੇ ਖੇਤੀ ਸੰਕਟਾਂ ਨਾਲ ਜੂਝ ਰਹੇ ਪੰਜਾਬ ਨੂੰ ਪੂਰੀ ਅਣਗੌਲਿਆ ਕੀਤਾ ਗਿਆ ਹੈ। ਬਜਟ ਵਿੱਚ ਪੰਜਾਬ ਦੀ ਬਿਹਤਰੀ ਲਈ ਨਾ ਕੋਈ ਸਨਅਤੀ, ਨਾ ਹੀ ਖੇਤੀ ਨੀਤੀ ਐਲਾਨੀ ਗਈ ਹੈ ਜਦਕਿ ਪੰਜਾਬ ਦਾ ਦੇਸ਼ ਦੀ ਹਰੀ ਕ੍ਰਾਂਤੀ ਅਤੇ ਹਰੇਕ ਸੰਕਟ ਮੌਕੇ ਦੇਸ਼ ਪ੍ਰਤੀ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਪ੍ਰਧਾਨ ਮੰਤਰੀ ਖੇਤੀਬਾੜੀ ਯੋਜਨਾ’ ’ਚ ਮਹਿਜ਼ 100 ਜ਼ਿਲ੍ਹਿਆਂ ਨੂੰ ਸ਼ਾਮਲ ਕੀਤੇ ਜਾਣ ਤੋਂ ਉੱਠ ਦੇ ਮੂੰਹ ਜ਼ੀਰੇ ਦੇ ਸਮਾਨ ਹੈ ਜਦਕਿ ਸਮੁੱਚੇ ਦੇਸ਼ ਵਿੱਚ ਕਰੀਬ 788 ਜ਼ਿਲ੍ਹੇ ਹਨ ਅਤੇ ਆਬਾਦੀ ਦਾ ਕਰੀਬ 65 ਫ਼ੀਸਦੀ ਹਿੱਸਾ ਸਿੱਧੇ-ਅਸਿੱਧੇ ਤੌਰ ’ਤੇ ਕਿਸਾਨੀ ’ਤੇ ਨਿਰਭਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਜਿਹੇ ਵਿੱਚ ਪੰਜਾਬ ਸਣੇ ਹੋਰਨਾਂ ਸੂਬਿਆਂ ਦੇ ਕਰੋੜਾਂ ਕਿਸਾਨਾਂ ਨੂੰ ਅਣਗੌਲਿਆ ਕਰਕੇ ਸਿਰਫ਼ 1.7 ਕਰੋੜਾਂ ਕਿਸਾਨਾਂ ਤੱਕ ਸੀਮਤ ਰੱਖੇ ਜਾਣ ਤੋਂ ਐਨਡੀਏ ਸਰਕਾਰ ਦੀ ਕਿਸਾਨੀ ਵਿਰੋਧੀ ਨੀਤੀ ਖੁੱਲ ਕੇ ਸਾਹਮਣੇ ਆ ਗਈ ਹੈ।

