ਕੁਰੂਕਸ਼ੇਤਰ ਦੀ ਪਛਾਣ ਯੋਗ ਦੀ ਧਰਤੀ ਵਜੋਂ ਹੋਵੇਗੀ: ਨਾਇਬ ਸੈਣੀ
ਸਰਬਜੋਤ ਸਿੰਘ ਦੁੱਗਲ/ਸਤਨਾਮ ਸਿੰਘ
ਕੁਰੂਕਸ਼ੇਤਰ/ਸ਼ਾਹਬਾਦ ਮਾਰਕੰਡਾ, 8 ਜੂਨ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਕੁਰੂਕਸ਼ੇਤਰ ਨੂੰ ਦੁਨੀਆ ਦੇ ਨਕਸ਼ੇ ਤੇ ਯੋਗ ਦੀ ਧਰਤੀ ਵਜੋਂ ਜਾਣਿਆ ਜਾਵੇਗਾ। ਇੰਨਾ ਹੀ ਨਹੀਂ 21 ਜੂਨ ਨੂੰ ਪੂਰੇ ਸੂਬੇ ਵਿਚ ਇੱਕ ਲੱਖ ਤੋਂ ਵੱਧ ਲੋਕ ਅੰਤਰਰਾਸ਼ਟਰੀ ਯੋਗ ਦਿਵਸ ਵਿੱਚ ਸ਼ਾਮਲ ਹੋਣਗੇ। ਮੁੱਖ ਮੰਤਰੀ ਅੱਜ ਮਲਟੀ ਆਰਟ ਕਲਚਰ ਸੈਂਟਰ ਦੇ ਆਡੀਟੋਰੀਅਮ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੰਸਥਾਵਾਂ ਨਾਲ ਸਮੀਖਿਆ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਦੇਸ਼ ਵਿਚ ਸਫਾਈ ਤੇ ਯੋਗ ਹੋਵੇਗਾ ਤਾਂ ਦੇਸ਼ ਤੇਜ਼ੀ ਨਾਲ ਵਿਕਸਤ ਭਾਰਤ ਵਲ ਵਧੇਗਾ। ਉਨ੍ਹਾਂ ਕਿਹਾ ਕਿ ਕੁਝ ਤਾਕਤਾਂ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਵਲ ਧਕੱਣ ਦੀ ਕੋਸ਼ਿਸ ਕਰ ਰਹੀਆਂ ਹਨ। ਉਨ੍ਹਾਂ ਦੇ ਭਵਿੱਖ ਨੂੰ ਤਬਾਹ ਕਰਨ ਦੀਆਂ ਚਾਲਾਂ ਚਲੀਆਂ ਜਾ ਰਹੀਆਂ ਹਨ। ਇਸ ਨੂੰ ਰੋਕਣ ਲਈ ਯੋਗ ਕਰਨਾ ਪਵੇਗਾ। ਉਨ੍ਹਾਂ ਸ਼ਹਿਰ ਦੇ ਕੌਂਸਲਰਾਂ, ਸਰਪੰਚਾਂ, ਸਮਾਜਿਕ ਤੇ ਧਾਰਮਿਕ ਸੰਗਠਨਾਂ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 21 ਜੂਨ ਨੂੰ ਯੋਗ ਦੇ ਮਹਾਨ ਯੱਗ ਵਿਚ ਆਪਣੀ ਹਾਜ਼ਰੀ ਯਕੀਨੀ ਬਣਾਉਣ। ਇਸ ਮੌਕੇ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ, ਭਾਜਪਾ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਗੋਲਡੀ, ਯੋਗ ਕਮਿਸ਼ਨ ਦੇ ਚੇਅਰਮੈਨ ਜੈ ਦੀਪ ਆਰੀਆ, ਡਿਪਟੀ ਕਮਿਸ਼ਨਰ ਨੇਹਾ ਸਿੰਘ, ਐੱਸਐੱਸਪੀ ਨਿਤੀਸ਼ ਅਗਰਵਾਲ, ਸਰਸਵਤੀ ਬੋਰਡ ਦੇ ਵਾਈਸ ਚੈਅਰਮੈਨ ਧੁੰਮਨ ਸਿੰਘ ਕਿਰਮਚ, ਮਨੀਸ਼ ਕੁਕਰੇਜਾ, ਪਛੜਾ ਵਰਗ ਪ੍ਰਧਾਨ ਰਾਮ ਕੁਮਾਰ ਰੰਬਾ, ਪ੍ਰਦੀਪ ਝਾਂਬ, ਡਾ. ਰੋਸ਼ਨ ਲਾਲ ਮੌਜੂਦ ਸਨ।
ਪਤੰਜਲੀ ਯੋਗਪੀਠ ਦੇ ਅਭਿਆਸੀ ਲੋਕਾਂ ਨੂੰ ਦੇ ਰਹੇ ਨੇ ਯੋਗ ਦਾ ਸੱਦਾ
ਸ਼ਾਹਬਾਦ ਮਾਰਕੰਡਾ: ਕੁਰੂਕਸ਼ੇਤਰ ਦੀ ਡਿਪਟੀ ਕਮਿਸ਼ਨਰ ਨੇਹਾ ਸਿੰਘ ਨੇ ਕਿਹਾ ਹੈ ਕਿ ਯੋਗ ਨਾ ਸਿਰਫ ਸਰੀਰ ਨੂੰ ਤੰਦਰੁਸਤ ਰੱਖਣ ਦਾ ਤਰੀਕਾ ਹੈ, ਸਗੋਂ ਇਹ ਆਤਮਾ, ਮਨ ਤੇ ਸਰੀਰ ਵਿਚਕਾਰ ਸੰਤੁਲਨ ਬਣਾਉਣ ਦਾ ਇਕ ਸ਼ਾਨਦਾਰ ਵਿਗਿਆਨ ਵੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦਾ ਹਰੇਕ ਵਿਅਕਤੀ 21 ਜੂਨ ਨੂੰ ਹੋਣ ਵਾਲੇ ਯੋਗ ਮਹਾਂਕੁੰਭ ਵਿਚ ਆਪਣੀ ਭਾਗੀਦਾਰੀ ਯਕੀਨੀ ਬਣਾਏਗਾ। ਇਸ ਲਈ ਪਤੰਜਲੀ ਯੋਗਪੀਠ ਦੇ ਅਭਿਆਸੀ ਜ਼ਿਲ੍ਹੇ ਦੇ ਪਿੰਡਾਂ, ਸ਼ਹਿਰਾਂ ਤੇ ਵਾਰਡਾਂ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਸੱਦਾ ਦੇ ਰਹੇ ਹਨ। ਪੰਤਾਜਲੀ ਯੋਗ ਪੀਠ ਦੇ ਯੋਗ ਅਭਿਆਸੀਆਂ ਨੇ ਤਹਿਸੀਲ ਪਿਹੋਵਾ ਤੇ ਗੀਤਾ ਮਾਡਲ ਸਕੂਲ ਵਿਚ ਲੋਕਾਂ ਨੂੰ ਯੋਗ ਕਰਾਇਆ।