ਕੁਸ਼ਤੀ ਮੁਕਾਬਲਿਆਂ ਦੀਆਂ ਜੇਤੂ ਖਿਡਾਰਨਾਂ ਨੂੰ ਇਨਾਮ ਵੰਡੇ
ਬੀਰਬਲ ਰਿਸ਼ੀ
ਧੂਰੀ, 13 ਅਪਰੈਲ
ਮੁੱਖ ਮੰਤਰੀ ਦਫ਼ਤਰ ਧੂਰੀ ਦੇ ਦੋਵੇਂ ਇੰਚਾਰਜਾਂ ਦਲਵੀਰ ਸਿੰਘ ਢਿੱਲੋਂ ਅਤੇ ਰਾਜਵੰਤ ਸਿੰਘ ਘੁੱਲੀ ਨੇ ਕਹੇਰੂ ਦੇ ਬਾਹਰਵਾਰ ਚਾਰ ਸਾਲਾਂ ਤੋਂ ਚਲਾਈ ਜਾ ਰਹੀ ਕੁਸ਼ਤੀ ਅਕੈਡਮੀ ਵਿੱਚ ‘ਪੰਜਾਬ ਰੈਸਲਿੰਗ ਚੈਂਪੀਅਨਸ਼ਿਪ’ ਦੀਆਂ ਜੇਤੂ ਖਿਡਾਰਨਾਂ ਨੂੰ ਇਨਾਮਾਂ ਦੀ ਵੰਡ ਕੀਤੀ। ਆਗੂਆਂ ਨੇ ਪ੍ਰਬੰਧਕਾਂ ਸਾਬਕਾ ਸਰਪੰਚ ਪਰਗਟ ਸਿੰਘ ਕਹੇਰੂ ਅਤੇ ਵੇਦ ਪ੍ਰਕਾਸ਼ ਦੇ ਉੱਦਮ ਦੀ ਸ਼ਲਾਘਾ ਕੀਤੀ। ਪ੍ਰਬੰਧਕਾਂ ਅਨੁਸਾਰ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਥਾਵਾਂ ਤੋਂ ਲਗਪਗ 200 ਖਿਡਾਰਨਾਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚ ਚਾਰ ਦਰਜਨ ਤੋਂ ਵੱਧ ਖਿਡਾਰਨਾਂ ਮੇਜ਼ਬਾਨ ਅਕੈਡਮੀ ਨਾਲ ਸਬੰਧਤ ਹਨ। ਕੁਸ਼ਤੀ ਖਿਡਾਰਨ ਨਵਰੀਤ ਕੌਰ ਕਹੇਰੂ ਨੇ ਦੱਸਿਆ ਕਿ ਮੇਜ਼ਬਾਨ ਅਕੈਡਮੀ ਵਿੱਚ ਚਾਰ ਸਾਲਾਂ ਤੋਂ ਪ੍ਰਬੰਧਕਾਂ ਦੀ ਪ੍ਰੇਰਣਾ ਸਦਕਾ ਸਖ਼ਤ ਮਿਹਨਤ ਕਰ ਰਹੀ ਹੈ ਜਿਸ ਕਰਕੇ ਉਹ ਪੰਜਾਬ ’ਚੋ ਗੋਲਡ ਮੈਡਲਿਸਟ ਅਤੇ ਨੈਸ਼ਨਲ ਪੱਧਰ ’ਤੇ ਹਿੱਸਾ ਲੈ ਚੁੱਕੀ ਹੈ। ਕਲੱਬ ਪ੍ਰਧਾਨ ਪ੍ਰਗਟ ਸਿੰਘ ਅਤੇ ਵੇਦ ਪ੍ਰਕਾਸ਼ ਨੇ ਮੁੱਖ ਮਹਿਮਾਨਾਂ ਨੂੰ ਅਪੀਲ ਕੀਤੀ ਕਿ ਅਕੈਡਮੀ ਲਈ ਕੋਚ, ਮੈਟ ਅਤੇ ਹਾਲ ਮੁਹੱਈਆ ਕਰਵਾਇਆ ਜਾਵੇ। ਇਸ ਮੌਕੇ ਪਿੰਡ ਦੀ ਸਰਪੰਚ ਬੀਬੀ ਸੰਦੀਪ ਕੌਰ, ਖੇਡ ਪ੍ਰੇਮੀ ਪਰਮਜੀਤ ਸਿੰਘ ਕਹੇਰੂ, ਹਰਜਿੰਦਰ ਸਿੰਘ ਕਾਹਲੋਂ ਅਤੇ ਜਗਦੀਪ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।