ਨਵਦੀਪ ਜੀਦਾ।

ਭਾਜਪਾ ਨੇ ਪੰਜਾਬ ਨਾਲ ਧ੍ਰੋਹ ਕਮਾਇਆ: ਜੀਦਾ

ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ਸ਼ੂਗਰਫ਼ੈੱਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅੱਜ ਪੇਸ਼ ਕੀਤੇ ਗਏ ਬਜਟ ਵਿੱਚ ਭਾਜਪਾ ਨੇ ਪੰਜਾਬ ਰਾਜ ਨੂੰ ਹਾਸ਼ੀਏ ’ਤੇ ਰੱਖ ਕੇ ਖੁਦ ਨੂੰ ਇੱਕ ਵਾਰ ਫਿਰ ਪੰਜਾਬ ਵਿਰੋਧੀ ਹੋਣ ਦਾ ਪ੍ਰਮਾਣ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਜਟ ਵਿਚ ਜਿੱਥੇ ਹੋਰ ਸੂਬਿਆਂ ਲਈ ਵੱਡੇ ਐਲਾਨ ਕਰਦਿਆਂ ਖਾਸ ਤੋਹਫ਼ੇ ਦਿੱਤੇ ਗਏ, ਉੱਥੇ ਆਰਥਿਕਤਾ ਦੀ ਲੜਾਈ ਲੜਦਿਆਂ ਸ਼ਹਾਦਤਾਂ ਪਾਉਣ ਵਾਲੇ ਪੰਜਾਬੀਆਂ ਦੇ ਕਿਸੇ ਵੀ ਵਰਗ ਲਈ ਕੇਂਦਰ ਸਰਕਾਰ ਨੇ ਕੱਖ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਪੰਜਾਬੀਆਂ ਨੂੰ ਨਫ਼ਰਤ ਕਰਦੀ ਹੈ ਅਤੇ ਪੰਜਾਬ ਨੂੰ ਹਰ ਪੱਖੋਂ ਖੋਰਾ ਲਾ ਕੇ, ਖ਼ਤਮ ਕਰਨਾ ਚਾਹੁੰਦੀ ਹੈ। ਚੇਅਰਮੈਨ ਜੀਦਾ ਨੇ ਕਿਹਾ ਕਿ ਮੋਦੀ ਸਰਕਾਰ ਪੰਜਾਬ ਨਾਲ ਦਗਾ ਕਮਾ ਕੇ ਕਾਰਪੋਰੇਟ ਘਰਾਣਿਆਂ ਨੂੰ ਸਿੱਧੇ ਅਸਿੱਧੇ ਤੌਰ ’ਤੇ ਫਾਇਦੇ ਦੇ ਰਹੀ ਹੈ।

ਪ੍ਰਿੰਸੀਪਲ ਬੱਗਾ ਸਿੰਘ

ਸਿੱਖਿਆ ਤੇ ਵਾਤਾਵਰਨ ਲਈ ਬਜਟ ਨਿਰਾਸ਼ਾਜਨਕ: ਪ੍ਰਿੰਸੀਪਲ

ਬਠਿੰਡਾ (ਪੱਤਰ ਪ੍ਰੇਰਕ): ਜਮਹੂਰੀ ਅਧਿਕਾਰ ਸਭਾ ਦੇ ਆਗੂ ਤੇ ਸੇਵਾਮੁਕਤ ਪ੍ਰਿੰਸੀਪਲ ਬੱਗਾ ਸਿੰਘ ਨੇ ਅੱਜ ਸੰਸਦ ਵਿੱਚ ਪੇਸ਼ ਹੋਏ ਕੇਂਦਰੀ ਬਜਟ ਨੂੰ ਸਿੱਖਿਆ ਤੇ ਵਾਤਾਵਰਨ ਖੇਤਰ ਲਈ ਬੇਹੱਦ ਨਿਰਾਸ਼ਾਜਨਕ ਤੇ ਮੁਨਾਫਾਖੋਰਾਂ ਲਈ ਫਾਇਦੇਮੰਦ ਦਸਦਿਆਂ ਇਸ ’ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਜੋ ਕਿ ਸਿੱਖਿਆ ਖੇਤਰ ਨੂੰ ਵਪਾਰੀਕਰਨ ਦੇ ਹਵਾਲੇ ਕਰਦੀ ਹੈ। ਉਸ ਨੂੰ ਇੰਨ-ਬਿੰਨ ਹੀ ਰੱਖਿਆ ਗਿਆ ਹੈ। ਗਰੀਬਾਂ ਦੇ ਬੱਚਿਆਂ ਲਈ ਵਜ਼ੀਫਾ ਸਕੀਮ ’ਚ ਕੋਈ ਵਾਧਾ ਜਾਂ ਫਿਰ ਉਨ੍ਹਾਂ ਲਈ ਮੁਫਤ ਵਿਦਿਆ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੰਗਲਾਂ ਦੀ ਕਟਾਈ ਕਰਕੇ ਵਾਤਾਵਰਨ ਪਹਿਲਾਂ ਨਾਲੋਂ ਪ੍ਰਦੂਸ਼ਿਤ ਹੋਇਆ ਹੈ ਅਤੇ ਇਸ ਦਾ ਮਨੁੱਖਾਂ ’ਤੇ ਮਾੜਾ ਸਿਰ ਪਿਆ ਹੈ। ਇਸ ਦੇ ਸੁਧਾਰ ਲਈ ਕੋਈ ਠੋਸ ਵਿਉਂਤ ਨਹੀਂ ਲਿਆਂਦੀ ਗਈ। ਪ੍ਰਦੂਸ਼ਿਤ ਹੋਏ ਨਦੀਆਂ ਨਾਲੇ ਅਤੇ ਸ਼ਹਿਰਾਂ ਦੇ ਸੀਵਰੇਜ ਸਿਸਟਮ ਨੂੰ ਬਿਹਤਰ ਬਣਾਉਣ ਲਈ ਵੀ ਕੋਈ ਬਹੁਤਾ ਬਜਟ ਰੱਖਿਆ ਨਹੀਂ ਰੱਖਿਆ ਗਿਆ ਉਲਟਾ ਰੱਖਿਆ ਬਜਟ ਵਿੱਚ 60 ਹਜਾਰ ਕਰੋੜ ਦਾ ਵਾਧਾ ਕਰ ਦਿੱਤਾ ਗਿਆ ਹੈ।

