ਕੁੱਝ ਲੋਕ ਬੋਲ ਰਹੇ ਨੇ ‘ਸ਼ਹਿਰੀ ਨਕਸਲੀਆਂ’ ਦੀ ਭਾਸ਼ਾ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਕੁੱਝ ਲੋਕ ਖੁੱਲ੍ਹੇਆਮ ਸ਼ਹਿਰੀ ਨਕਸਲੀਆਂ ਦੀ ਭਾਸ਼ਾ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਖ਼ਿਲਾਫ਼ ‘ਜੰਗ ਦਾ ਐਲਾਨ’ ਕਰਨ ਵਾਲੇ ਲੋਕ ਨਾ ਤਾਂ ਸੰਵਿਧਾਨ ਨੂੰ ਸਮਝ ਸਕਦੇ ਹਨ ਅਤੇ ਨਾ ਹੀ ਦੇਸ਼ ਦੀ ਏਕਤਾ ਨੂੰ।
ਪ੍ਰਧਾਨ ਮੰਤਰੀ ਮੋਦੀ ਨੇ ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਨ ’ਤੇ ਲਿਆਂਦੇ ਧੰਨਵਾਦੀ ਮਤੇ ’ਤੇ ਚਰਚਾ ਦਾ ਜਵਾਬ ਦਿੰਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਕਈ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਜੋ ਲੋਕ ਆਪਣੇ ਮਨੋਰੰਜਨ ਲਈ ਗਰੀਬਾਂ ਦੀਆਂ ਝੌਂਪੜੀਆਂ ਵਿਚ ਜਾ ਕੇ ਫੋਟੋਆਂ ਖਿਚਵਾਉਂਦੇ ਹਨ, ਉਨ੍ਹਾਂ ਨੂੰ ਸੰਸਦ ਵਿਚ ਗ਼ਰੀਬਾਂ ਦੀਆਂ ਗੱਲਾਂ ਬੋਰਿੰਗ (ਉਭਾਊ) ਹੀ ਲੱਗਣਗੀਆਂ।
ਉਨ੍ਹਾਂ ਕਿਹਾ ਕਿ ਪਹਿਲਾਂ ਅਖ਼ਬਾਰਾਂ ਦੀਆਂ ਸੁਰਖੀਆਂ ਘੁਟਾਲਿਆਂ ਅਤੇ ਭ੍ਰਿਸ਼ਟਾਚਾਰ ਨਾਲ ਸਬੰਧਤ ਹੁੰਦੀਆਂ ਸਨ ਪਰ ਭਾਜਪਾ ਸਰਕਾਰ ਨੇ ਪਿਛਲੇ ਦਹਾਕੇ ਵਿਚ ਕਰੋੜਾਂ ਰੁਪਏ ਬਚਾਏ ਹਨ ਜਿਨ੍ਹਾਂ ਨੂੰ ਲੋਕਾਂ ਦੀ ਭਲਾਈ ਲਈ ਵਰਤਿਆ ਜਾ ਰਿਹਾ ਹੈ। -ਪੀਟੀਆਈ
ਅਰਵਿੰਦ ਕੇਜਰੀਵਾਲ ਅਤੇ ‘ਆਪ’ ’ਤੇ ਸੇਧਿਆ ਨਿਸ਼ਾਨਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਇੱਕ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ’ਤੇ ਚੁਟਕੀ ਲੈਂਦਿਆਂ ਕਿਹਾ, ‘‘ਕੁੱਝ ਪਾਰਟੀਆਂ ਨੌਜਵਾਨਾਂ ਦੇ ਭਵਿੱਖ ਲਈ ‘ਆਪਦਾ’ (ਆਫ਼ਤ) ਦੀ ਤਰ੍ਹਾਂ ਹਨ।’’ ਮੋਦੀ ਨੇ ਦਾਅਵਾ ਕੀਤਾ ਕਿ ਉਸ ਦੀ ਸਰਕਾਰ ਦੀਆਂ ਯੋਜਨਾਵਾਂ ਨਾਲ ਲੱਖਾਂ ਕਰੋੜ ਰੁਪਏ ਦੀ ਬੱਚਤ ਹੋਈ, ਪਰ ਇਸ ਦੀ ਵਰਤੋਂ ‘ਸ਼ੀਸ਼ਮਹਿਲ’ ਲਈ ਨਹੀਂ, ਸਗੋਂ ਦੇਸ਼ ਬਣਾਉਣ ਲਈ ਕੀਤੀ ਹੈ। ਉਨ੍ਹਾਂ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਮ ਲਏ ਬਿਨਾਂ ਉਸ ’ਤੇ ਵਿਅੰਗ ਕਰਦਿਆਂ ਕਿਹਾ, ‘‘ਕੁੱਝ ਆਗੂਆਂ ਦਾ ਫੋਕਸ ਜਕੂਜ਼ੀ ’ਤੇ, ਸਟਾਈਲਿਸ਼ ਸ਼ਾਵਰ ’ਤੇ ਹੈ, ਪਰ ਸਾਡਾ ਫੋਕਸ ਹਰ ਘਰ ਜਲ ਪਹੁੰਚਾਉਣ ’ਤੇ ਹੈ।’’ ਉਨ੍ਹਾਂ ਕਿਹਾ ਕਿ ਕੁੱਝ ਪਾਰਟੀਆਂ ਨੌਜਵਾਨਾਂ ਦੇ ਭਵਿੱਖ ਲਈ ‘ਆਪਦਾ’ ਵਾਂਗ ਹਨ ਕਿਉਂਕਿ ਉਹ ਚੋਣਾਂ ਸਮੇਂ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕਰਦੀਆਂ ਹਨ, ਪਰ ਉਨ੍ਹਾਂ ਨੂੰ ਕਦੇ ਪੂਰਾ ਨਹੀਂ ਕਰਦੀਆਂ।’’ ਮੋਦੀ ਨੇ ਕਿਹਾ, ‘‘ਕੁੱਝ ਸਰਕਾਰੀ ਸਕੀਮਾਂ ਨਾਲ ਕਾਫ਼ੀ ਬੱਚਤ ਹੋਈ ਹੈ, ਪਰ ਅਸੀਂ ਇਸ ਦੀ ਵਰਤੋਂ ਸ਼ੀਸ਼ ਮਹਿਲ ਉਸਾਰਨ ਲਈ ਨਹੀਂ ਕੀਤੀ।’’