ਕੇਂਦਰੀ ਨੀਤੀਆਂ ਨੇ ਸਹਾਇਕ ਖੇਤੀਬਾੜੀ ਨੂੰ ਸੱਟ ਮਾਰੀ: ਬਾਜਵਾ

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਜਨਵਰੀ
ਫਿੱਕੀ ਅਤੇ ਨਾਬਾਰਡ ਦੇ ਲਾਈਵਲੀਹੁੱਡ ਫੋਰਮ-2020 ਵੱਲੋਂ ਕਰਵਾਈ ਗਈ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅੱਜ ਪੰਜਾਬ ਦੇ ਪੇਂਡੂ ਵਿਕਾਸ ਤੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੋਟਬੰਦੀ, ਜੀਐੱਸਟੀ ਅਤੇ ਸੀਏਏ ਜਿਹੀਆਂ ਨੀਤੀਆਂ ਨੇ ਸਹਾਇਕ ਖੇਤੀਬਾੜੀ ਦੇ ਧੰਦੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਜਿਸ ਕਰਕੇ ਸਹਾਇਕ ਖੇਤੀਬਾੜੀ ਨਾਲ ਜੁੜੇ ਕਿਸਾਨਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਬਾਵਜੂਦ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਬਚਾਉਣ ਲਈ ਸਹਾਇਕ ਖੇਤੀਬਾੜੀ ਧੰਦਿਆਂ ਨੂੰ ਵਿਕਸਤ, ਮਜਬੂਤ ਅਤੇ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ। ਮੰਤਰੀ ਨੇ ਸਹਾਇਕ ਖੇਤੀਬਾੜੀ ਦੀ ਸਫ਼ਲਤਾ ਲਈ ਅੰਤਰਰਾਸ਼ਟਰੀ ਓਪਨ ਮਾਰਕੀਟ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਿਨਾਂ ਕਿਸੇ ਰੋਕ ਦੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਆਪਣੇ ਉਤਪਾਦ ਵੇਚਣ ਦੀ ਖੁੱਲ੍ਹ ਦਿੱਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਸਹਾਇਕ ਖੇਤੀਬਾੜੀ ਸਬੰਧੀ ਨੀਤੀਆਂ ਤਿਆਰ ਕਰਨ ਸਮੇਂ ਕਿਸਾਨਾਂ ਦੀਆਂ ਸਮੱਸਿਆਵਾਂ ਧਿਆਨ ਵਿੱਚ ਰੱਖਣੀਆਂ ਬਹੁਤ ਜ਼ਰੂਰੀ ਹਨ। ਕਿਸਾਨਾਂ ਨੂੰ ਆਪਣੇ ਉਤਪਾਦਾਂ ਦਾ ਮੁੱਲ ਬਹੁਤ ਘੱਟ ਮਿਲਦਾ ਹੈ ਪਰ ਉਪਭੋਗਤਾਵਾਂ ਨੂੰ ਉਸ ਦਾ ਮੁੱਲ ਕਾਫ਼ੀ ਉਤਾਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਹ ਪਾੜਾ ਪੂਰਨ ਦੀ ਲੋੜ ਹੈ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਾਂ ਦੀ ਸਹੀ ਕੀਮਤ ਮਿਲ ਸਕੇ। ਇਹ ਖੇਤੀਬਾੜੀ ਸਹਾਇਕ ਧੰਦਿਆਂ ਨੂੰ ਲਾਭਦਾਇਕ ਬਣਾਉਣ ਵਿੱਚ ਕਾਫ਼ੀ ਸਹਾਈ ਹੋਵੇਗਾ।
ਮੰਤਰੀ ਨੇ ਕਿਹਾ ਕਿ ਖੇਤੀਬਾੜੀ ਸਹਾਇਕ ਧੰਦੇ ਵਿਕਸਿਤ ਕਰਨ ਲਈ ਨਾਬਾਰਡ ਨੂੰ ਕੁਦਰਤੀ ਆਫ਼ਤਾਂ, ਕਿਸੇ ਬਿਮਾਰੀ ਕਰਕੇ ਫ਼ਸਲਾਂ ਦਾ ਨੁਕਸਾਨ ਜਾਂ ਪਸ਼ੂਆਂ ਦੀ ਮੌਤ ਦਾ ਨੁਕਸਾਨ ਵੀ ਸਹਿਣਾ ਚਾਹੀਦਾ ਹੈ। ਰਸਾਇਣਕ ਖਾਦਾਂ ਦੀ ਜ਼ਿਆਦਾ ਵਰਤੋਂ ਅਤੇ ਧਰਤੀ ਹੇਠਲੇ ਪਾਣੀ ਦੇ ਘੱਟਦੇ ਪੱਧਰ ਕਾਰਨ ਪੰਜਾਬ ਦੀ ਧਰਤੀ ਬੰਜਰ ਹੁੰਦੀ ਜਾ ਰਹੀ ਹੈ। ਇਸ ਨਾਲ ਕਿਸਾਨਾਂ ਲਈ ਹੋਰ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਇਸ ਲਈ ਪੰਜਾਬ ਨੂੰ ਬਰਸਾਤੀ ਪਾਣੀ ਜਮ੍ਹਾਂ ਕਰਨ ਲਈ ਤਕਨੀਕਾਂ ਵਿਕਸਿਤ ਕਰਨੀਆਂ ਚਾਹੀਦੀਆਂ ਹਨ ਅਤੇ ਪਾਣੀ ਦੀ ਬਰਬਾਦੀ ਰੋਕਣੀ ਚਾਹੀਦੀ ਹੈ। ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਸਕੱਤਰ ਰਾਜ ਕਮਲ ਚੌਧਰੀ, ਕਮਿਸ਼ਨਰ ਖੇਤੀਬਾੜੀ ਡਾ. ਬਲਵਿੰਦਰ ਸਿੰਘ ਸਿੱਧੂ, ਨਾਬਾਰਡ ਦੇ ਚੀਫ਼ ਜਨਰਲ ਮੈਨੇਜਰ ਜੇਪੀ.ਐੱਸ ਬਿੰਦਰਾ ਅਤੇ ਫਿੱਕੀ ਦੇ ਰੀਜਨਲ ਹੈੱਡ ਜੀਬੀ ਸਿੰਘ ਹਾਜ਼ਰ ਸਨ।