ਕੁਰੂਕਸ਼ੇਤਰ ਦੇ ਖਿਡਾਰੀਆਂ ਨੇ ਮੈਰਾਥਨ ’ਚ ਤਿੰਨ ਤਗ਼ਮੇ ਜਿੱਤੇ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 10 ਮਾਰਚ
ਕੁਰੂਕਸ਼ੇਤਰ ਦੇ ਖਿਡਾਰੀਆਂ ਨੇ ਚੰਡੀਗੜ੍ਹ ਵਿੱਚ ਨਰਸੀ ਮੋਨਜੀ ਹਾਫ ਮੈਰਾਥਨ ਵਿੱਚ 3 ਤਗਮੇ ਜਿੱਤ ਕੇ ਹਰਿਆਣਾ ਦਾ ਨਾਂ ਰੋਸ਼ਨ ਕੀਤਾ ਹੈ। ਇਨ੍ਹਾਂ ਖਿਡਾਰੀਆਂ ਨੇ ਵੱਖ ਵੱਖ ਵਰਗਾਂ ਵਿਚ ਤਗਮੇ ਜਿੱਤੇ ਹਨ। ਕੁਰੂਕਸ਼ੇਤਰ ਪੁੱਜਣ ’ਤੇ ਇਨ੍ਹਾਂ ਖਿਡਾਰੀਆਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਅੱਜ ਦਰੋਣਾਚਾਰੀਆ ਸਟੇਡੀਅਮ ਕੁਰੂਕਸ਼ੇਤਰ ਵਿਚ ਬੋਲਦਿਆਂ ਖਿਡਾਰੀ ਵੀਰਭਾਨ ਨੇ ਕਿਹਾ ਹੈ ਕਿ ਨਰਸੀ ਮੋਨਜੀ ਹਾਫ ਮੈਰਾਥਨ 2025 ਦਾ ਤੀਜਾ ਐਡੀਸ਼ਨ 9 ਮਾਰਚ ਨੂੰ ਚੰਡੀਗੜ੍ਹ ਵਿੱਚ ਕਰਵਾਇਆ ਗਿਆ ਸੀ। ਇਸ ਮੈਰਾਥਨ ਵਿੱਚ ਦਰੋਣਾਚਾਰੀਆ ਸਟੇਡੀਅਮ ਦੇ 6 ਖਿਡਾਰੀਆਂ ਨੇ ਹਿੱਸਾ ਲਿਆ ਸੀ ਜਿਸ ਵਿਚ ਤਿੰਨ ਅਥਲੀਟਾਂ ਨੇ ਆਪਣੇ ਆਪਣੇ ਉਮਰ ਵਰਗਾਂ ਵਿੱਚ ਪੁਜੀਸ਼ਨਾਂ ਹਾਸਲ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਸੁਨੀਲ ਕੁਮਾਰ ਕਰਸਾ ਨੇ 35 ਤੋਂ 40 ਉਮਰ ਵਰਗ ਵਿੱਚ 11 ਕਿਲੋਮੀਟਰ ਦੌੜ ਕੇ ਦੂਜਾ ਸਥਾਨ, ਅਮੀਨ ਪਿੰਡ ਦੇ ਸਾਬਕਾ ਸਰਪੰਚ ਪੁਨਰਵਾਸੂ ਨੇ 55 ਤੋਂ 64 ਉਮਰ ਵਰਗ ਵਿਚ 11 ਕਿਲੋਮੀਟਰ ਦੌੜ ਕੇ ਪਹਿਲਾ ਸਥਾਨ, ਡਾ. ਚੰਦਰਪਾਲ ਨੇ ਦੂਜਾ ਸਥਾਨ ਤੇ ਸੁਰਿੰਦਰ ਕੁਮਾਰ ਨੇ 11 ਕਿੱਲੋਮੀਟਰ ਮੈਰਾਥਨ ਦੌੜ ਪੂਰੀ ਕੀਤੀ। ਇਨ੍ਹਾਂ ਸਾਰੇ ਖਿਡਾਰੀਆਂ ਦਾ ਦਰੋਣਾਚਾਰੀਆ ਸਟੇਡੀਅਮ ਵਿੱਚ ਪੁੱਜਣ ’ਤੇ ਪ੍ਰਬੰਧਕਾਂ ਵੱਲੋਂ ਸਵਾਗਤ ਕੀਤਾ ਗਿਆ । ਇਸ ਦੌਰਾਨ ਹੋਰਨਾਂ ਖਿਡਾਰੀਆਂ ਨੂੰ ਵੀ ਉਨ੍ਹਾਂ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ ਗਈ।