ਮਨਜੀਤ ਸਿੰਘ ਧਨੇਰ।

ਕੇਂਦਰ ਸਰਕਾਰ ਦਾ ਬਜਟ ਕਿਸਾਨ ਵਿਰੋਧੀ: ਧਨੇਰ

ਮਹਿਲਕਲਾਂ (ਨਿੱਜੀ ਪੱਤਰ ਪ੍ਰੇਰਕ): ਬੀਜੇਪੀ ਦੀ ਮੋਦੀ ਸਰਕਾਰ ਵਲੋਂ ਪੇਸ਼ ਕੀਤੇ ਕੇਂਦਰੀ ਬਜਟ ਨੂੰ ਭਾਰਤੀ ਕਿਸਾਨ ਯੂਨੀਤਨ ਏਕਤਾ ਡਕੌਂਦਾ (ਧਨੇਰ) ਨੇ ਕਿਸਾਨ ਵਿਰੋਧੀ ਕਰਾਰ ਦਿੱਤਾ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਧਨੇਰ ਨੇ ਕਿ ਕਿਹਾ ਕਿ ਮੁਲਕ ਦੀ ਅੱਧੀ ਤੋਂ ਵੱਧ 65 ਫ਼ੀਸਦੀ ਵਸੋਂ ਹਾਲੇ ਵੀ ਖੇਤੀ ਉੱਪਰ ਨਿਰਭਰ ਹੈ। ਪੈਦਾਵਾਰ ਵਿੱਚ ਖੇਤੀ ਖੇਤਰ ਦੀ 16 ਫੀਸਦੀ ਵਾਧੇ ਦੀ ਦਰ ਹੈ ਪਰ ਖੇਤੀ ਖੇਤਰ ਲਈ ਦੇ ਬਜਟ ਵਿੱਚ ਕੇਵਲ 1.52 ਲੱਖ ਕਰੋੜ ਰੁਪਏ ਰੱਖੇ ਗਏ ਸਨ। ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ 3 ਲੱਖ ਤੋਂ 5 ਲੱਖ ਰੁਪਏ ਦੇ ਕਰੈਡਿਟ ਕਾਰਡ ਕਰਜ਼ਾ ਦੇਣ ਦਾ ਲਾਲੀਪੌਪ ਦੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਡਾ. ਸਵਾਮੀਨਾਥਨ ਕਮਿਸ਼ਨ ਅਤੇ ਰਾਮ ਚੰਦ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਸੀ-2+50 ਫੀਸਦੀ ਮੁਨਾਫ਼ਾ ਜੋੜ ਕੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਵਾਅਦੇ ਰਫ਼ੂ ਚੱਕਰ ਹੋ ਗਏ ਹਨ। ਇਸੇ ਤਰ੍ਹਾਂ ਕਿਸਾਨਾਂ-ਮਜ਼ਦੂਰਾਂ ਦੇ ਕਰਜ਼ ਮੁਆਫ਼ੀ ਦੂਰ ਦੀ ਕੌਡੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਕੇਂਦਰੀ ਬਜਟ ਨੇ ਖੇਤੀ ਖੇਤਰ ਨੂੰ ਵਿਸਾਰ ਦਿੱਤਾ ਹੈ।

Advertisement
Advertisement
Author Image

Parwinder Singh

View all posts

Advertisement