ਨਿੱਜੀ ਪੱਤਰ ਪ੍ਰੇਰਕਲੁਧਿਆਣਾ, 15 ਅਪਰੈਲਵੱਖ-ਵੱਖ ਥਾਵਾਂ ’ਤੇ ਹੋਏ ਲੜਾਈ-ਝਗੜਿਆਂ ਅਤੇ ਕੁੱਟਮਾਰ ਦੇ ਸਿਲਸਿਲੇ ਵਿੱਚ ਪੁਲੀਸ ਵੱਲੋਂ ਔਰਤ ਸਮੇਤ 31 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।ਥਾਣਾ ਦੁੱਗਰੀ ਦੇ ਇਲਾਕੇ ਕੰਚਨ ਕਲੋਨੀ ਪੱਖੋਵਾਲ ਰੋਡ ਸਥਿਤ ਹੋਟਲ ਯੂਨੀਕ ਵਿੱਚ ਤਿੰਨ ਵਿਅਕਤੀਆਂ ਨੂੰ ਬੰਦੀ ਬਣਾ ਕੇ ਕੁੱਟਮਾਰ ਕਰਨ ਦੇ ਦੋਸ਼ ਤਹਿਤ ਪੁਲੀਸ ਵੱਲੋਂ ਹੋਟਲ ਮਾਲਕ ਸਮੇਤ 27 ਜਣਿਆਂ ਖ਼ਿਲਾਫ਼ ਵੱਖ- ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਹੱਲਾ ਆਨੰਦਪੁਰੀ ਕਲੋਨੀ ਨੂਰ ਵਾਲਾ ਰੋਡ ਵਾਸੀ ਦੀਪਕ ਸ਼ਰਮਾ ਦੋਸਤ ਰਮਨ ਗੁਲਾਟੀ ਦੀ ਲੜਾਈ ਹੋਟਲ ਯੂਨੀਕ ਵਿੱਚ ਹੋਈ ਸੀ। ਰਮਨ ਗੁਲਾਟੀ ਦੇ ਬੁਲਾਉਣ ’ਤੇ ਉਹ ਗੱਲਬਾਤ ਕਰਨ ਸਬੰਧੀ ਤਿੰਨ ਜਣੇ ਹੋਟਲ ਯੂਨੀਕ ਪਹੁੰਚੇ ਤਾਂ ਹੋਟਲ ਵਾਲਿਆਂ ਨੇ ਅੰਦਰੋਂ ਹੋਟਲ ਨੂੰ ਤਾਲਾ ਲਗਾ ਦਿੱਤਾ। ਇਸ ਦੌਰਾਨ ਹੋਟਲ ਮਾਲਕ, ਗਿੱਲ ਤੇ 25 ਦੇ ਕਰੀਬ ਹੋਰ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰਕੇ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕੀਤੀ ਅਤੇ ਉਸਦਾ ਪਰਸ ਜਿਸ ਵਿੱਚ ਜ਼ਰੂਰੀ ਦਸਤਾਵੇਜ਼ ਅਤੇ 30-35 ਹਜ਼ਾਰ ਰੁਪਏ ਸਮੇਤ ਹੋਰ ਜ਼ਰੂਰੀ ਕਾਗਜ਼ਾਤ ਸਨ ਅਤੇ ਗੱਡੀ ਦੀ ਚਾਬੀ ਖੋਹ ਲਈ। ਥਾਣੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਯੁਨੀਕ ਹੋਟਲ ਦੇ ਮਾਲਕ, ਉਸਦੇ ਸਾਥੀ ਗਿੱਲ ਅਤੇ 25 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।ਇਸੇ ਤਰ੍ਹਾਂ ਥਾਣਾ ਮੋਤੀ ਨਗਰ ਦੇ ਇਲਾਕੇ ਵਿੱਚ ਮੋਟਰਸਾਈਕਲ ਦੀ ਟੱਕਰ ਨੂੰ ਲੈ ਕੇ ਹੋਈ ਲੜਾਈ ਅਤੇ ਕੁੱਟਮਾਰ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਇੱਕ ਔਰਤ ਸਮੇਤ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਆਸ਼ਿਆਨਾ ਕਲੋਨੀ, ਰਾਮ ਨਗਰ ਵਾਸੀ ਜਗਰੂਪ ਸਿੰਘ ਆਪਣੇ ਮੋਟਰਸਾਈਕਲ ਸਪਲੈਂਡਰ ’ਤੇ ਜਾ ਰਿਹਾ ਸੀ ਤਾਂ ਸ਼ੀਤਲਾ ਮਾਤਾ ਮੰਦਰ ਦੇ ਪਾਸ ਉਸਦਾ ਮੋਟਰਸਾਈਕਲ ਸੁਖਕਰਨ ਸਿੰਘ ਦੇ ਮੋਟਰਸਾਈਕਲ ਨਾਲ ਟਕਰਾ ਗਿਆ। ਇਸ ’ਤੇ ਸੁਖਕਰਨ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲਕੇ ਉਸਦੀ ਕੁੱਟਮਾਰ ਕੀਤੀ ਅਤੇ ਜੇਬ ਵਿੱਚੋਂ 3 ਹਜ਼ਾਰ ਰੁਪਏ, ਚਾਂਦੀ ਦੀ ਚੇਨ, ਸੋਨੇ ਦੀਆਂ ਵਾਲੀਆਂ ਅਤੇ ਮੋਬਾਈਲ ਖੋਹਕੇ ਫ਼ਰਾਰ ਹੋ ਗਏ। ਥਾਣੇਦਾਰ ਅਜਮੇਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਜਮਾਲਪਰ ਕਲੋਨੀ ਵਾਸੀਆਨ ਸੁਖਕਰਨ ਸਿੰਘ, ਸੰਨੀ, ਰਾਣੀ, ਮਨੀ, ਅਮਨ ਅਤੇ ਸੈਫੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।