ਕੁੱਖ ’ਚ ਧੀਆਂ ਤੇ ਧਰਤੀ ’ਤੇ ਰੁੱਖਾਂ ਨੂੰ ਬਚਾਉਣਾ ਜ਼ਰੂਰੀ: ਪ੍ਰਨੀਤ ਕੌਰ

ਸਮਾਗਮ ਵਿੱਚ ਸ਼ਿਰਕਤ ਕਰਦੇ ਹੋਏ ਲੋਕ ਸਭਾ ਮੈਂਬਰ ਪ੍ਰਨੀਤ ਕੌਰ।

ਸਰਬਜੀਤ ਸਿੰਘ ਭੰਗੂ
ਪਟਿਆਲਾ, 12 ਅਗਸਤ
ਪਟਿਆਲਾ ਪੁਲੀਸ ਦੇ ਅਧਿਕਾਰੀਆਂ ਦੀਆਂ ਪਤਨੀਆਂ ਵੱਲੋਂ ‘ਕੁੱਖ ਤੇ ਰੁੱਖ ਨੂੰ ਬਚਾਉਣ ਦਾ ਹੋਕਾ’ ਦਿੰਦਿਆਂ ਤੀਆਂ ਤੀਜ ਦੀਆਂ ’ਤੇ ਆਧਾਰਿਤ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ, ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਕਿਹਾ ਕਿ ਜਿਸ ਤਰ੍ਹਾਂ ਸਾਡੇ ਸਮਾਜ ਦੀ ਤਰੱਕੀ ਲਈ ਧੀਆਂ ਦਾ ਹੋਣਾ ਲਾਜ਼ਮੀ ਹੈ, ਉਸੇ ਤਰ੍ਹਾਂ ਸਾਫ਼ ਵਾਤਾਵਰਨ ਲਈ ਰੁੱਖ ਵੀ ਲੋੜੀਂਦੇ ਹਨ। ਇਸ ਲਈ ‘ਕੁੱਖ ’ਚ ਧੀ ਅਤੇ ਧਰਤੀ ’ਤੇ ਰੁੱਖ’ ਬਚਾਉਣ ਲਈ ਹੰਭਲੇ ਮਾਰਨੇ ਪੈਣਗੇ। ਉਨ੍ਹਾਂ ਕਿਹਾ ਕਿ ਔਰਤ ਤੋਂ ਬਿਨਾਂ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਧੀਆਂ ਦੀ ਤਰੱਕੀ ਨਾਲ ਹੀ ਸਮਾਜ ਦੀ ਤਰੱਕੀ ਸੰਭਵ ਹੈ। ਉਨ੍ਹਾਂ ਪੌਦੇ ਲਾਉਣ ਤੇ ਉਨ੍ਹਾਂ ਦੀ ਸੰਭਾਲ ਦਾ ਸੱਦਾ ਦਿੱਤਾ।
ਸਮਾਗਮ ਦੀ ਅਗਵਾਈ ਕਰਦਿਆਂ, ਐੱਸਐੱਸਪੀ ਮਨਦੀਪ ਸਿੰਘ ਸਿੱਧੂ ਦੀ ਪਤਨੀ ਡਾ. ਸੁਖਮੀਨ ਸਿੱਧੂ ਨੇ ਕਿਹਾ ਕਿ ਹਰ ਘਰ ’ਚ ਇੱਕ ਧੀ ਅਤੇ ਰੁੱਖ ਜ਼ਰੂਰ ਹੋਣੇ ਚਾਹੀਦੇ ਹਨ। ਸਮਾਗਮ ਦਾ ਮੁੱਖ ਮੰਤਵ ਪੰਜਾਬੀ ਵਿਰਸੇ ਅਤੇ ਆਪਣੀ ਬੋਲੀ ਤੇ ਆਪਣੇ ਸੱਭਿਆਚਾਰ ਨਾਲ ਜੁੜਨ ਅਤੇ ਇਸ ਨੂੰ ਪ੍ਰਫੁੱਲਤ ਕਰਨਾ ਹੈ। ਇਸ ਮੌਕੇ ਤੀਆਂ ਦੀ ਰਾਣੀ, ਪਟੋਲਾ, ਹੀਰ ਸਲੇਟੀ, ਸਾਵਣ ਤੇ ਭਾਦੋਂ ਗਿੱਧਾ ਗਰੁੱਪ, ਮਾਣ ਮੱਤੀ, ਤੋਰ ਪੰਜਾਬਣ ਦੀ, ਮ੍ਰਿੱਗ ਨੈਣੀ, ਚਿੱਟਿਆਂ ਦੰਦਾਂ ਦਾ ਹਾਸਾ, ਪੰਜਾਬਣਾਂ ਦੇ ਸੁਹੱਪਣ ਦੇ ਮੁਕਾਬਲੇ, ਸਰ੍ਹੋਂ ਦੇ ਕੱਦ ਦੀ ਪੰਜਾਬਣ, ਪੁਰਾਤਣ ਗਹਿਣਿਆਂ ਨਾਲ ਸਜੀ ਪੰਜਾਬਣ, ਸੋਹਣੀ ਸੁਨੱਖੀ ਤੇ ਬਾਗ/ਫੁਲਕਾਰੀ ਤੇ ਵਧੀਆ ਹਾਰ ਸ਼ਿੰਗਾਰ ਆਦਿ ਮੁਕਾਬਲੇ ਕਰਵਾਏ ਗਏ। ਇਸ ਮੌਕੇ ਪਰੰਪਰਾਗਤ ਪਹਿਰਾਵੇ ਤੇ ਭਾਂਡਿਆਂ ਸਮੇਤ ਪੁਰਾਤਨ ਵਸਤਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਦੌਰਾਨ ਪੰਜਾਬ ਰਾਜ ਭਲਾਈ ਬੋਰਡ ਦੇ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ, ਜਸਵਿੰਦਰ ਕੌਰ ਚਹਿਲ, ਸੋਨੀਆ ਤੇ ਮਨਦੀਪ ਗਿੱਲ ਨੇ ਜੱਜਾਂ ਵਜੋਂ ਭੂਮਿਕਾ ਨਿਭਾਈ। ਇਸ ਮੌਕੇ ਰਾਜਕਿਰਨ ਗਿੱਲ, ਪਰਮਜੀਤ ਗਿੱਲ, ਅਨੇਹੂ ਗਰੇਵਾਲ, ਅਨੂ ਰਾਏ, ਰਜਿੰਦਰ ਅਗਰਵਾਲ, ਬਲਵਿੰਦਰ ਸੰਧੂ, .ਡਾ.ਰਵਜੋਤ ਗਰੇਵਾਲ, ਜਸ਼ਨਦੀਪ ਕੌਰ ਤੇ ਰਵਨੀਤ ਰੰਧਾਵਾ ਅਦਿ ਨੇ ਸ਼ਮੂਲੀਅਤ ਕੀਤੀ।